ਖਡੂਰ ਸਾਹਿਬ ਜ਼ਿਮਨੀ ਚੋਣ ਸ. ਰਵਿੰਦਰ ਸਿੰਘ ਬ੍ਰਹਮਪੁਰਾ ਨੇ ਜਿੱਤੀ

Ravinder-Singh-Brahmppura-1-355x3262252 ਵੋਟਰਾਂ ਨੇ ਨੋਟਾ ਦੀ ਵਰਤੋਂ ਕੀਤੀ
ਚੰਡੀਗੜ੍ਹ, ੧੬ ਫਰਵਰੀ – 14 ਫਰਵਰੀ ਨੂੰ ਹੋਈ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦਾ ਨਤੀਜਾ ਅੱਜ ਐਲਾਨਿਆ ਗਿਆ ਜਿਸ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ. ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਪਣੇ ਵਿਰੋਧੀ ਉਮੀਦਵਾਰ ਭੁਪਿੰਦਰ ਸਿੰਘ ਬਿੱਟੂ ਨੂੰ 65,664 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਸੀਟ ‘ਤੇ ਜਿੱਤ ਹਾਸਲ ਕੀਤੀ।  ਸ. ਬ੍ਰਹਮਪੁਰਾ ਨੂੰ ਕੁੱਲ ਪਈਆਂ 1,07,341 ਵੋਟਾਂ ਵਿੱਚੋਂ 83,080 ਵੋਟਾਂ ਹਾਸਲ ਹੋਈਆਂ ਜਦੋਂ ਕਿ ਆਜ਼ਾਦ ਉਮੀਦਵਾਰ ਸ. ਭੁਪਿੰਦਰ ਸਿੰਘ ਨੇ 17,416 ਵੋਟਾਂ ਹਾਸਲ ਕੀਤੀਆਂ। ਰਿਟਰਨਿੰਗ ਅਫ਼ਸਰ ਰਵਿੰਦਰ ਸਿੰਘ ਨੇ ਜੇਤੂ ਉਮੀਦਵਾਰ ਸ੍ਰੀ ਬ੍ਰਹਮਪੁਰਾ ਨੂੰ ਜਿੱਤ ਦਾ ਸਰਟੀਫਿਕੇਟ ਦਿੱਤਾ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਸ਼੍ਰੀ ਵੀ. ਕੇ. ਸਿੰਘ ਨੇ ਦੱਸਿਆ ਕਿ ਕੁਲ 7 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਸ. ਬ੍ਰਹਮਪੁਰਾ  ਅਤੇ ਸ. ਭੁਪਿੰਦਰ ਸਿੰਘ ਤੋਂ….. ਇਲਾਵਾ ਬਹੁਜਨ ਸਮਾਜ ਪਾਰਟੀ (ਅੰਬੇਦਕਰ) ਦੇ ਪੂਰਨ ਸਿੰਘ ਸ਼ੇਖ ਨੂੰ 1,815, ਅਨੰਤਜੀਤ ਸਿੰਘ ਸੰਧੂ ਆਜ਼ਾਦ ਉਮੀਦਵਾਰ ਨੂੰ 1,621 ਖਦੇਵ ਸਿੰਘ ਖੋਸਲਾ, ਆਜ਼ਾਦ ਨੂੰ 677, ਡਾ. ਸੁਮੇਲ ਸਿੰਘ ਸਿੱਧੂ, ਆਜ਼ਾਦ ਉਮੀਦਵਾਰ ਨੂੰ 2,243 ਅਤੇ ਹਰਜੀਤ ਸਿੰਘ ਆਜ਼ਾਦ ਨੂੰ 489 ਵੋਟਾਂ ਮਿਲੀਆਂ। ਸ਼੍ਰੀ ਸਿੰਘ ਨੇ ਦੱਸਿਆ ਕਿ 2,252 ਵੋਟਰਾਂ ਵੱਲੋਂ ਨਨ ਆਫ਼ ਦੀ ਅਬੱਵ (ਨੋਟਾ) ਦੀ ਵਰਤੋਂ ਕੀਤੀ ਗਈ। ਜਿੱਥੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਖਡੂਰ ਸਾਹਿਬ ਜ਼ਿਮਨੀ ਚੋਣ ਦੇ ਨਤੀਜੇ ਨੂੰ ਸੂਬੇ ਵਿੱਚ ਸ਼ਾਂਤੀ, ਫ਼ਿਰਕੂ ਸਦਭਾਵਨਾ, ਭਾਈਚਾਰੇ ਅਤੇ ਵਿਕਾਸ ਦੇ ਹਾਂ ਪੱਖੀ ਏਜੰਡੇ ਦੀ ਵੱਡੀ ਜਿੱਤ ਦੱਸਦੇ ਹੋਏ ਕਿਹਾ ਹੈ ਕਿ ਇਹ ਨਤੀਜੇ 2017 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੀ ਹੋਣ ਵਾਲੀ ਅਣਕਿਆਸੀ ਜਿੱਤ ਲਈ ਇਕ ਨੀਂਹ ਪੱਥਰ ਹੈ।
ਉੱਥੇ ਹੀ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਖਡੂਰ ਸਾਹਿਬ ਉਪ ਚੋਣ ਦੇ ਨਤੀਜੇ ਲਈ ਹਲਕੇ ਦੇ ਵੋਟਰਾਂ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਪੰਜਾਬ ਦੇ ਲੋਕ ਇਸੇ ਤਰ੍ਹਾਂ ਵਿਕਾਸ ਦੇ ਹੱਕ ਵਿੱਚ ਖੜ੍ਹਨਗੇ ਅਤੇ ਅਕਾਲੀ ਭਾਜਪਾ ਗੱਠਜੋੜ ਆਪਣੀ ਕਾਰਗੁਜ਼ਾਰੀ ਦੇ ਅਧਾਰ ‘ਤੇ ਹੀ ਚੋਣ ਮੈਦਾਨ ਵਿੱਚ ਨਿੱਤਰੇਗਾ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਖਡੂਰ ਸਾਹਿਬ ਜ਼ਿਮਨੀ ਚੋਣ ਦੇ ਨਤੀਜੇ ਨੂੰ ਮਹੱਤਵਹੀਣ ਦੱਸਦਿਆਂ ਕਿਹਾ ਕਿ ਅਸਲ ਟੱਕਰ ਤਾਂ ਅਗਲੇ ਸਾਲ ਹੋਣ ਵਾਲੀਆਂ ੨੦੧੭ ਦੀਆਂ ਵਿਧਾਨ ਸਭਾ ਚੋਣਾਂ ‘ਚ ਹੋਵੇਗੀ।