ਕੋਵਿਡ -19: ਕਮਿਊਨਿਟੀ ਦਾ ਕੋਈ ਹੋਰ ਨਵਾਂ ਕੇਸ ਨਹੀਂ, 3 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ, ਆਕਲੈਂਡ ਅਲਰਟ ਲੈਵਲ 2 ਅਤੇ ਬਾਕੀ ਦੇਸ਼ ਅਲਰਟ ਲੈਵਲ 1 ਉੱਤੇ

ਵੈਲਿੰਗਟਨ, 18 ਫਰਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦਾ ਅੱਜ ਕਮਿਊਨਿਟੀ ‘ਚੋਂ ਕੋਈ ਨਵਾਂ ਕੇਸ ਨਹੀਂ ਆਇਆ। ਪਰ 3 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਸਾਹਮਣੇ ਆਏ ਹਨ। ਪ੍ਰਧਾਨ ਮੰਤਰੀ ਨੇ ਕੱਲ੍ਹ ਕੈਬਿਨਟ ਦੀ ਮੀਟਿੰਗ ਮਗਰੋਂ ਕੀਤੇ ਐਲਾਨ ਦੇ ਬਾਅਦ ਅੱਜ ਅੱਧੀ ਰਾਤ ਤੋਂ ਆਕਲੈਂਡ ਅਲਰਟ ਲੈਵਲ 2 ਅਤੇ ਬਾਕੀ ਦੇਸ਼ ਦੇ ਹਿੱਸੇ ਅਲਰਟ ਲੈਵਲ 1 ਉੱਤੇ ਆ ਗਏ ਹਨ।
ਕੋਵਿਡ -19 ਦੇ ਰਿਪੋਂਸ ਮੰਤਰੀ ਕ੍ਰਿਸ ਹਿਪਕਿਨਸ ਅਤੇ ਸਿਹਤ ਵਿਭਾਗ ਦੇ ਡਾਇਰੈਕਟਰ-ਜਨਰਲ ਡਾ. ਐਸ਼ਲੇ ਬਲੂਮਫੀਲਡ ਨੇ ਇਸ ਦੀ ਜਾਣਕਾਰੀ ਦਿੱਤੀ। ਬਲੂਮਫੀਲਡ ਨੇ ਕੀਵੀਜ਼ ਨੂੰ ਅਪੀਲ ਕੀਤੀ ਕਿ ਉਹ ਸਿਹਤ ਮੰਤਰਾਲੇ ਦੁਆਰਾ ਪਛਾਣੀਆਂ ਗਈਆਂ ਥਾਵਾਂ ਦੀ ਜਾਂਚ ਕਰਨ ਅਤੇ ਹਰੇਕ ਸਥਾਨ ਲਈ ਨਿਰਦੇਸ਼ਾਂ ਦੀ ਪਾਲਣਾ ਕਰਨ।
ਅੱਜ ਸਵੇਰੇ 11.30 ਵਜੇ ਤੱਕ ਪਾਪਾਟੋਏਟੋਏ ਹਾਈ ਸਕੂਲ ਦੇ ਸਾਰੇ 31 ਨੇੜਲੇ ਸੰਪਰਕਾਂ ਦਾ ਟੈੱਸਟ ਨੈਗੇਟਿਵ ਰਿਹਾ, ਜਿਨ੍ਹਾਂ ਵਿਦਿਆਰਥੀ ਦਾ ਕੱਲ੍ਹ ਪਾਜ਼ੇਟਿਵ ਟੈੱਸਟ ਆਇਆ ਸੀ। ਇੱਥੇ 1490 ਕੈਜ਼ੂਅਲ ਪਲਸ ਸੰਪਰਕ ਸਨ, ਜਿਨ੍ਹਾਂ ਵਿਚੋਂ 1398 ਦੇ ਟੈੱਸਟ ਨੈਗੇਟਿਵ ਆਏ ਹਨ। ਇਨ੍ਹਾਂ ਦੇ 91 ਨਤੀਜੇ ਆਉਣੇ ਬਕਾਇਆ ਹੈ, ਪਰ ਇਨ੍ਹਾਂ ਵਿੱਚੋਂ ਸਿਹਤ ਅਧਿਕਾਰੀ 75 ਨਤੀਜਿਆਂ ਨੂੰ ਸਿਹਤ ਰਿਕਾਰਡ ਨਾਲ ਮੇਲਣ ਲਈ ਕੰਮ ਕਰ ਰਹੇ ਹਨ।
