ਕੋਰੋਨਾਵਾਇਰਸ: ਨਿਊਜ਼ੀਲੈਂਡ ਨੇ ਕਮਿਊਨਿਟੀ ਟਰਾਂਸਮਿਸ਼ਨ ਨਾ ਹੋਣ ਦਾ ਇਤਿਹਾਸਕ ਸੈਂਕੜਾ ਮਾਰਿਆ

ਵੈਲਿੰਗਟਨ, 9 ਅਗਸਤ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ-19 ਦਾ ਅੱਜ ਵੀ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਅਤੇ ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਟਰਾਂਸਮਿਸ਼ਨ ਦੇ ਆਖ਼ਰੀ ਕੇਸ ਨੂੰ ਹੁਣ 100 ਦਿਨ ਪੂਰੇ ਹੋ ਗਏੇ ਹਨ। ਨਿਊਜ਼ੀਲੈਂਡ ਨੇ ਕਮਿਊਨਿਟੀ ਟਰਾਂਸਮਿਸ਼ਨ ਨਾ ਹੋਣ ਦਾ ਇਤਿਹਾਸਕ ਸੈਂਕੜਾ ਮਾਰਿਆ ਹੈ।
ਸਿਹਤ ਮੰਤਰਾਲੇ ਨੇ ਅੱਪਡੇਟ ਕਰਦੇ ਹੋਏ ਦੱਸਿਆ ਕਿ ਦੇਸ਼ ਵਿੱਚ ਕੋਵਿਡ -19 ਦਾ ਅੱਜ ਵੀ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ, ਇਹ ਨਵਾਂ ਕੇਸ ਨਾ ਆਉਣ ਦਾ ਲਗਾਤਾਰ ਚੌਥਾ ਦਿਨ ਹੈ। ਸਿਹਤ ਦੇ ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਨੇ ਟੈੱਸਟ ਕੀਤੇ ਗਏ ਹਰੇਕ ਵਿਅਕਤੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਇਕ ਬਿਆਨ ਵਿੱਚ ਕਿਹਾ ਕਿ ‘ਕਮਿਊਨਿਟੀ ਟਰਾਂਸਮਿਸ਼ਨ ਤੋਂ ਬਿਨਾਂ 100 ਦਿਨ ਪ੍ਰਾਪਤ ਕਰਨਾ ਇਕ ਮਹੱਤਵਪੂਰਨ ਮੀਲ ਪੱਥਰ ਹੈ’।
ਪਰ ਉਨ੍ਹਾਂ ਨੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦੁਆਰਾ ਅੱਜ ਸਵੇਰੇ ਭਾਵਨਾ ਪ੍ਰਗਟ ਕੀਤੀ ਤੇ ਲਾਪਰਵਾਹੀ ਵਿਰੁੱਧ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਵਿਦੇਸ਼ਾਂ ਵਿੱਚ ਵੇਖਿਆ ਹੈ ਕਿ ਵਾਇਰਸ ਕਿੰਨੀ ਤੇਜ਼ੀ ਨਾਲ ਦੁਬਾਰਾ ਉੱਭਰ ਸਕਦਾ ਹੈ ਅਤੇ ਉਨ੍ਹਾਂ ਥਾਵਾਂ ‘ਤੇ ਫੈਲ ਸਕਦਾ ਹੈ ਜਿੱਥੇ ਪਹਿਲਾਂ ਇਸ ਦਾ ਨਿਯੰਤਰਣ ਹੁੰਦਾ ਸੀ ਅਤੇ ਸਾਨੂੰ ਨਿਊਜ਼ੀਲੈਂਡ ਵਿੱਚ ਭਵਿੱਖ ਵਿੱਚ ਹੋਣ ਵਾਲੇ ਕਿਸੇ ਵੀ ਕੇਸ ਨੂੰ ਜਲਦੀ ਤੋਂ ਠੀਕ ਕਰਨ ਦੇ ਲਈ ਤਿਆਰ ਰਹਿਣ ਦੀ ਲੋੜ ਹੈ।
ਹਾਲ ਹੀ ਵਿੱਚ ਵਿਕਟੋਰੀਆ, ਹਾਂਗ ਕਾਂਗ ਅਤੇ ਵੀਅਤਨਾਮ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ ਵਾਧਾ ਵੇਖਿਆ ਗਿਆ ਹੈ, ਉਹ ਸਾਰੇ ਖੇਤਰ ਜਿਨ੍ਹਾਂ ‘ਚ ਪਹਿਲਾਂ ਕੋਵਿਡ -19 ਦਾ ਪ੍ਰਭਾਵ ਸੀ।।
ਸਿਹਤ ਮੰਤਰਾਲੇ ਨੇ ਕਿਹਾ ਕਿ ਐਕਟਿਵ ਕੇਸਾਂ ਦੀ ਹੁਣ ਕੁੱਲ ਗਿਣਤੀ 23 ਉੱਤੇ ਹੀ ਹੈ ਤੇ ਦੇਸ਼ ਵਿੱਚ ਕੰਨਫ਼ਰਮ ਕੇਸਾਂ ਦੀ ਗਿਣਤੀ 1219 ਹੀ ਹੈ। ਨਿਊਜ਼ੀਲੈਂਡ ਵਿੱਚ ਕਮਿਊਨਿਟੀ ਟਰਾਂਸਮਿਸ਼ਨ ਦੇ ਆਖ਼ਰੀ ਕੇਸ ਦੇ ਸਬੂਤ ਨੂੰ 100 ਦਿਨ ਹੋ ਗਏ ਹਨ। ਕੋਵਿਡ -19 ਦਾ ਕਮਿਊਨਿਟੀ ‘ਚ ਫੈਲਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਕੱਲ੍ਹ 4,249 ਟੈੱਸਟ ਕੀਤੇ ਗਏ ਅਤੇ 542 ਟੈੱਸਟ ਮੈਨੇਜਡ ਆਈਸੋਲੇਸ਼ਨ ਅਤੇ ਕੁਆਰੰਟੀਨ ਵਿੱਚੋਂ ਵੀ ਕੀਤੇ ਗਏ। ਜਿਸ ਨਾਲ ਦੇਸ਼ ਵਿੱਚ ਪੂਰੇ ਕੀਤੇ ਗਏ ਕੁੱਲ ਟੈੱਸਟਾਂ ਦੀ ਗਿਣਤੀ 494,481 ਹੋ ਗਈ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਹਾਲੇ ਅਲਰਟ ਲੈਵਲ 1 ਦੌਰਾਨ ਲੋਕਾਂ ਲਈ ਪਬਲਿਕ ਵਿੱਚ ਮਾਸਕ ਪਾਉਣਾ ਜ਼ਰੂਰੀ ਨਹੀਂ ਹੈ ਕਿਉਂਕਿ ਕੋਵਿਡ -19 ਦਾ ਕਮਿਊਨਿਟੀ ‘ਚ ਫੈਲਣ ਦਾ ਕੋਈ ਸਬੂਤ ਨਹੀਂ ਹੈ। ਮਾਸਕ ਸਭ ਤੋਂ ਵੱਧ ਫ਼ਾਇਦੇਮੰਦ ਉਸ ਵੇਲੇ ਹੋਣਗੇ ਜਦੋਂ ਕੋਵਿਡ -19 ਕਮਿਊਨਿਟੀ ‘ਚ ਮੌਜੂਦ ਹੋਵੇਗਾ ਅਤੇ ਲੋਕੀ ਉਨ੍ਹਾਂ ਹਾਲਤਾਂ ਵਿੱਚ ਹੋਣ ਜਿੱਥੇ ਉਹ ਇੱਕ ਦੂਜੇ ਦੇ ਨੇੜੇ ਹੋਣ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਕੁੱਲ ਮਿਲਾ ਕੇ 1569 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹੀ ਹਨ। ਜਿਨ੍ਹਾਂ ਵਿੱਚੋਂ 1,219 ਕੰਨਫ਼ਰਮ ਤੇ 350 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 1524 ਹੀ ਹੈ। ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ਦੀ ਕੁੱਲ ਗਿਣਤੀ ਹੁਣ 23 ਹੈ ਅਤੇ ਸਾਰੇ ਹੀ ਮੈਨੇਜਡ ਆਈਸੋਲੇਸ਼ਨ ਤੇ ਕੁਆਰੰਟੀਨ ਸਹੂਲਤਾਂ ਵਿੱਚ ਹਨ। ਨਿਊਜ਼ੀਲੈਂਡ ਵਿੱਚ ਕੋਈ ਵੀ ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਦਾਖ਼ਲ ਨਹੀਂ ਹੈ। ਮੌਤਾਂ ਦੀ ਗਿਣਤੀ 22 ਹੀ ਹੈ।