ਕੋਵਿਡ -19: ਆਕਲੈਂਡ ‘ਚ ਵੀਰਵਾਰ ਤੋਂ ਪਬਲਿਕ ਟ੍ਰਾਂਸਪੋਰਟ ਅਤੇ ਸਾਰੀਆਂ ਉਡਾਣਾਂ ਵਿੱਚ ਮਾਸਕ ਪਾਉਣਾ ਲਾਜ਼ਮੀ – ਪ੍ਰਧਾਨ ਮੰਤਰੀ ਆਰਡਰਨ

ਵੈਲਿੰਗਟਨ, 16 ਨਵੰਬਰ – ਅੱਜ ਕੈਬਨਿਟ ਨੇ ਮੀਟਿੰਗ ਕਰਕੇ ਇਸ ਗੱਲ ਉੱਤੇ ਸਹਿਮਤੀ ਦਿੱਤੀ ਹੈ ਕਿ 19 ਨਵੰਬਰ ਦਿਨ ਵੀਰਵਾਰ ਤੋਂ ਆਕਲੈਂਡ ਵਿੱਚ ਲੋਕਾਂ ਨੂੰ ਜਨਤਕ ਟ੍ਰਾਂਸਪੋਰਟ ਅਤੇ ਘਰੇਲੂ ਯਾਤਰਾ ਦੌਰਾਨ ਫੇਸ ਮਾਸਕ ਪਹਿਨਣ ਦੀ ਜ਼ਰੂਰਤ ਹੋਏਗੀ। ਨਵਾਂ ਜਨਤਕ ਸਿਹਤ ਹੁਕਮ ਬਾਰੇ ਸਰਕਾਰ ਦਾ ਕਹਿਣਾ ਹੈ ਕਿ 18 ਨਵੰਬਰ ਦਿਨ ਬੁੱਧਵਾਰ ਦੀ ਅੱਧੀ ਰਾਤ ਨੂੰ 11.59 ਵਜੇ ਤੋਂ ਨਵੇਂ ਮਾਸਕ ਨਿਯਮ ਲਾਗੂ ਹੋ ਜਾਣਗੇ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਸਰਕਾਰ ਪਬਲਿਕ ਟ੍ਰਾਂਸਪੋਰਟ ਵਿੱਚ ਮਾਸਕ ਪਾਉਣ ਦੇ ਹੁਕਮਾਂ ਨੂੰ ਪੂਰੇ ਦੇਸ਼ ਤੱਕ ਵਧਾਉਣ ਬਾਰੇ ਵਿਚਾਰ ਕਰ ਰਹੀ ਹੈ। ਪਰ ਅਜੇ ਤੱਕ, ਕੋਈ ਸਮਾਂ-ਰੇਖਾ ਤਹਿ ਨਹੀਂ ਹੈ ਅਤੇ ਆਰਡਰਨ ਨੇ ਕਿਹਾ ਕਿ ਅਧਿਕਾਰੀ ਆਕਲੈਂਡ ਵਿੱਚ ਨਵੇਂ ਨਿਯਮਾਂ ਦੀ ਪਾਲਣਾ ‘ਤੇ ਸਖ਼ਤ ਨਜ਼ਰ ਰੱਖਣਗੇ। ਦੁਪਹਿਰ ਦੇ ਇਸ ਐਲਾਨ ਦਾ ਮਤਲਬ ਨਿਊਜ਼ੀਲੈਂਡ ਜਾਂ ਦੇਸ਼ ਦੇ ਕਿਸੇ ਵੀ ਖੇਤਰ ਦੇ ਅਲਰਟ ਲੈਵਲ ਦੇ ਪੱਧਰ ਵਿੱਚ ਬਦਲਾਓ ਨਹੀਂ ਹੈ। ਇਸ ਦੀ ਬਜਾਏ, ਲਾਜ਼ਮੀ ਮਾਸਕ ਦੀ ਵਰਤੋਂ ਨੂੰ ਲੈਵਲ 1 ਅਲਰਟ ਪੱਧਰ ਦੀਆਂ ਸੈਟਿੰਗਾਂ ਵਿੱਚ ਸ਼ਾਮਲ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਆਰਡਰਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਦੋਂ ਦੇਸ਼ ਦੀ ਕੋਵਿਡ -19 ਪ੍ਰਤੀਕ੍ਰਿਆ ਯੋਜਨਾ ਦੀ ਗੱਲ ਆਉਂਦੀ ਹੈ ਤਾਂ ਨਵੇਂ ਨਿਯਮ ‘ਬਚਾਅ ਦੀ ਇਕ ਹੋਰ ਲਾਈਨ’ ਹੈ।
