ਕ੍ਰਾਈਸਟਚਰਚ ਭੂਚਾਲ ਦੀ 10ਵੀਂ ਵਰ੍ਹੇਗੰਢ, ਇੱਕ ਦਹਾਕਾ ਬੀਤ ਗਿਆ

ਕ੍ਰਾਈਸਟਚਰਚ, 22 ਫਰਵਰੀ – ਇਹ 2021 ਦਾ ਸਾਲ ਕ੍ਰਾਈਸਟਚਰਚ ਵਿੱਚ ਆਏ ਭੂਚਾਲ ਦਾ 10ਵਾਂ ਸਾਲਾ ਯਾਨੀ ਕੇ ਵਰ੍ਹੇਗੰਢ ਹੈ। ਕ੍ਰਾਈਸਟਚਰਚ ਦੇ ਭੂਚਾਲ ਨੂੰ ਅੱਜ ਇੱਕ ਦਹਾਕਾ ਹੋ ਗਿਆ ਹੈ। ਅੱਜ ਦੇ ਹੀ ਦਿਨ 22 ਫਰਵਰੀ, 2011 ਨੂੰ ਦੁਪਹਿਰ 12.51 ਵਜੇ ਭੂਚਾਲ ਆਇਆ ਸੀ। ਭੂਚਾਲ ਦੀ ਤੀਬਰਤਾ 6.3 ਸੀ, ਪਰ ਬਾਅਦ ਵਿੱਚ ਸੋਧ ਕੇ 6.2 ਰਹਿ ਗਈ। ਭੂਚਾਲ ਵਿੱਚ 185 ਲੋਕਾਂ ਦੀਆਂ ਜਾਨਾਂ ਗਈਆਂ। ਅੱਜ ਦੁਪਹਿਰ 12.30 ਵਜੇ ਨੈਸ਼ਨਲ ਮੈਮੋਰੀਅਲ ਸਰਵਿਸ ਕੀਤੀ ਗਈ। ਦਸ ਸਾਲ ਬਾਅਦ, ਭੂਚਾਲ ਨਾਲ ਪ੍ਰਭਾਵਿਤ ਇਹ ਇਮਾਰਤਾਂ ਅਜੇ ਵੀ ਖ਼ਾਲੀ ਹਨ।
ਇਹ ਹਫੜਾ-ਦਫੜੀ, ਸਾਇਰਨ, ਧੂੜ ਅਤੇ ਹੰਝੂਆਂ ਦਾ ਦਿਨ ਸੀ। ਪਰ ਫਿਰ ਹਿੰਮਤ ਆਈ। 22 ਫਰਵਰੀ, 2011 ਨੂੰ ਦੁਪਹਿਰ 12.51 ਵਜੇ, ਸ਼ਹਿਰ ਦੇ ਕੇਂਦਰ ਤੋਂ 6.7 ਕਿੱਲੋਮੀਟਰ ਦੱਖਣ-ਪੂਰਬ ਵਿੱਚ, 6.2 ਮਾਪ ਦੇ ਭੂਚਾਲ ਨਾਲ ਇਮਾਰਤਾਂ ਕਰੈਸ਼ ਹੋ ਕੇ ਧਰਤੀ ‘ਚ ਮਿਲ ਰਹੀਆਂ ਸਨ, ਧਰਤੀ ਡਾਵਾਂਡੋਲ ਹੋ ਰਹੀ ਸੀ ਅਤੇ ਜ਼ਿੰਦਗੀ ਸਦਾ ਲਈ ਬਦਲ ਰਹੀ ਸੀ। ਕੁੱਝ ਘੰਟਿਆਂ ਦੇ ਅੰਦਰ ਅੱਗ ਬੁਝਾਉਣ ਵਾਲੇ ਕਰਮਚਾਰੀ, ਪੁਲਿਸ ਅਧਿਕਾਰੀ, ਪੈਰਾ ਮੈਡੀਕਲ ਅਤੇ ਫ਼ੌਜ ਇਕੱਠੀ ਹੋ ਗਈ ਅਤੇ ਦੇਸ਼ ਭਰ ਤੋਂ ਮਦਦ ਲਈ ਕ੍ਰਾਈਸਟਚਰਚ ਪਹੁੰਚਣ ਲੱਗੇ।
ਅੱਜ ਦੇ ਦਿਨ ਭਾਈਚਾਰੇ ਦੇ ਮੈਂਬਰ ਦੁਪਹਿਰ 12.20 ਵਜੇ ਨੌਰਥ ਬੈਂਕ ਆਫ਼ ਓਈ ਮਾਨਵਾ – ਦਿ ਕੈਂਟਰਬਰੀ ਅਰਥਕਿਯੂਕ ਨੈਸ਼ਨਲ ਮੈਮੋਰੀਅਲ ਵਿਖੇ ਇਕੱਠੇ ਹੋਏ, ਸਰਵਿਸ ਦੁਪਹਿਰ 12.30 ਵਜੇ ਸ਼ੁਰੂ ਹੋਈ। ਇਸ ਮੌਕੇ ਬੋਲਣ ਵਾਲਿਆਂ ਵਿੱਚ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ, ਗਵਰਨਰ-ਜਨਰਲ ਡੈਮੀ ਪੈਟਸੀ ਰੈਡੀ, ਕ੍ਰਾਈਸਟਚਰਚ ਦੇ ਮੇਅਰ ਲਿਆਨ ਡਾਲਜ਼ੀਅਲ ਅਤੇ ਪ੍ਰੋਫੈਸਰ ਮਾਨ ਅਲਕੈਸੀ, ਏ ਕਿਯੂਕ ਫੈਮਲੀਜ਼ ਟਰੱਸਟ ਕਮੇਟੀ ਦੇ ਮੈਂਬਰ ਸ਼ਾਮਲ ਸਨ। ਉਨ੍ਹਾਂ ਮਰਨ ਵਾਲੇ 185 ਲੋਕਾਂ ਦੇ ਨਾਮ ਪੜ੍ਹੇ। ਇਕ ਮਿੰਟ ਦਾ ਮੌਨ ਦੁਪਹਿਰ 12.51 ਵਜੇ ਸ਼ੁਰੂ ਹੋਇਆ, ਉਸੇ ਵੇਲੇ ਜਦੋਂ 10 ਸਾਲ ਪਹਿਲਾਂ ਭੂਚਾਲ ਆਇਆ ਸੀ।ਪ੍ਰਾਰਥਨਾਵਾਂ ਬੋਲੀਆਂ ਗਈਆਂ, ਸੰਗੀਤ ਵਜਾਇਆ ਗਿਆ, ਇਕ ਰੀਡਿੰਗ ਕਹੀ ਗਈ ਅਤੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦੇ ਸੰਬੋਧਨ ਤੋਂ ਪਹਿਲਾਂ ਹੋਰ ਸੰਦੇਸ਼ ਸਾਂਝੇ ਕੀਤੇ ਗਏ।
ਆਕਲੈਂਡ ਵਿੱਚ ਸਕਾਈ ਟਾਵਰ ਵੀ ਕ੍ਰਾਈਸਟਚਰਚ ਭੂਚਾਲ ਦੀ 10ਵੀਂ ਵਰ੍ਹੇਗੰਢ ਉੱਤੇ ਲਾਲਾ ਰੰਗ ਦੀ ਰੌਸ਼ਨੀ ਨਾਲ ਸ਼ਰਧਾਂਜਲੀ ਦਿੰਦਾ ਨਜ਼ਰ ਆਇਆ।