ਡਾ. ਬਲੂਮਫੀਲਡ ਨੇ ਕਿਹਾ ਕਿ ਨਿਊਜ਼ੀਲੈਂਡ ਦੇ ਹਰੇਕ ਸਕੂਲ ਵਿੱਚ ਕੋਈ ਵੀ ਵਿਦਿਆਰਥੀ ਜਾਂ ਅਧਿਆਪਕ ਜੋ ਬਿਮਾਰ ਮਹਿਸੂਸ ਕਰਦਾ ਹੈ, ਨੂੰ ਘਰ ਰਹਿਣਾ ਚਾਹੀਦਾ ਹੈ ਅਤੇ ਇਸ ਬਾਰੇ ਸਲਾਹ ਲੈਣੀ ਚਾਹੀਦੀ ਹੈ ਕਿ ਟੈੱਸਟ ਕਰਾਉਣਾ ਹੈ ਜਾਂ ਨਹੀਂ। ਪਾਪਾਟੋਏਟੋਏ ਹਾਈ ਸਕੂਲ ਸੋਮਵਾਰ ਤੱਕ ਬੰਦ ਰਹੇਗਾ।
ਕੋਵਿਡ -19 ਦੇ ਰਿਪੋਂਸ ਮੰਤਰੀ ਕ੍ਰਿਸ ਹਿਪਕਿਨਸ ਨੇ ਕਿਹਾ ਕਿ ਨਿਊਜ਼ੀਲੈਂਡ ਵਾਸੀ ਲਈ ਪਬਲਿਕ ਟ੍ਰਾਂਸਪੋਰਟ ਵਿੱਚ ਮਾਸਕ ਪਾਉਣ ਜ਼ਰੂਰੀ ਹੈ। ਉਨ੍ਹਾਂ ਕਿਹਾ ਦੇਸ਼ ਦਾ ਬਾਕੀ ਹਿੱਸਾ ਅਲਰਟ ਲੈਵਲ 1 ਉੱਤੇ ਹੈ ਪਰ ਜਨਤਕ ਟ੍ਰਾਂਸਪੋਰਟ ਵਿੱਚ ਮਾਸਕ ਪਾਉਣਾ ਲਾਜ਼ਮੀ ਹੈ। ਟੈਕਸੀ ਤੇ ਓਬਰ ਡਰਾਈਵਰ ਜ਼ਰੂਰ ਮਾਸਕ ਪਾਉਣ ਅਤੇ ਸਵਾਰੀਆਂ ਨੂੰ ਮਾਸਕ ਪਾਉਣ ਲਈ ਉਤਸ਼ਾਹਿਤ ਕਰਨ। ਉਨ੍ਹਾਂ ਕਿਹਾ ਕੋਵਿਡ ਟਰੇਸਿੰਗ ਐਪ OR Codes ਦਾ ਰੋਜ਼ਾਨਾ ਜਿੱਥੇ ਵੀ ਜਾਓ ਜ਼ਰੂਰ ਸਕੈਨ ਕਰੋ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,344 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ। ਇਸ ਵੇਲੇ ਕੁੱਲ ਐਕਟਿਵ ਕੇਸਾਂ ਦੀ ਗਿਣਤੀ 46 ਹੈ, ਜਿਨ੍ਹਾਂ ਵਿੱਚੋਂ 6 ਕੇਸ ਕਮਿਊਨਿਟੀ ਦੇ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2272 ਹੈ, ਜਿਨ੍ਹਾਂ ‘ਚ ਕੱਲ੍ਹ 3 ਕੇਸ ਰਿਕਵਰ ਹੋਏ ਹਨ। ਨਿਊਜ਼ੀਲੈਂਡ ਵਿੱਚ ਕੋਵਿਡ -19 ਨਾਲ ਹਸਪਤਾਲ ਵਿੱਚ ਕੋਈ ਦਾਖ਼ਲ ਨਹੀਂ ਹੈ। ਹੁਣ ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 26 ਹੋ ਗਈ ਹੈ।