ਕੋਰੋਨਾਵਾਇਰਸ ਮਹਾਂਮਾਰੀ ‘ਚ ਸ਼ਹੀਦਾਂ ਨੂੰ ਯਾਦ ਕਰਦਿਆਂ – ਅਮਰਜੀਤ ਸਿੰਘ, ਐਡੀਟਰ

ਦੁਨੀਆ ਭਰ ‘ਚ ਕੋਰੋਨਾਵਾਇਰਸ ਮਹਾਂਮਾਰੀ ਦੇ ਕਹਿਰ ਦੇ ਚੱਲਦਿਆਂ ਅੱਜ 25 ਅਪ੍ਰੈਲ ਨੂੰ ਦੇਸ਼ ਵਿੱਚ ਵੱਖਰੇ ਢੰਗ ਨਾਲ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਨਿਊਜ਼ੀਲੈਂਡ ਅਤੇ ਆਸਟਰੇਲੀਆ ਦੇ ਇਤਿਹਾਸ ਵਿੱਚ 25 ਅਪ੍ਰੈਲ ‘ਐਨਜ਼ੈਕ ਡੇ’ ਵਾਲਾ ਦਿਨ ਖ਼ਾਸ ਮਹੱਤਵ ਰੱਖਦਾ ਹੈ, ਗੋਲੀਪਲੀ ਵਿਖੇ ਨਿਊਜ਼ੀਲੈਂਡ ਦੀ ‘ਫ਼ਰਸਟ ਵਰਲਡ ਵਾਰ’ ਵਿੱਚ ਪਹਿਲਾ ਅਹਿਮ ਭੂਮਿਕਾ ਰਹੀ ਸੀ ਤੇ 102 ਸਾਲ ਬੀਤ ਜਾਣ ਦੇ ਬਾਅਦ ਵੀ ਇੱਥੇ ਸ਼ਹਾਦਤ ਪਾਉਣ ਵਾਲੇ ਫ਼ੌਜੀਆਂ ਨੂੰ ਹਰ ਸਾਲ ਯਾਦ ਕੀਤਾ ਜਾਂਦਾ ਹੈ। ਇਸ ਦਿਨ ਸੁਰੱਖਿਆ ਬਲ ਅਤੇ ਫ਼ੌਜ ਦੇ ਤਿੰਨੋਂ ਅੰਗ ਤੁਰਕੀ ਵਿਖੇ ਸ਼ਹੀਦ ਹੋਏ ਫ਼ੌਜੀਆਂ ਨੂੰ ਸ਼ਰਧਾਂਜਲੀ ਦੇਣ ਦੇ ਨਾਲ-ਨਾਲ ਵਤਨ ਵਾਪਸ ਪਰਤੇ ਸਰਵਿਸ ਮੈਨ ਅਤੇ ਵੁਮੈਨ ਦੇ ਸਨਮਾਨ ਵਜੋਂ ਮਨਾਇਆ ਜਾਂਦਾ ਹੈ। 25 ਅਪ੍ਰੈਲ 1915 ਨੂੰ ਦੋਵੇਂ ਦੇਸ਼ਾਂ ਦੀਆਂ ਫ਼ੌਜਾਂ ‘ਗੈਲੀਪੋਲੀ’ ਵਿੱਚ ਤੁਰਕੀ ਵਿਖੇ ਡਾਰਡੇਨਿਲਸ, ਬੋਸ਼ਫੋਰਸ ਅਤੇ ਬਲੈਕ ਸੀਅ ‘ਤੇ ਕਬਜ਼ਾ ਕਰਨ ਲਈ ਗਈਆਂ ਸਨ, ਪਰ ਅੰਤ ਵਿੱਚ ਗੈਲੀਪੋਲੀ ਨੂੰ ਮੁੜ ਤੁਰਕੀ ਨੇ ਆਪਣੇ ਕਬਜ਼ੇ ਵਿੱਚ ਹੀ ਲੈ ਲਿਆ। ਇਸ ਜੰਗ ਦੌਰਾਨ ਹਜ਼ਾਰਾਂ ਹੀ ਫ਼ੌਜੀਆਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ। ਇਸ ਜੰਗ ਵਿੱਚ ਤੁਰਕੀ ਦੇ 87,000, ਫਰਾਂਸ ਅਤੇ ਬਰਤਾਨੀਆ ਹਕੂਮਤ ਤੋਂ 44,000, ਆਸਟਰੇਲੀਆ ਅਤੇ ਨਿਊਜ਼ੀਲੈਂਡ ਵੱਲੋਂ 8556 ਫ਼ੌਜੀਆਂ ਨੇ ਹਿੱਸਾ ਲਿਆ ਸੀ। ਜਿਸ ਵਿਚੋਂ ਨਿਊਜ਼ੀਲੈਂਡ ਦੇ 2515 ਫ਼ੌਜੀ ਸ਼ਹੀਦ ਹੋਏ, 4752 ਫ਼ੌਜੀ ਜ਼ਖਮੀ ਅਤੇ 206 ਬਿਮਾਰੀਆਂ ਜਾਂ ਹੋਰ ਕਾਰਨਾਂ ਕਰਕੇ ਸ਼ਹੀਦ ਹੋ ਗਏ। ਹਰ ਸਾਲ 25 ਅਪ੍ਰੈਲ ਵਾਲੇ ਦਿਨ ‘ਗੈਲੀਪੋਲੀ’ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਵਰ੍ਹੇਗੰਢ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ‘ਐਨਜ਼ੈਕ ਡੇ’ ਪਰੇਡ ਕੱਢ ਕੇ ਮਨਾਈ ਜਾਂਦੀ ਹੈ। ਨਿਊਜ਼ੀਲੈਂਡ ਸਰਕਾਰ ਸ਼ਹੀਦ ਫ਼ੌਜੀਆਂ ਨੂੰ ਸ਼ਰਧਾਂਜਲੀ ਦੇਣ ਲਈ ਹਰ ਸਾਲ 25 ਅਪ੍ਰੈਲ ਨੂੰ ਰਾਸ਼ਟਰੀ ਛੁੱਟੀ ਕਰਦੀ ਹੈ। ਸਭ ਤੋਂ ਪਹਿਲੀ ਵਾਰ ‘ਐਨਜ਼ੈਕ ਡੇ’ ਪਹਿਲੀ ਵਾਰ 1916 ਵਿੱਚ ਮਨਾਇਆ ਗਿਆ ਅਤੇ ਜਿਸ ਵਿੱਚ ਸਮੇਂ ਦੇ ਅਨੁਸਾਰ ਕਈ ਤਬਦੀਲੀਆਂ ਹੁੰਦੀਆਂ ਰਹੀਆਂ ਹਨ।
‘ਐਨਜ਼ੈਕ ਡੇ’ ਨੂੰ ਮਨਾਉਣ ਦੇ ਤੌਰ ਤਰੀਕਿਆਂ ਵਿੱਚ ਸਮੇਂ ਦੇ ਨਾਲ ਬਦਲਾਓ ਆਏ ਹਨ। ਜਿੱਥੇ ਪਹਿਲਾਂ ਇਸ ਨੂੰ ਜੰਗ ਦੀ ਮਾਣ ਵਜੋਂ ਮਨਾਇਆ ਜਾਂਦਾ ਸੀ, ਉੱਥੇ ਹੁਣ ਇਸ ਨੂੰ ਸ਼ਾਂਤੀ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਸ਼ਹੀਦਾਂ ਨੂੰ ਯਾਦ ਕਰਨ ਲਈ ਵਾਰ ਮੈਮੋਰੀਅਲ ਵਾਲੀਆਂ ਥਾਵਾਂ ਦੇ ਨਾਲ-ਨਾਲ ਪੂਰੇ ਦੇਸ਼ ਭਰ ਵਿੱਚ ਇਹ ਦਿਹਾੜਾ ਨਿਊਜ਼ੀਲੈਂਡ ਵਾਸੀਆਂ ਵੱਲੋਂ ਹਰ ਸਾਲ ਮਨਾਇਆ ਜਾਂਦਾ ਹੈ ਅਤੇ ਗੈਲੀਪੋਲੀ ਵਿਖੇ ਜੰਗ ਵਿੱਚ ਸ਼ਹੀਦ ਹੋਏ ਫ਼ੌਜੀਆਂ ਨੂੰ ਯਾਦ ਕੀਤਾ ਜਾਂਦਾ ਹੈ। ਇਸ ਸਾਲ ‘ਐਨਜ਼ੈਕ ਡੇ’ 105 ਵਰ੍ਹੇ ਵਿੱਚ ਪ੍ਰਵੇਸ਼ ਕਰ ਗਿਆ ਹੈ। ‘ਐਨਜ਼ੈਕ ਡੇ’ ਦੀ 100ਵੀਂ ਵਰ੍ਹੇਗੰਢ ਮੌਕੇ ਵੈਲਿੰਗਟਨ ਦੇ ਪੀਕਾਹੂ ਨੈਸ਼ਨਲ ਵਾਰ ਮੈਮੋਰੀਅਲ ਪਾਰਕ ਵਿਖੇ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਫ਼ੌਜੀਆਂ ਦੀ ਯਾਦ ਵਿੱਚ ਸਮਾਰਕ ਦਾ ਉਦਘਾਟਨ ਕੀਤਾ ਸੀ। ਸ਼ਹੀਦਾਂ ਹੋਏ ਫ਼ੌਜੀਆਂ ਦਾ ਇਹ ਦਿਹਾੜਾ ਮਨਾਉਣ ਦਾ ਮਕਸਦ ਇਹ ਹੈ ਕਿ ਜਿੱਥੇ ਅਸੀਂ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਂਟ ਕਰਦੇ ਹਾਂ ਉੱਥੇ ਸਾਡੇ ਅੰਦਰ ਦੇਸ਼-ਭਗਤੀ ਅਤੇ ਅਮਨ ਸ਼ਾਂਤੀ ਦਾ ਪੈਗ਼ਾਮ ਦੇਣ ਦੀ ਰੂਹ ਜਿਊਂਦੀ ਰਹਿੰਦੀ ਹੈ। ‘ਐਨਜ਼ੈਕ ਡੇ’ ਵਾਲੇ ਦਿਨ ਸਮਾਗਮਾਂ ਵਿੱਚ ਹਾਜ਼ਰ ਹੋਣ ਵਾਲੇ ਲਗਭਗ ਸਾਰੇ ਲੋਕ ‘ਪੋਪੀ’ ਫੁੱਲ ਲਗਾਉਂਦੇ ਹਨ, ਜੋ ਸ਼ਹੀਦ ਹੋਏ ਫ਼ੌਜੀਆਂ ਨੂੰ ਦਿੱਤੀ ਜਾਣ ਵਾਲੀ ਡੋਨੇਸ਼ਨ ਦਾ ਪ੍ਰਤੀਕ ਹੁੰਦਾ ਹੈ। ਇਸ ਵਰ੍ਹੇ ਪਹਿਲੀ ਵਾਰ ‘ਐਨਜ਼ੈਕ ਡੇ’ ਉੱਤੇ ਪ੍ਰਧਾਨ ਮੰਤਰੀ ਜਸਿੰਡਾ ਆਰਡਰਨ ਤੇ ਦੇਸ਼ ਦੇ ਹੋਰ ਆਗੂਆਂ ਨੇ ਘਰੋਂ ਸ਼ਰਧਾਂਜਲੀ ਭੇਂਟ ਕੀਤੀ।
ਜ਼ਿਕਰਯੋਗ ਹੈ ਕਿ 3 ਅਤੇ 4 ਜੂਨ 1915 ਨੂੰ ਗੈਲੀਪੋਲੀ ਦੀ ਲੜਾਈ ਵਿੱਚ 14ਵੀਂ ਸਿੱਖ ਰੈਜ਼ੀਮੈਂਟਲ ਬਟਾਲੀਅਨ ਦੇ 371 ਸਿੱਖ ਫ਼ੌਜੀ ਸ਼ਹੀਦ ਹੋਏ ਸਨ। ਜਦੋਂ ਕਿ ਪਹਿਲੀ ਅਤੇ ਦੂਜੇ ਵਿਸ਼ਵ ਯੁੱਧ ਸਮੇਂ ਦੀ ਗੱਲ ਕਰੀਏ ਤਾਂ ਬਰਤਾਨੀਆ ਦੀ ਫ਼ੌਜ ਦੀ ਕਮਾਂਡ ਹੇਠ ਕਰੀਬ 83000 ਦਸਤਾਰਧਾਰੀ ਸਿੱਖ ਫ਼ੌਜੀ ਸ਼ਹੀਦ ਹੋਏ ਅਤੇ ਲਗਭਗ 1 ਲੱਖ 9 ਹਜ਼ਾਰ 45 ਸਿੱਖ ਫ਼ੌਜੀ ਜ਼ਖ਼ਮੀ ਹੋਏ ਸਨ। ਇਸ ਲਈ ਭਾਰਤੀ ਤੇ ਖ਼ਾਸ ਕਰਕੇ ਪੰਜਾਬੀ ਭਾਈਚਾਰੇ ਵੱਲੋਂ ਜਿੱਥੇ ‘ਐਨਜ਼ੈਕ ਡੇ’ ਵਾਲੇ ਦਿਨ ਨਿਊਜ਼ੀਲੈਂਡ ਅਤੇ ਆਸਟਰੇਲੀਆ ਦੇ ਸ਼ਹੀਦ ਫ਼ੌਜੀਆਂ ਨੂੰ ਸ਼ਰਧਾਂਜਲੀ ਦੇਣ ਦੇ ਨਾਲ ਨਾਲ ਗੈਲੀਪੋਲੀ ਅਤੇ ਦੋਵੇਂ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਭਾਰਤੀ ਅਤੇ ਸਿੱਖ ਫ਼ੌਜੀਆਂ ਨੂੰ ਵੀ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਜਿਹਾ ਕੇ ਅਸੀਂ ਸਾਰੇ ਹੀ ਭਲੀ-ਭਾਂਤੀ ਜਾਣਦੇ ਹਾਂ ਕਿ ਵਿਸ਼ਵ ਭਰ ਵਿੱਚ ਹੁੰਦੇ ਯੁੱਧ ਕੋਈ ਖ਼ੁਸ਼ੀ ਲੈ ਕੇ ਨਹੀਂ ਆਉਂਦੇ ਹਮੇਸ਼ਾ ਹੀ ਦੁੱਖਾਂ ਦੇ ਪ੍ਰਤੀਕ ਬਣ ਕੇ ਉੱਭਰਨ ਦੇ ਨਾਲ ਵਿਨਾਸ਼ ਅਤੇ ਤਬਾਹੀ ਹੀ ਮਚਾਉਂਦੇ ਹਨ।
