ਕ੍ਰਾਈਸਟਚਰਚ ਰਹਿੰਦੇ ਦੋ ਭਾਰਤ ਪੰਜਾਬੀ ਗੱਭਰੂ ਕਮਲਪ੍ਰੀਤ ਅਤੇ ਲਵਪ੍ਰੀਤ ਦੀ ਦੁਰਘਟਨਾ ‘ਚ ਮੌਤ

ਕ੍ਰਾਈਸਟਚਰਚ 29 ਮਾਰਚ (ਕੂਕ ਸਮਾਚਾਰ) – ਇੱਥੇ ਇੱਕ ਸੜਕ ਹਾਦਸੇ ਵਿੱਚ ਦੋ ਭਾਰਤੀ ਪੰਜਾਬੀ ਮੁੰਡਿਆਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਹ ਦੋਵੇਂ ਕਮਲਪ੍ਰੀਤ ਸਿੰਘ (24) ਸਪੁੱਤਰ ਸ. ਜਗਰੂਪ ਸਿੰਘ ਪਿੰਡ ਖਾਸੀ ਕਲਾਂ ਜ਼ਿਲ੍ਹਾ ਲੁਧਿਆਣਾ ਅਤੇ ਲਵਪ੍ਰੀਤ ਸਿੰਘ (19) ਸਪੁੱਤਰ ਪ੍ਰਗਟ ਸਿੰਘ ਪਿੰਡ ਕੁਮਾਰ ਮਾਜਰਾ ਕੁਰੂਕਸ਼ੇਤਰ (ਹਰਿਆਣਾ) ਦੇ ਰਹਿਣ ਵਾਲੇ ਸਨ। ਖ਼ਬਰ ਮੁਤਾਬਿਕ ਇਹ ਦੋਵੇਂ ਨੌਜਵਾਨ ਕਾਰ ਦੁਰਘਟਨਾ ਵੇਲੇ ਮੌਕੇ ‘ਤੇ ਹੀ ਦਮ ਤੋੜ ਗਏ ਸਨ।
ਕਮਲਪ੍ਰੀਤ ਸਿੰਘ ਵਰਕ ਨੂੰ ਨਿਊਜ਼ੀਲੈਂਡ ਆਏ ਨੂੰ ਹਾਲੇ 1 ਸਾਲ 4 ਮਹੀਨੇ ਹੀ ਹੋਏ ਸਨ ਤੇ ਉਹ ਵੀਜ਼ੇ ਉੱਤੇ ਸੀ। ਜਦੋਂ ਕਿ ਲਵਪ੍ਰੀਤ ਸਿੰਘ 6 ਕੁ ਮਹੀਨੇ ਪਹਿਲਾਂ ਇੱਥੇ ਪੜ੍ਹਨ ਆਇਆ ਸੀ। ਜਾਣਕਾਰੀ ਮੁਤਾਬਿਕ ਇਹ ਦੋਵੇਂ ਜਣੇ ਆਪਣੇ ਦੋਸਤ ਦੀ ਪਤਨੀ ਨੂੰ ਏਅਰਪੋਰਟ ਤੋਂ ਉਸ ਦੇ ਘਰ ਛੱਡ ਕੇ ਵਾਪਸ ਆਪਣੇ ਘਰ ਪਰਤ ਰਹੇ ਸਨ। ਘਰ ਵਾਪਸੀ ਵੇਲੇ ਉਨ੍ਹਾਂ ਹਾਲੇ ਲਗਭਗ 100 ਕਿੱਲੋਮੀਟਰ ਦਾ ਸਫ਼ਰ ਹੀ ਤੈਅ ਕੀਤਾ ਸੀ ਜਦੋਂ ਉਨ੍ਹਾਂ ਦੀ ਕਾਰ ਇਕ ਟਰੱਕ ਦੇ ਨਾਲ ਟਕਰਾ ਗਈ।
ਗੁਰਦੁਆਰਾ ਸਿੰਘ ਸਭਾ ਕ੍ਰਾਈਸਟਚਰਚ ਅਤੇ ਸਮੁੱਚੇ ਭਾਈਚਾਰੇ ਵੱਲੋਂ ਇਨ੍ਹਾਂ ਦੇ ਮ੍ਰਿਤਕ ਦੇਹ ਨੂੰ ਵਾਪਸ ਭਾਰਤ ਰਹਿੰਦੇ ਪਰਿਵਾਰ ਕੋਲ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਪਰਿਵਾਰ ਦੀਮਾਇਕ ਸਹਾਇਤਾ ਵਾਸਤੇ ਡੋਨੇਸ਼ਨ ਫ਼ੰਡ ਇਕੱਠਾ ਕੀਤਾ ਜਾ ਰਿਹਾ ਹੈ। ਭਾਰਤੀ ਹਾਈ ਕਮਿਸ਼ਨ, ਏ.ਸੀ.ਸੀ. ਵਿਭਾਗ ਅਤੇ ਇੰਸ਼ੋਰੈਂਸ ਕੰਪਨੀ ਵੱਲੋਂ ਵੀ ਇਸ ਮਾਮਲੇ ਵਿੱਚ ਸਹਾਇਤਾ ਕਰ ਰਹੀ ਹੈ।