ਕ੍ਰਾਈਸਟਚਰਚ ਮਸਜਿਦ ਦੇ ਹਮਲਾਵਰ ਦੀ ਕਿਸਮਤ ਦਾ ਫ਼ੈਸਲਾ ਹੋਣ ਕੰਢੇ

ਕ੍ਰਾਈਸਟਚਰਚ, 26 ਅਗਸਤ – ਇੱਥੇ ਪਿਛਲੇ ਸਾਲ 15 ਮਾਰਚ ਦਿਨ ਸ਼ੁੱਕਰਵਾਰ ਨੂੰ 2 ਮਸਜਿਦਾਂ ‘ਤੇ ਹਮਲਾ ਕਰਕੇ 51 ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਮਾਰਨ ਵਾਲੇ ਆਸਟਰੇਲੀਆ ਦੇ ਬ੍ਰੈਂਟਨ ਹੈਰੀਸਨ ਟਾਰਾਂਟ ਉੱਤੇ ਸੋਮਵਾਰ ਤੋਂ ਮਾਣਯੋਗ ਜੱਜ ਕੈਮਰਨ ਮੰਡੇਰ ਦੀ ਅਦਾਲਤ ਵਿੱਚ ਸਜਾ ਸੁਣਾਉਣ ਤੋਂ ਪਹਿਲਾਂ ਦੀ ਜੋ ਕਾਰਵਾਈ ਜਾਰੀ ਹੈ ਉਸ ਵਿੱਚ ਪੀੜਤਾਂ ਦੇ ਪਰਿਵਾਰਾਂ ਨੇ ਆਪਣੇ ਦੁੱਖ ਬਿਆਨ ਕਰਨ ਦੇ ਨਾਲ-ਨਾਲ ਰੋਸ ਪ੍ਰਗਟਾਇਆ ਜਾ ਰਿਹਾ ਹੈ। ਇਸ ਮੌਕੇ ਕੱਲ੍ਹ ਇੱਕ ਪੀੜਤ ਪਰਿਵਾਰ ਦੇ ਨੌਜਵਾਨ ਮੈਂਬਰ ਨੇ ਆਪਣੀ ਟੀ-ਸ਼ਰਟ ‘ਤੇ ਮਾਨਵਤਾ ਦਾ ਸੁਨੇਹਾ ਦਿੰਦੇ ਹੋਏ – ਬ੍ਰਥ ਪਲੇਸ: ਅਰਥ, ਰੇਸ: ਹਿਊਮਨ, ਪੋਲਟਿਕਸ: ਫ਼੍ਰੀਡਮ ਅਤੇ ਰਿਲੀਜ਼ਨ: ਲਵ ਲਿਖਵਾਇਆ ਹੋਇਆ ਸੀ।
29 ਸਾਲਾ ਬ੍ਰੈਂਟਨ ਹੈਰੀਸਨ ਟਾਰਾਂਟ ਨੂੰ ਕ੍ਰਾਈਸਟਚਰਚ ਦੀ ਹਾਈ ਕੋਰਟ ਵਿੱਚ ਕਤਲ ਦੇ 51 ਦੋਸ਼ਾਂ, ਕਤਲ ਦੀ ਕੋਸ਼ਿਸ਼ ਦੇ 40 ਦੋਸ਼ਾਂ ਅਤੇ ਇੱਕ ਅਤਿਵਾਦੀ ਕਾਰਵਾਈ ਕਰਨ ਦੇ ਦੋਸ਼ ਵਿੱਚ ਸਜਾ ਸੁਣਾਈ ਜਾ ਰਹੀ ਹੈ।
ਅੱਜ ਦੀਆਂ ਖ਼ਬਰਾਂ ਮੁਤਾਬਿਕ ਕ੍ਰਾਈਸਟਚਰਚ ਦਾ ਅਤਿਵਾਦੀ ਉਸ ਦੀ ਸਜ਼ਾ ਸੁਣਨ’ਤੇ ਨਹੀਂ ਬੋਲੇਗਾ, ਪਰ ਕ੍ਰਾਊਨ ਵੱਲੋਂ ਨਿਯੁਕਤ ਇੱਕ ਵਕੀਲ ਆਪਣੀ ਤਰਫ਼ੋਂ ਇੱਕ ਸੰਖੇਪ ਵੇਰਵਾ ਪੇਸ਼ ਕਰੇਗਾ।
ਉਮੀਦ ਹੈ ਕਿ ਵੀਰਵਾਰ ਨੂੰ ਸਜ਼ਾ ਸੁਣਾਏ ਜਾਣ ਦਾ ਕੰਮ ਪੂਰਾ ਹੋ ਜਾਵੇਗਾ, ਜਦੋਂ ਹਮਲਾਵਰ ਟਾਰਾਂਟ ਆਪਣੀ ਕਿਸਮਤ ਲਿਖੇਗਾ।