ਕੋਰੋਨਾਵਾਇਰਸ: ਵਿੰਬਲਡਨ ਟੂਰਨਾਮੈਂਟ ਦੂਜੀ ਵਿਸ਼ਵ ਜੰਗ ਤੋਂ ਬਾਅਦ ਪਹਿਲੀ ਵਾਰ ਰੱਦ

ਇੰਗਲੈਂਡ, 2 ਅਪ੍ਰੈਲ – ਕੋਰੋਨਾਵਾਇਰਸ ਦੇ ਕਰਕੇ ਵਿੰਬਲਡਨ ਨੂੰ ਰੱਦ ਕਰ ਦਿੱਤੀ ਗਈ ਹੈ। ਅਜਿਹਾ ਦੂਜੀ ਸੰਸਾਰ ਜੰਗ ਤੋਂ ਬਾਅਦ ਪਹਿਲੀ ਵਾਰ ਹੋਇਆ ਹੈ ਜਦੋਂ ਕਿ ਗ੍ਰਾਸ ਕੋਰਟ ਉੱਤੇ ਹੋਣ ਵਾਲਾ ਇਹ ਟੂਰਨਾਮੈਂਟ ਰੱਦ ਹੋਇਆ ਹੈ, ਕਿਉਂਕਿ ਇੰਗਲੈਂਡ ਵਿੱਚ ਕੋਵਿਡ -19 ਮੌਤਾਂ ਦੀ ਗਿਣਤੀ ਵੱਧ ਰਹੀ ਹੈ। ਹੁਣ ਇਹ ਗ੍ਰੈਂਡ ਸਲੈਮ 28 ਜੂਨ ਤੋਂ 11 ਜੁਲਾਈ 2021 ਵਿੱਚ ਖੇਡਿਆ ਜਾਵੇਗਾ। ਇਸ ਦਾ ਐਲਾਨ ਆਲ ਇੰਗਲੈਂਡ ਲਾਨ ਟੈਨਿਸ ਕਲੱਬ (ਏ.ਈ.ਐੱਲ.ਟੀ.ਸੀ.) ਅਤੇ ਸਬੰਧਿਤ ਹਿੱਸੇਦਾਰਾਂ ਦਰਮਿਆਨ 2 ਅਪ੍ਰੈਲ ਦਿਨ ਵੀਰਵਾਰ ਨੂੰ ਨਿਊਜ਼ੀਲੈਂਡ ਸਮੇਂ ਅਨੁਸਾਰ ਇੱਕ ਹੰਗਾਮੀ ਬੈਠਕ ਤੋਂ ਬਾਅਦ ਕੀਤਾ ਗਿਆ। ਗ੍ਰਾਸ ਕੋਰਟ ਗ੍ਰੈਂਡ ਸਲੈਮ ਨੂੰ ਰੱਦ ਕਰਨ ਦਾ ਅਟੱਲ ਫ਼ੈਸਲਾ ਲਿਆ ਗਿਆ ਸੀ ਜੋ 29 ਜੂਨ ਤੋਂ ਸ਼ੁਰੂ ਹੋਣ ਵਾਲਾ ਸੀ। ਕੋਰੋਨਾਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਪ੍ਰਬੰਧਕਾਂ ਨੇ ਪਹਿਲਾਂ ਹੀ ਖ਼ਾਲੀ ਸਟੈਂਡਾਂ ਦੇ ਸਾਹਮਣੇ ਖੇਡਣਾ ਜਾਂ ਟੂਰਨਾਮੈਂਟ ਤਬਦੀਲ ਕਰਦਿਆਂ ਮੁਲਤਵੀ ਟੋਕੀਓ ਉਲੰਪਿਕ ਖੇਡਾਂ ਦਾ ਫ਼ਾਇਦਾ ਲੈਣ ਦੀ ਕੋਸ਼ਿਸ਼ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਇਹ ਟੂਰਨਾਮੈਂਟ ਪਹਿਲੀ ਵਾਰ 1877 ਵਿੱਚ ਖੇਡਿਆ ਗਿਆ ਅਤੇ ਉਸ ਦੇ ਬਾਅਦ ਤੋਂ ਹਰ ਸਾਲ ਹੁੰਦਾ ਆਇਆ ਹੈ। ਸਿਰਫ਼ 1915 ਤੋਂ 1918 ਦੇ ਵਿੱਚ ਪਹਿਲੀ ਸੰਸਾਰ ਲੜਾਈ ਦੇ ਦੌਰਾਨ ਅਤੇ 1940 ਤੋਂ 1945 ਦੇ ਵਿੱਚ ਦੂਜੇ ਸੰਸਾਰ ਲੜਾਈ ਦੇ ਦੌਰਾਨ ਇਹ ਨਹੀਂ ਖੇਡਿਆ ਗਿਆ।
ਵਿੰਬਲਡਨ 29 ਜੂਨ ਤੋਂ ਸ਼ੁਰੂ ਹੋਣਾ ਸੀ ਜਿੱਥੇ ਨੋਵਾਕ ਜੋਕੋਵਿਚ ਅਤੇ ਸਿਮੋਨਾ ਹਾਲੇਪ ਨੂੰ ਆਪਣੇ ਸਿੰਗਲ ਖ਼ਿਤਾਬ ਦਾ ਬਚਾਓ ਕਰਨ ਲਈ ਉੱਤਰਨਾ ਸੀ, ਪਰ ਇਸ ਟੂਰਨਾਮੈਂਟ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਕਿਉਂਕਿ ਸੰਸਾਰ ਕੋਵਿਡ -19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਵਿੱਚ ਨਾਕਾਮ ਰਿਹਾ ਹੈ। ਇਸ ਵਾਇਰਸ ਨਾਲ ਦੁਨੀਆ ਭਰ ਵਿੱਚ 8,40,000 ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹਨ ਅਤੇ 40,000 ਤੋਂ ਜ਼ਿਆਦਾ ਦੀ ਮੌਤ ਹੋ ਚੁੱਕੀ ਹੈ।
ਕੋਰੋਨਾਵਾਇਰਸ ਦੇ ਕਾਰਣ ਟੋਕਿਓ ਉਲੰਪਿਕ ਮੁਲਤਵੀ ਹੋ ਚੁੱਕੇ ਹੈ। ਵਿੰਬਲਡਨ ਇਸ ਮਹਾਂਮਾਰੀ ਦੇ ਕਾਰਣ ਰੱਦ ਹੋਣ ਵਾਲਾ ਪਹਿਲਾ ਗ੍ਰੈਂਡਸਲੈਮ ਹੈ। ਮਈ ਵਿੱਚ ਹੋਣ ਵਾਲਾ ਫਰੈਂਚ ਓਪਨ ਹੁਣ ਸਤੰਬਰ ਦੇ ਅਖੀਰ ਵਿੱਚ ਹੋਵੇਗਾ। ਅਮਰੀਕੀ ਓਪਨ 31 ਅਗਸਤ ਤੋਂ 13 ਸਤੰਬਰ ਦੇ ਵਿੱਚ ਨਿਊਯਾਰਕ ਵਿੱਚ ਖੇਡਿਆ ਜਾਵੇਗਾ।