ਕੋਰੋਨਾਵਾਇਰਸ: ਨਿਊਜ਼ੀਲੈਂਡ ਪੋਸਟ ਦੇ 70 ਕਰਮਚਾਰੀ ਨੇ ਸਾਥੀ ਦੇ ਕੋਵਿਡ ਪਾਜ਼ੇਟਿਵ ਆਉਣ ਤੋਂ ਬਾਅਦ ਸੈਲਫ਼-ਆਈਸੋਲੇਸ਼ਨ ਕੀਤਾ

ਆਕਲੈਂਡ, 22 ਅਗਸਤ – ਐਨਜ਼ੈੱਡ ਪੋਸਟ ਕਰਮਚਾਰੀਆਂ ਦੀ ਇੱਕ ਪੂਰੀ ਟੀਮ ਨੇ ਸਾਵਧਾਨੀ ਦੇ ਤੌਰ ‘ਤੇ ਆਪਣੇ ਆਪ ਨੂੰ ਸੈਲਫ਼-ਆਈਸੋਲੇਸ਼ਨ ਕਰ ਰਹੀ ਹੈ, ਕਿਉਂਕਿ ਉਨ੍ਹਾਂ ਦੇ 2 ਸਹਿਯੋਗੀ ਸਾਥੀਆਂ ਦਾ ਕੋਵਿਡ -19 ਟੈੱਸਟ ਪਾਜ਼ੇਟਿਵ ਆਇਆ ਹੈ।
ਹਾਈਬਰੂਕ ਵਿਖੇ ਕੰਪਨੀ ਦੇ ਆਕਲੈਂਡ ਪਾਰਸਲ ਪ੍ਰੋਸੈਸਿੰਗ ਸੈਂਟਰ ਵਿੱਚ ਇੱਕ ਕਰਮਚਾਰੀ ਨੇ ਅਗਸਤ ਦੇ ਮੱਧ ਵਿੱਚ ਪਾਜ਼ੇਟਿਵ ਟੈੱਸਟ ਕੀਤਾ ਅਤੇ ਇੱਕ ਦੂਸਰੇ ਦਾ 19 ਅਗਸਤ ਦਿਨ ਬੁੱਧਵਾਰ ਨੂੰ ਪਤਾ ਲਗਿਆ।
ਐਨਜ਼ੈੱਡ ਪੋਸਟ ਦੇ ਚੀਫ਼ ਓਪਰੇਟਿੰਗ ਆਫ਼ੀਸਰ ਮਾਰਕ ਸਟੀਵਰਟ ਨੇ ਕਿਹਾ ਕਿ ਸੈਂਟਰ ਵਿੱਚ ਡੇਅ ਸ਼ਿਫ਼ਟ ਵਿੱਚ ਕੰਮ ਕਰਨ ਵਾਲੇ 70 ਲੋਕ ਪੂਰੀ ਤਨਖ਼ਾਹ ‘ਤੇ ਚੱਲੇ ਗਏ ਹਨ। ਸਟੀਵਰਟ ਨੇ ਕਿਹਾ ਕਿ, ‘ਦੇਰ ਰਾਤ ਸਿਹਤ ਅਧਿਕਾਰੀਆਂ ਦੀ ਸਲਾਹ ਤੋਂ ਬਾਅਦ ਪ੍ਰੋਸੈਸਿੰਗ ਡੇਅ ਸ਼ਿਫ਼ਟ ਦੇ ਸਾਡੇ 70 ਲੋਕ ਸ਼ਨੀਵਾਰ 29 ਅਗਸਤ ਤੱਕ ਸੈਲਫ਼-ਆਈਸੋਲੇਸ਼ਨ ਵਿੱਚ ਹਨ। ਆਖ਼ਰੀ ਪ੍ਰਭਾਵਿਤ ਸਟਾਫ਼ ਮੈਂਬਰ 14 ਅਗਸਤ ਨੂੰ ਸਾਈਟ ‘ਤੇ ਸੀ। ਜਦੋਂ ਤੋਂ 2 ਪਾਜ਼ੇਟਿਵ ਟੈੱਸਟ ਆਏ ਹਨ, ਐਨਜ਼ੈੱਡ ਪੋਸਟ ਆਕਲੈਂਡ ਆਪ੍ਰੇਸ਼ਨ ਸੈਂਟਰ ਵਿੱਚ ਕੰਮ ਕਰਨ ਵਾਲੇ 300 ਤੋਂ ਵੱਧ ਲੋਕਾਂ ਦਾ ਟੈੱਸਟ ਕੀਤਾ ਗਿਆ ਹੈ। ਹਾਲਾਂਕਿ ਅਜੇ ਕੋਈ ਵਾਧੂ ਪਾਜ਼ੇਟਿਵ ਟੈੱਸਟ ਨਹੀਂ ਆਏ ਹਨ, ਸਟੀਵਰਟ ਨੇ ਕਿਹਾ ਕਿ ਹੋਰ ਦੋ ਵਿਅਕਤੀ ਬਿਮਾਰ ਹਨ। ਸਿਹਤ ਅਧਿਕਾਰੀਆਂ ਨੇ ਸਲਾਹ ਦਿੱਤੀ ਹੈ ਕਿ ਡੇਅ ਸ਼ਿਫ਼ਟ ਵਿੱਚ ਕੰਮ ਕਰਨ ਵਾਲੇ ਸਾਰੇ ਲੋਕਾਂ ਨੂੰ ਹੁਣ ‘ਕਰੀਬੀ ਸੰਪਰਕ’ ਸਮਝਿਆ ਜਾਣਾ ਚਾਹੀਦਾ ਹੈ।