ਖੇਤਾਂ ਦਾ ਰਾਖਾ ਸੜਕਾਂ ‘ਤੇ ਹੈ!!

ਖੇਤਾਂ ਦਾ ਰਾਖਾ, ਅੰਨ ਦਾਤਾ,
ਅੱਜ ਕੱਲ੍ਹ ਖੇਤਾਂ ‘ਚ ਨਹੀਂ
ਸੜਕਾਂ ‘ਤੇ ਨਜ਼ਰ ਆ ਰਿਹਾ!
ਹੁਣ ਸਵਾਲੀ ਬਣ ਕੇ ਨਹੀਂ
ਸਵਾਲ ਲੈ ਕੇ ਆਇਆ ਹੈ
ਕਾਲੇ ਕਾਨੂੰਨਾਂ ਖ਼ਿਲਾਫ਼
ਕਾਨੂੰਨ ਘਾੜਿਆਂ ਦੇ ਸਾਹਵੇਂ।
ਮਿੱਟੀ ਦਾ ਪੁੱਤ ਸੋਚਦਾ ਹੈ
ਵੋਟਾਂ ਵੇਲੇ ਤਾਂ ਇਨ੍ਹਾਂ ਦੇ ਨਾਲ
ਖੜ੍ਹਿਆਂ ਸਾਂ ਮੈਂ,
ਭਾਸ਼ਣ ਵੀ ਸੁਣੇ
ਤੇ ਨਾਅਰੇ ਵੀ ਲਾਏ ਸੀ ਬਥੇਰੇ,
ਝੰਡੀਆਂ ਚੁੱਕ ਜਲੂਸਾਂ ਜਲਸਿਆਂ
‘ਚ ਵੀ ਗਿਆ ਸਾਂ
ਆਸ ਲੈ ਕੇ ਸ਼ਾਇਦ
‘ਜੱਟਾ ਤੇਰੀ ਜੂਨ ਬੁਰੀ’
ਵਾਲਾ ਅਖਾਣ ਝੂਠਾ ਹੋ ਜਾਵੇ ਕਿਤੇ।
ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ
ਨਵੀਆਂ ਸਕੀਮਾਂ ਵੀ ਬਣਦੀਆਂ ਰਹੀਆਂ
ਭਾਰੇ ਭਾਰੇ ਸ਼ਬਦਾਂ ਦੇ ਗ਼ਿਲਾਫ਼ਾਂ ‘ਚ
ਲਿਪਟੀਆਂ ਸਿਮਟੀਆਂ।
ਪਰ ਨਾ ਤਾਂ ਕਰਜ਼ਿਆਂ ਵਾਲੀ
ਪੰਡ ਹੋਈ ਹੌਲੀ
ਤੇ ਨਾ ਹੀ ਮੁੱਕਿਆ
ਖੁਦਕੁਸ਼ੀਆਂ ਦਾ ਸਿਲਸਿਲਾ।
ਪੱਲੇ ਪਈ ਸਿਰਫ਼ ਨਿਰਾਸ਼ਾ
ਟੁੱਟੇ ਸੁਪਨੇ ਤੇ ਖੇਰੂੰ ਖੇਰੂੰ ਹੋਈਆਂ ਆਸਾਂ।
ਪਰ ਹੁਣ ਸ਼ਾਇਦ ਉਸ ਨੂੰ ਸਮਝ
ਆਉਣ ਲੱਗ ਗਿਐ
ਕੁਰਸੀਆਂ ਵਾਲਿਆਂ ਦਾ
ਕਥਨੀ ਤੇ ਕਰਨੀ ਵਿਚਲਾ ਫ਼ਾਸਲਾ।
ਮੱਥੇ ‘ਚ ਉਸ ਦੇ ਜਗ ਪਈ ਹੈ ਮਸ਼ਾਲ
ਚਾਨਣੇ ‘ਚ ਇਸ ਦੇ
ਇਕ ਸੋਚ ਜਗੀ ਹੈ, ਮਘੀ ਹੈ
ਸੁੱਚੀ ਕਿਰਤ ਤੇ ਰਿਜ਼ਕ ‘ਤੇ ਹੈ
ਅੱਖ ਕਿਸੇ ਦੀ,
ਤੇ ਉਹ ਹੁਣ ਸੜਕਾਂ ‘ਤੇ ਹੈ
ਪੂਰੇ ਰੋਹ ‘ਚ
ਕੱਲਮੁਕੱਲਾ ਨਹੀਂ
ਕਾਫ਼ਲੇ ਦੀ ਸ਼ਕਲ ‘ਚ
ਵੱਡੇ ਕਾਫ਼ਲਿਆਂ ਦੀ ਸ਼ਕਲ ‘ਚ!!!

  • ਪ੍ਰੋ ਕਵਲਜੀਤ ਕੌਰ, ਸਾਬਕਾ ਮੁਖੀ
    ਪੋਸਟ ਗਰੈਜੂਏਸ਼ਨ ਪੰਜਾਬੀ ਵਿਭਾਗ, ਐਚ ਐਮ ਵੀ ਜਲੰਧਰ
    E-mail: prof_kulbir?yahoo.com