ਪਰ ਹੁਣ ਕੋਰੋਨਾਵਾਇਰਸ ਮਹਾਂਮਾਰੀ ਸਾਨੂੰ ‘ਬਾਇਓ ਯੁੱਧ’ ਦਾ ਸੁਨੇਹਾ ਦਿੰਦੀ ਨਜ਼ਰ ਆ ਰਹੀ ਹੈ ਕਿ ਹੁਣ ਫ਼ੌਜਾਂ ਅਤੇ ਹਥਿਆਰਾਂ ਦੀ ਲੋੜ ਨਹੀਂ ਸਿਰਫ਼ ਅਜਿਹੇ ਖ਼ਤਰਨਾਕ ਵਾਇਰਸਾਂ ਨਾਲ ਵੀ ਦੁਨੀਆ ਨੂੰ ਹੇਠਾਂ ਲਾਇਆ ਸਕਦਾ ਹੈ, ਜੋ ਭਾਵੇਂ ਨਜ਼ਰ ਨਹੀਂ ਆਉਂਦਾ ਪਰ ਉਸ ਦੀ ਮਾਰ ਬਹੁਤ ਹੀ ਖ਼ਤਰਨਾਕ ਤੇ ਘਾਤਕ ਹੈ। ਸਾਨੂੰ ਸਾਰਿਆਂ ਨੂੰ ਮਿਲ ਕੇ ਮੁਕਾਬਲਾ ਕਰਨ ਦੀ ਲੋੜ ਹੈ ਉਹ ਵੀ ਬਿਨਾਂ ਫ਼ੌਜ ਤੇ ਹਥਿਆਰਾਂ ਦੇ ਤਾਂ ਜੋ ਦੁਨੀਆ ਭਰ ਦੀ ਮਨੁੱਖਤਾ ਨੂੰ ਬਚਾਇਆ ਜਾ ਸਕੇ। ਸਾਡਾ ਸਰਿਆਂ ਦਾ ਇਹ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਸਾਰੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਇੱਕ ਅਜਿਹਾ ਸੁਰੱਖਿਅਤ ਸਮਾਜ ਸਿਰਜ ਕੇ ਦੇਈਏ ਜਿੱਥੇ ਅਮਨ ਅਤੇ ਭਾਈਚਾਰੇ ਦੇ ਨਾਲ ਖ਼ੁਸ਼ਹਾਲੀ ਹੋਵੇ। ਜੇ ਅਸੀਂ ਸਾਰੇ ਹੀ ਮਿੱਲ ਕੇ ਅਜਿਹਾ ਹੰਭਲਾ ਮਾਰਦੇ ਹਾਂ ਤਾਂ ਇਹੀ ਸਾਡੇ ਸਾਰਿਆਂ ਵੱਲੋਂ ‘ਐਨਜ਼ੈਕ ਡੇ’ ਦੇ ਸ਼ਹੀਦਾਂ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਹੋਵੇਗੀ।
ਇਸ ਕੋਰੋਨਾਵਾਇਰਸ ਮਹਾਂਮਾਰੀ ਦੇ ਦੌਰ ਵਿੱਚ ਅਦਾਰਾ ‘ਕੂਕ ਪੰਜਾਬੀ ਸਮਾਚਾਰ’ ਵੱਲੋਂ ‘ਫ਼ਰਸਟ ਵਰਲਡ ਵਾਰ’ ਵਿੱਚ ਸ਼ਹੀਦ ਹੋਣ ਵਾਲੇ ਸਾਰੇ ਫ਼ੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ।
ਅਮਰਜੀਤ ਸਿੰਘ, ਐਡੀਟਰ, E-mail : [email protected]