ਕ੍ਰਾਈਸਟਚਰਚ ਮਸਜਿਦ ਦੇ ਹਮਲਾਵਰ ਟਾਰਾਂਟ ਨੂੰ ਬਿਨਾਂ ਕਿਸੇ ਪੈਰੋਲ ਦੇ ਉਮਰ ਭਰ ਕੈਦ ਦੀ ਸਜ਼ਾ

ਕ੍ਰਾਈਸਟਚਰਚ, 27 ਅਗਸਤ – ਇੱਥੇ ਪਿਛਲੇ ਸਾਲ 15 ਮਾਰਚ ਦਿਨ ਸ਼ੁੱਕਰਵਾਰ ਨੂੰ 2 ਮਸਜਿਦਾਂ ‘ਤੇ ਹਮਲਾ ਕਰਕੇ 51 ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਬੰਦੂਕਧਾਰੀ ਆਸਟਰੇਲੀਆ ਦੇ ਨਾਗਰਿਕ ਬ੍ਰੈਂਟਨ ਹੈਰੀਸਨ ਟਾਰਾਂਟ ਨੂੰ ਉਸ ਦੀ ਬਚੀ ਬਾਕੀ ਉਮਰ ਲਈ ਜੇਲ੍ਹ ਵਿੱਚ ਭੇਜ ਦਿੱਤਾ ਗਿਆ।
ਅੱਜ ਕ੍ਰਾਈਸਟਚਰਚ ਹਾਈ ਕੋਰਟ ਦੇ ਮਾਣਯੋਗ ਜੱਜ ਕੈਮਰਨ ਮੰਡੇਰ ਦੀ ਅਦਾਲਤ ਵਿੱਚ 29 ਸਾਲਾ ਬ੍ਰੈਂਟਨ ਹੈਰੀਸਨ ਟਾਰਾਂਟ ਨੂੰ ਕਤਲ ਦੇ 51 ਦੋਸ਼ਾਂ, ਕਤਲ ਦੀ ਕੋਸ਼ਿਸ਼ ਦੇ 40 ਦੋਸ਼ਾਂ ਅਤੇ ਇੱਕ ਅਤਿਵਾਦੀ ਕਾਰਵਾਈ ਕਰਨ ਦੇ ਦੋਸ਼ ਵਿੱਚ ਪੈਰੋਲ ਦੀ ਸੰਭਾਵਨਾ ਤੋਂ ਬਿਨਾਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਜਸਟਿਸ ਕੈਮਰਨ ਮੰਡੇਰ ਨੇ ਸਜ਼ਾ ਸੁਣਾਉਂਦਿਆਂ ਕਿਹਾ ਕਿ ਇਸ ਜੁਰਮ ਦੇ ਲਈ ਪੂਰੀ ਤਰ੍ਹਾਂ ਨਿੰਦਾ ਕਰਨ ਲਈ ਘੱਟੋ-ਘੱਟ ਉਮਰ ਕੈਦ ਦੀ ਮਿਆਦ ਘੱਟ ਹੈ। ਉਨ੍ਹਾਂ ਕਿਹਾ ਕਿ “ਤੇਰਾ ਜੁਰਮ ਇੰਨੇ ਭਿਆਨਕ ਹਨ ਕਿ ਭਾਵੇਂ ਤੈਨੂੰ ਮਰਨ ਤੱਕ ਨਜ਼ਰਬੰਦ ਰੱਖਿਆ ਜਾਵੇ, ਪਰ ਇਹ ਦੰਡ ਅਤੇ ਸਜ਼ਾ ਦੀ ਜ਼ਰੂਰਤਾਂ ਪੂਰਾ ਨਹੀਂ ਕਰੇਗਾ।”
ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਇਹ ਸਜ਼ਾ ਦਿੱਤਾ ਗਈ ਹੈ ਅਤੇ ਹੁਣ ਬ੍ਰੈਂਟਨ ਹੈਰੀਸਨ ਟਾਰਾਂਟ ਨੂੰ ਕਦੇ ਵੀ ਜੇਲ੍ਹ ਤੋਂ ਰਿਹਾ ਨਹੀਂ ਕੀਤਾ ਜਾਵੇਗਾ, ਆਪਣੀ ਬਾਕੀ ਜ਼ਿੰਦਗੀ ਬਿਨਾਂ ਕਿਸੇ ਪੈਰੋਲ ਦੀ ਸੰਭਾਵਨਾ ਦੇ ਸਲਾਖ਼ਾਂ ਦੇ ਪਿੱਛੇ ਬਿਤਾਏਗਾ। ਉਸ ਨੂੰ ਅੱਜ ਬਿਨਾਂ ਪੈਰੋਲ ਦੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਮਤਲਬ ਕਿ ਉਹ ਕਦੇ ਵੀ ਮੁਕਤ ਨਹੀਂ ਹੋਵੇਗਾ।