ਕੋਰੋਨਾ ਵੈਕਸੀਨ ‘ਪਹਿਲਾਂ ਆਓ ਪਹਿਲਾਂ ਪਾਓ’ ਦੇ ਆਧਾਰ ‘ਤੇ ਨਹੀਂ ਦਿੱਤੀ ਜਾਵੇਗੀ – ਰਿਪੋਰਟ

ਵਾਸ਼ਿੰਗਟਨ 1 ਸਤੰਬਰ (ਹੁਸਨ ਲੜੋਆ ਬੰਗਾ) – ਅਮਰੀਕਾ ‘ਚ ਕੋਰੋਨਾ ਵਾਇਰਸ ‘ਪਹਿਲਾਂ ਆਓ ਪਹਿਲਾਂ ਪਾਓ’ ਦੇ ਆਧਾਰ ਉੱਪਰ ਨਹੀਂ ਦਿੱਤੀ ਜਾਵੇਗੀ ਤੇ ਵੈਕਸੀਨ ਦਾ ਮਤਲਬ ਜ਼ਿਆਦਾ ਤੋਂ ਜ਼ਿਆਦਾ ਜਾਨਾਂ ਬਚਾਉਣਾ ਤੇ ਬਿਮਾਰੀ ਨੂੰ ਘੱਟ ਕਰਨਾ ਹੈ। ਇਹ ਪ੍ਰਗਟਾਵਾ ਨੈਸ਼ਨਲ ਅਕੈਡਮੀਜ਼ ਆਫ਼ ਸਾਇੰਸ, ਮੈਡੀਸਨ ਐਂਡ ਇੰਜੀਨੀਅਰਿੰਗ ਵੱਲੋਂ ਜਾਰੀ ਇਕ ਰਿਪੋਰਟ ‘ਚ ਕੀਤਾ ਗਿਆ ਹੈ। ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਕੋਰੋਨਾ ਨਾਲ ਮੋਹਰੇ ਹੋ ਕੇ ਲੜ ਰਹੇ ਵਰਕਰਾਂ ਨੂੰ ਸਭ ਤੋਂ ਜ਼ਿਆਦਾ ਜੋਖ਼ਮ ਹੈ। ਇਸ ਲਈ ਸਿਹਤ ਕਾਮਿਆਂ, ਅੱਗ ਬੁਝਾਊ ਕਾਮੇ ਤੇ ਪੁਲਿਸ ਮੁਲਾਜ਼ਮਾਂ ਨੂੰ ਵੈਕਸੀਨ ਦੇਣ ਲਈ ਤਰਜੀਹ ਦਿੱਤੀ ਜਾਵੇਗੀ। ਇਸ ਤੋਂ ਬਾਅਦ ਹਰ ਉਮਰ ਦੇ ਲੋਕਾਂ ਲਈ ਇਹ ਉਪਲਬਧ ਹੋਵੇਗੀ। ਰਿਪੋਰਟ ਅਨੁਸਾਰ ਸ਼ੁਰੂ ‘ਚ ਵੈਕਸੀਨ ਦੀ ਮਾਤਰਾ ਥੋੜ੍ਹੀ ਹੋਵੇਗੀ ਤੇ ਇਹ ਕੇਵਲ 3 ਤੋਂ 4% ਆਬਾਦੀ ਨੂੰ ਹੀ ਦਿੱਤੀ ਜਾ ਸਕੇਗੀ।