ਕੋਵਿਡ -19: ਏਅਰ ਇੰਡੀਆ ਜਹਾਜ਼ ਇਤਿਹਾਸ ‘ਚ ਪਹਿਲੀ ਵਾਰ ਨਿਊਜ਼ੀਲੈਂਡ ਦੀ ਧਰਤੀ ‘ਤੇ ਲੈਂਡ ਕੀਤਾ

ਆਕਲੈਂਡ, 5 ਜੂਨ – ਦੁਨੀਆ ਭਰ ਵਿੱਚ ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਅਤੇ ਇੰਟਰਨੈਸ਼ਨਲ ਬਾਡਰ ਬੰਦ ਹੋਣ ਕਰਕੇ ਦੂਜੇ ਦੇਸ਼ਾਂ ਵਿੱਚ ਫਸੇ ਹੋਏ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਦੁਨੀਆ ਦਾ ਹਰ ਦੇਸ਼ ਆਪਣੇ ਹਵਾਈ ਜਹਾਜ਼ ਭੇਜ ਰਿਹਾ ਹੈ। ਭਾਰਤ ਨੇ ਵੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਦੇਸ਼ ਵਾਪਸ ਲਿਆਉਣ ਲਈ ‘ਵੰਦੇ ਭਾਰਤ ਮਿਸ਼ਨ’ ਤਹਿਤ ਹਵਾਈ ਤੇ ਸਮੁੰਦਰੀ ਜਹਾਜ਼ ਭੇਜੇ ਹਨ। ਭਾਰਤ ਨੇ ਵੀ ਨਿਊਜ਼ੀਲੈਂਡ ਵਿੱਚ ਫਸੇ ਆਪਣੇ ਅਸਥਾਈ ਵੀਜ਼ੇ ਵਾਲੇ ਨਾਗਰਿਕਾਂ ਨੂੰ ਦੇਸ਼ ਵਾਪਸ ਲੈ ਕੇ ਜਾਣ ਲਈ ਜਹਾਜ਼ ਭੇਜਿਆ ਹੈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦਾ ਏਅਰ ਨਿਊਜ਼ੀਲੈਂਡ ਦੇ ਹਵਾਈ ਜਹਾਜ਼ ਤਿੰਨ ਵਾਰੀ ਭਾਰਤ ਜਾ ਕੇ ਆਪਣੇ ਨਾਗਰਿਕਾਂ ਨੂੰ ਲੈ ਕੇ ਆਇਆ ਸੀ, ਜੋ ਇਤਿਹਾਸ ਵਿੱਚ ਪਹਿਲੀ ਵਾਰ ਭਾਰਤ ਦੀ ਸਿੱਧੀ ਉਡਾਣ ਭਰ ਕੇ ਭਾਰਤ ਦੀ ਧਰਤੀ ਉੱਤੇ ਉੱਤਰਿਆ ਸੀ।
ਅਜਿਹਾ ਹੀ ਅੱਜ ਇਤਿਹਾਸ ‘ਚ ਪਹਿਲੀ ਵਾਰ ਭਾਰਤ ਤੋਂ ਏਅਰ ਇੰਡੀਆ ਦਾ ਹਵਾਈ ਜਹਾਜ਼ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਏਅਰਪੋਰਟ ‘ਤੇ ਉੱਤਰਿਆ। ਏਅਰ ਇੰਡੀਆ ਦਾ ਇਹ ਜਹਾਜ਼ ‘ਵੰਦੇ ਭਾਰਤ ਮਿਸ਼ਨ’ ਤਹਿਤ ਜਿੱਥੇ 230 ਕੀਵੀ ਨਾਗਰਿਕਾਂ ਨੂੰ ਭਾਰਤ ਤੋਂ ਨਿਊਜ਼ੀਲੈਂਡ ਲੈ ਕੇ ਆਇਆ ਹੈ, ਠੀਕ ਉਸੇ ਤਰ੍ਹਾਂ ਇਹ 7 ਜੂਨ ਨੂੰ ਨਿਊਜ਼ੀਲੈਂਡ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਭਾਰਤ ਲੈ ਕੇ ਜਾਏਗਾ। ਇਸੇ ਹੀ ਤਰ੍ਹਾਂ ਹਾਲੇ 5 ਹੋਰ ਏਅਰ ਇੰਡੀਆ ਦੇ ਜਹਾਜ਼ ਭਾਰਤ ਤੋਂ ਨਿਊਜ਼ੀਲੈਂਡ ਆਉਣਗੇ ਅਤੇ ਇੱਥੇ ਫਸੇ ਭਾਰਤੀ ਨਾਗਰਿਕਾਂ ਨੂੰ ਦੇਸ਼ ਵਾਪਸ ਲੈ ਕੇ ਜਾਣਗੇ। ਇਹ ਜਹਾਜ਼ 7 ਜੂਨ ਤੋਂ ਬਾਅਦ 17, 18, 20, 22 ਅਤੇ 24 ਜੂਨ ਨੂੰ ਭਾਰਤ ਲਈ ਉਡਾਣਾਂ ਭਰਨਗੇ।