ਕੋਵਿਡ -19: ਸਾਊਥ ਆਕਲੈਂਡ ਦੇ ਪਾਪਾਟੋਏਟੋਏ ‘ਚ 3 ਨਵੇਂ ਕੇਸ ਕਮਿਊਨਿਟੀ ਦੇ ਆਏ, 1 ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ

ਵੈਲਿੰਗਟਨ, 14 ਫਰਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਦੇ ਸ਼ਹਿਰ ਸਾਊਥ ਆਕਲੈਂਡ ਦੇ ਸੁਬਰਵ ਪਾਪਾਟੋਏਟੋਏ ‘ਚ ਕੋਵਿਡ -19 ਦੇ 3 ਨਵੇਂ ਕੇਸ ਕਮਿਊਨਿਟੀ ‘ਚੋਂ ਸਾਹਮਣੇ ਆਏ ਹਨ। ਇਹ ਤਿੰਨ ਨਵੇਂ ਕਮਿਊਨਿਟੀ ਕੇਸ ਪਿਤਾ, ਮਾਂ ਅਤੇ ਧੀ ਦੇ ਹਨ। ਜਦੋਂ ਕਿ 1 ਨਵਾਂ ਕੇਸ ਮੈਨੇਜਡ ਆਈਸੋਲੇਸ਼ਨ ਵਿੱਚੋਂ ਆਇਆ ਹੈ, ਅੱਜ ਨਿਊਜ਼ੀਲੈਂਡ ਵਿੱਚ ਕੁੱਲ 4 ਕੇਸ ਸਾਹਮਣੇ ਆਏ।
ਇਸ ਦੀ ਜਾਣਕਾਰੀ ਕੋਵਿਡ -19 ਦੇ ਰਿਸਪੋਂਸ ਮੰਤਰੀ ਕ੍ਰਿਸ ਹਿਪਕਿਨਸ ਨੇ ਅੱਜ ਦੁਪਹਿਰੇ ਪ੍ਰੈੱਸ ਕਾਨਫ਼ਰੰਸ ਰਾਹੀ ਮੀਡੀਆ ਨੂੰ ਦਿੱਤੀ, ਉਨ੍ਹਾਂ ਦੇ ਨਾਲ ਸਿਹਤ ਦੇ ਡਾਇਰੈਕਟਰ-ਜਨਰਲ ਡਾ. ਐਸ਼ਲੇ ਬਲੂਮਫੀਲਡ ਵੀ ਨਾਲ ਸਨ। ਹਿਪਕਿਨਜ਼ ਨੇ ਖ਼ੁਲਾਸਾ ਕੀਤਾ ਕਿ ਉਹ ਮਾਂ ਅਤੇ ਧੀ ਦੇ ਟੈੱਸਟ ਦੀ ਪੁਸ਼ਟੀ ਕਰਦੇ ਹਨ ਕਿ ਇਹ ਕੇਸ ‘ਨਵੇਂ ਅਤੇ ਐਕਟਿਵ’ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਟੈੱਸਟ ਦੇ ਨਤੀਜੇ ਕੱਲ੍ਹ ਦੇਰ ਰਾਤ ਆਏ ਅਤੇ ਉਨ੍ਹਾਂ ਨੂੰ ਅੱਜ ਸਵੇਰੇ ਇਸ ਬਾਰੇ ਦੱਸਿਆ ਗਿਆ ਹੈ।
ਰਿਸਪੋਂਸ ਮੰਤਰੀ ਕ੍ਰਿਸ ਹਿਪਕਿਨਸ ਨੇ ਕਿਹਾ ਕਿ ਨਿਊਜ਼ੀਲੈਂਡ ਦੇ ਅਲਰਟ ਦੇ ਲੈਵਲ ਵਿੱਚ ਕੋਈ ਬਦਲਾਓ ਨਹੀਂ ਕੀਤਾ ਗਿਆ ਹੈ ਅਤੇ ਨਿਊਜ਼ੀਲੈਂਡ ਅਜੇ ਵੀ ਅਲਰਟ ਲੈਵਲ 1 ਦੇ ਪੱਧਰ ਉੱਤੇ ਹੀ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਹੋਰ ਵਧੇਰੇ ਜਾਣਕਾਰੀ ਅੱਜ ਦੇਰ ਰਾਤ ਉਪਲਬਧ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਕਮਿਊਨਿਟੀ ਦੇ ਨਵੇਂ ਕੇਸਾਂ ਨੂੰ ਵੇਖਦੇ ਹੋਏ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅੱਜ ਆਕਲੈਂਡ ਤੋਂ ਵੈਲਿੰਗਟਨ ਪਹੁੰਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਪੜਾਓ ‘ਤੇ ਨਵੇਂ ਮਾਮਲਿਆਂ ਬਾਰੇ ਹਾਲੇ ਜਾਣਕਾਰੀ ਦੀ ਘਾਟ ਹੈ। ਇਹ ਇਕ ਬੁਝਾਰਤ ਵਾਂਗ ਹੈ ਜੋ ਵੱਧ ਰਿਹਾ ਹੈ। ਉਨ੍ਹਾਂ ਕਿਹਾ ਅਸੀਂ ਸਾਰੇ ਤੱਥਾਂ ਨੂੰ ਜਿੰਨੀ ਜਲਦੀ ਹੋਵੇ ਇਕੱਠੇ ਕਰ ਰਹੇ ਹਾਂ।
ਨਵੇਂ ਕੇਸਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਂ ਮੈਂਗਰੀ ‘ਚ ਐਲਐੱਸਜੀ ਸਕਾਈ ਸ਼ੈੱਫਜ਼ (LSG Sky Chefs) ਵਿਖੇ ਕੰਮ ਕਰਦੀ ਹੈ। ਉਸ ਦੀ ਮੁੱਖ ਡਿਊਟੀ ਸਕਾਈ ਸ਼ੈੱਫਜ਼ ਦੇ ਲਾਂਡਰੀ ਖੇਤਰ ਦੇ ਅੰਦਰ ਕੰਮ ਕਰਨ ਦਾ ਹੈ, ਪਰ ਉਹ ਖਾਣੇ ਦੀ ਪੈਕਿੰਗ ਵਿੱਚ ਵੀ ਸ਼ਾਮਲ ਹੈ। ਉਸ ਦਾ 18 ਜਨਵਰੀ ਨੂੰ ਨੈਗੇਟਿਵ ਨਤੀਜਾ ਆਇਆ ਸੀ ਪਰ ਕੰਮ ‘ਤੇ ਉਸ ਦਾ ਆਖ਼ਰੀ ਦਿਨ 5 ਫਰਵਰੀ ਨੂੰ ਸੀ।
ਡਾ. ਬਲੂਮਫੀਲਡ ਨੇ ਕਿਹਾ ਕਿ ਮੌਜੂਦਾ ਸਮੇਂ ਦੇ ਅਧਾਰ ‘ਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਸੰਕ੍ਰਮਿਤ ਹੋਣ ‘ਤੇ ਉਹ ਕੰਮ ਉੱਤੇ ਗਈ ਹੋਵੇਗੀ। ਇਹ ਵੇਖਣ ਲਈ ਅਧਿਕਾਰੀ ਕੰਮ ਵਾਲੀ ਥਾਂ ਦੀ ਜਾਂਚ ਕਰ ਰਹੇ ਹਨ ਕਿ ਉੱਥੇ ਕੋਈ ਹੋਰ ਕੋਵਿਡ -19 ਪਾਜ਼ੇਟਿਵ ਹੈ ਜਾਂ ਨਹੀਂ। ਉਸ ਮਹਿਲਾ ਦਾ ਪਤੀ ਇੱਕ ਸੈੱਲਫ਼ ਇੰਪਲਾਈਡ ਟ੍ਰੇਡਸਮੈਨ ਹੈ ਅਤੇ ਧੀ ਪਾਪਾਟੋਏਟੋਏ ਹਾਈ ਸਕੂਲ ਵਿੱਚ ਈਅਰ 9 ਦੀ ਵਿਦਿਆਰਥਣ ਹੈ। ਇਸ ਪਰਿਵਾਰ ਨੂੰ ਆਕਲੈਂਡ ਦੀ ਜੈੱਟ ਪਾਰਕ ਵਾਲੀ ਸਹੂਲਤ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਹਿਪਕਿਨਸ ਨੇ ਕਿਹਾ ਕਿ ਸਾਵਧਾਨੀ ਦੇ ਤੌਰ ‘ਤੇ ਪਾਪਾਟੋਏਟੋਏ ਹਾਈ ਸਕੂਲ ਸੋਮਵਾਰ ਅਤੇ ਮੰਗਲਵਾਰ ਨੂੰ ਬੰਦ ਰਹੇਗਾ।