ਕੋਵਿਡ -19 ਦੇ ਰਿਸਪੋਂਸ ਮਨਿਸਟਰ ਕ੍ਰਿਸ ਹਿਪਕਿਨਸ ਦੇ ਅਨੁਸਾਰ ਨਿਯਮਾਂ ਨੂੰ ਪੁਲਿਸ ਦੁਆਰਾ ਲਾਗੂ ਕੀਤਾ ਜਾ ਸਕਦਾ ਹੈ, ਪਰ ਸਿੱਖਿਆ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਹੁਣ ਇਨ੍ਹਾਂ ਸਥਿਤੀਆਂ ਵਿੱਚ ਮਾਸਕ ਦੀ ਵਰਤੋਂ ਨੂੰ ਲਾਜ਼ਮੀ ਬਣਾਉਣ ਦਾ ਸਹੀ ਸਮਾਂ ਹੈ। ਪਰ, ਜੇ ਲੋਕੀ ਨਵੇਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ, ਤਾਂ ਉਨ੍ਹਾਂ ਨੂੰ ਕਾਨੂੰਨ ਦੁਆਰਾ ਸਜ਼ਾ ਦਿੱਤੀ ਜਾ ਸਕਦੀ ਹੈ। ਹਿਪਕਿਨਸ ਨੇ ਕਿਹਾ ਕਿ ਜਦੋਂ ਆਦੇਸ਼ ਤਿਆਰ ਕੀਤੇ ਜਾਣਗੇ ਤਾਂ ਸਜ਼ਾ ਸ਼ਾਮਲ ਕੀਤੀ ਜਾਏਗੀ।
ਪ੍ਰਧਾਨ ਮੰਤਰੀ ਆਰਡਰਨ ਅਤੇ ਰਿਸਪੋਂਸ ਮਨਿਸਟਰ ਕ੍ਰਿਸ ਹਿਪਕਿਨਸ ਦੋਵਾਂ ਨੇ ਇਸ ਗੱਲ ਵੱਲ ਇਸ਼ਾਰਾ ਕਿਤਾ ਕਿ ਨਿਯਮ ਲਾਗੂ ਕਰਵਾਉਣਾ ਬੱਸ ਡਰਾਈਵਰਾਂ ‘ਤੇ ਨਿਰਭਰ ਨਹੀਂ ਕਰੇਗਾ। ਹਿਪਕਿਨਸ ਨੇ ਕਿਹਾ ਕਿ “ਅਸੀਂ ਬੱਸ ਚਾਲਕਾਂ ਨੂੰ ਬੱਸ ਨੂੰ ਰੋਕਣ ਅਤੇ ਇਨ੍ਹਾਂ ਉਪਾਵਾਂ ਨੂੰ ਲਾਗੂ ਕਰਨ ਦੀ ਉਮੀਦ ਨਹੀਂ ਕਰ ਰਹੇ ਹਾਂ”। ਹਾਲਾਂਕਿ ਨਿਯਮ ਓਬਰ ਜਾਂ ਟੈਕਸੀ ਦੇ ਲੋਕਾਂ ‘ਤੇ ਲਾਗੂ ਨਹੀਂ ਹੁੰਦੇ, ਡਰਾਈਵਰਾਂ ਨੂੰ ਮਾਸਕ ਪਹਿਨਣ ਦੀ ਜ਼ਰੂਰਤ ਹੈ। ਸਕੂਲ ਜਾਣ ਅਤੇ ਆਉਣ ਵਾਲੇ ਬੱਚਿਆਂ ਅਤੇ ਨੌਜਵਾਨਾਂ ਨੂੰ ਸਕੂਲ ਬੱਸਾਂ ਅਤੇ ਹੋਰ ਸਕੂਲ ਆਵਾਜਾਈ ‘ਤੇ ਚਿਹਰਾ ਢੱਕਣ ਦੀਆਂ ਜ਼ਰੂਰਤਾਂ ਤੋਂ ਛੋਟ ਹੈ। ਹਾਲਾਂਕਿ ਜਨਤਕ ਟ੍ਰਾਂਸਪੋਰਟ ‘ਤੇ ਲਾਜ਼ਮੀ ਮਾਸਕ ਹਾਲੇ ਦੇਸ਼ ਵਿਆਪੀ ਪੱਧਰ ‘ਤੇ ਨਹੀਂ ਹੈ, ਫਿਰ ਵੀ ਪ੍ਰਧਾਨ ਮੰਤਰੀ ਆਰਡਰਨ ਨੇ ਲੋਕਾਂ ਨੂੰ ਮਾਸਕ ਪਹਿਨਣ ਲਈ ਉਤਸ਼ਾਹਿਤ ਕੀਤਾ।