ਕੋਰੋਨਾ ਮਹਾਂਮਾਰੀ ਕਾਰਨ ਮੁੰਡੇ ਤੇ ਕੁੜੀ ਨੇ ਅਮਰੀਕਾ-ਕੈਨੇਡਾ ਸਰਹੱਦ ਉੱਪਰ ਨਿਭਾਈਆਂ ਵਿਆਹ ਦੀਆਂ ਰਸਮਾਂ

ਵਿਆਹ ਬੰਧਨ ਵਿੱਚ ਬੱਝਦੇ ਹੋਏ ਕੈਨੇਡੀਅਨ ਤੇ ਅਮਰੀਕਨ ਮੁੰਡਾ ਤੇ ਕੁੜੀ

ਸੈਕਰਾਮੈਂਟੋ, ਕੈਲੀਫੋਰਨੀਆ 19 ਅਕਤੂਬਰ (ਹੁਸਨ ਲੜੋਆ ਬੰਗਾ) – ਕੈਨੇਡੀਅਨ ਤੇ ਅਮਰੀਕਨ ਮੁੰਡੇ-ਕੁੜੀ ਨੇ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਵਿਆਹ ਵਿੱਚ ਹੋਰ ਦੇਰੀ ਨਾ ਕਰਨ ਦੇ ਫ਼ੈਸਲੇ ਉਪਰੰਤ ਅਮਰੀਕਾ-ਕੈਨੇਡਾ ਸਰਹੱਦ ਉੱਪਰ ਵਿਆਹ ਦੀ ਰਸਮ ਨਿਭਾਈ ਤਾਂ ਜੋ ਦੋਨਾਂ ਦੇਸ਼ਾਂ ਦੇ ਪਰਿਵਾਰਕ ਮੈਂਬਰ ਤੇ ਮਿੱਤਰ ਦੋਸਤ ਵਿਆਹ ਵਿੱਚ ਸ਼ਾਮਿਲ ਹੋ ਸਕਣ। ਕੋਰੋਨਾ ਮਹਾਂਮਾਰੀ ਕਾਰਨ ਦੋਨਾਂ ਦੇਸ਼ਾਂ ਦੇ ਲੋਕ ਸਰਹੱਦ ਪਾਰ ਕਰਕੇ ਦੂਸਰੇ ਦੇਸ਼ ਵਿੱਚ ਦਾਖਲ ਨਹੀਂ ਹੋ ਸਕਦੇ। ਅਮਰੀਕਨ ਕੁੜੀ ਕਲੋਅਜ ਤੇ ਕੈਨੇਡੀਅਨ ਮੁੰਡਾ ਅਲੈਕਸ ਲੈਕੀ ਦੋਨੋਂ ਦੀ ਉਮਰ 29 ਸਾਲਾਂ ਦੀ ਹੈ। ਉਹ ਨਵੰਬਰ 2019 ਵਿੱਚ ਇਕ ਦੂਸਰੇ ਨੂੰ ਮਿਲੇ ਸਨ ਤੇ ਉਨ੍ਹਾਂ ਨੇ ਅਗਸਤ 2020 ਵਿੱਚ ਵਿਆਹ ਕਰਨ ਦਾ ਫ਼ੈਸਲਾ ਕੀਤਾ ਪਰੰਤੂ ਕੋਰੋਨਾ ਮਹਾਂਮਾਰੀ ਕਾਰਨ ਉਨ੍ਹਾਂ ਦੀ ਇਹ ਯੋਜਨਾ ਫ਼ੇਲ੍ਹ ਹੋ ਗਈ ਤੇ ਉਨ੍ਹਾਂ ਨੇ ਵਿਆਹ ਅੱਗੇ ਪਾਉਣ ਦਾ ਮੰਨ ਬਣਾ ਲਿਆ। ਉਨ੍ਹਾਂ ਨੂੰ ਲੱਗ ਕਿ ਕੋਰੋਨਾ ਮਹਾਂਮਾਰੀ ਅਜੇ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀ ਇਸ ਲਈ ਮਾਪਿਆਂ ਦੀ ਸਹਿਮਤੀ ਨਾਲ ਬਦਲਵੀਂ ਯੋਜਨਾ ਬਣਾਈ ਗਈ। ਜਿਸ ਅਨੁਸਾਰ ਸਮੁੰਦਰ ਵਿੱਚ ਜਿੱਥੋਂ ਅਮਰੀਕਾ ਕੈਨੇਡਾ ਦੀ ਸਰਹੱਦ ਸ਼ੁਰੂ ਹੁੰਦੀ ਹੈ ਉੱਥੇ ਇਕ ਵੱਡੀ ਕਿਸ਼ਤੀ ਵਿੱਚ ਵਿਆਹ ਦੀਆਂ ਰਸਮਾਂ ਨਿਭਾਈਆਂ ਗਈਆਂ। ਸਮਾਜਿਕ ਦੂਰੀ ਦਾ ਖ਼ਾਸ ਖ਼ਿਆਲ ਰੱਖਿਆ ਗਿਆ। ਕੈਨੇਡਾ ਵਾਲੇ ਪਾਸਿਉਂ 50 ਤੇ ਅਮਰੀਕਾ ਵਾਲੇ ਪਾਸਿਉਂ 15 ਰਿਸ਼ਤੇਦਾਰ ਤੇ ਹੋਰ ਮਹਿਮਾਨ ਸ਼ਾਮਿਲ ਹੋਏ ਜਿਨ੍ਹਾਂ ਨੇ ਵੱਖਰੀਆਂ ਕਿਸ਼ਤੀਆਂ ਵਿੱਚ ਬੈਠਕੇ ਵਿਆਹ ਦੀ ਰਸਮ ਵੇਖੀ। ਇਸ ਵੱਖਰੀ ਤਰਾਂ ਦੇ ਵਿਆਹ ਦਾ ਪ੍ਰਬੰਧ ਕੁੜੀ ਦੇ ਮਾਪਿਆਂ ਵੱਲੋਂ ਬੇਨਤੀ ਕਰਨ ‘ਤੇ ਮੇਅਰ ਨੇ ਕੀਤਾ।