ਗਲੀ ਅੱਸੀ ਚੰਗੀਆਂ ਆਚਾਰੀ ਬੁਰੀਆਹ -ਜਸਵੰਤ ਸਿੰਘ ‘ਅਜੀਤ’

ਜਦੋਂ ਕਦੀ ਵੀ ਕਿਸੇ ਸੰਸਥਾ ਵੱਲੋਂ ਸਿੱਖੀ ਨੂੰ ਢਹਿੰਦੀ ਕਲਾ ਵਿਚੋਂ ਉਭਾਰਨ ਦਾ ਰਾਹ ਤਲਾਸ਼ਣ ਲਈ ਸੈਮੀਨਾਰ ਜਾਂ ਕਿਸੇ ਸਮਾਗਮ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਉਸ ਵਿਚ ਪੰਥ-ਦਰਦੀ ਵਿਦਵਾਨ ਤੇ ਬੁੱਧੀਜੀਵੀ ਬੁਲਾਰਿਆਂ ਵੱਲੋਂ ਬਹੁਤ ਹੀ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕਰਦਿਆਂ ਜੋ ਉਸਾਰੂ ਸੁਝਾਵਾਂ ਦਿੱਤੇ ਜਾਂਦੇ ਹਨ, ਉਨ੍ਹਾਂ ਦੀ ਚਰਚਾ ਕਰਦਿਆਂ ਸੰਸਥਾ ਦੇ ਮੁਖੀਆਂ ਵੱਲੋਂ ਭਰੋਸਾ ਦੁਆਇਆ ਜਾਂਦਾ ਹੈ ਕਿ ਇਸ ਵਿਚਾਰ-ਚਰਚਾ ਦੌਰਾਨ ਵਿਦਵਾਨ-ਬੁੱਧੀਜੀਵੀਆਂ ਵੱਲੋਂ ਦਿੱਤੇ ਗਏ ਸੁਝਾਵਾਂ ਦੀ ਗੰਭੀਰਤਾ ਦੇ ਨਾਲ ਘੋਖ ਕਰ, ਉਸਾਰੂ ਤੇ ਤੁਰੰਤ ਅਮਲ ਵਿਚ ਲਿਆਂਦੇ ਜਾ ਸਕਣ ਵਾਲੇ ਸੁਝਾਵਾਂ ਪੁਰ, ਬਿਨਾਂ ਕਿਸੇ ਦੇਰੀ ਦੇ ਅਮਲ ਸ਼ੁਰੂ ਕਰ ਦਿੱਤਾ ਜਾਇਗਾ, ਤਾਂ ਧੀਰਜ ਬੱਝਦਾ ਹੈ ਕਿ ਛੇਤੀ ਹੀ ਸਿੱਖੀ ਅਤੇ ਸਿੱਖਾਂ ਨੂੰ ਢਹਿੰਦੀ ਕਲਾ ਵਿਚੋਂ ਉਭਾਰ, ਚੜ੍ਹਦੀਕਲਾ ਵਿਚ ਲਿਜਾਣ ਲਈ ਉਸਾਰੂ ਤੇ ਪ੍ਰਭਾਵੀ ਜਤਨ ਅਰੰਭ ਹੋ ਜਾਣਗੇ। ਸਿੱਖੀ ਨੂੰ ਜੋ ਢਾਹ ਲਗਦੀ ਵਿਖਾਈ ਦੇ ਰਹੀ ਹੈ, ਉਸ ਨੂੰ ਠੱਲ੍ਹ ਪੈ ਜਾਇਗੀ। ਪਰ ਛੇਤੀ ਹੀ ਸਭ ਕੁਝ ਕਾਗ਼ਜ਼ੀ ਕਾਰਵਾਈ ਬਣ ਕੇ ਰਹਿ ਜਾਂਦਾ ਹੈ ‘ਤੇ ਸਭ-ਕੁਝ ਪਹਿਲਾਂ ਵਾਂਗ ਹੀ ਚੱਲਣ ਲਗਦਾ ਹੈ।
ਇਸੇ ਸੰਬੰਧ ਵਿਚ ਬੀਤੇ ਸਮੇਂ ਵਿਚ ਹੋਏ ਕੁਝ ਅਜਿਹੇ ਸਮਾਗਮਾਂ ਦਾ ਜ਼ਿਕਰ ਕਰਨਾ ਕੁਥਾਉਂ ਨਹੀਂ ਹੋਵੇਗਾ, ਜਿਨ੍ਹਾਂ ਵਿਚ ਕਹਿੰਦੇ-ਕਹਾਉਂਦੇ ਪੰਥਕ ਆਗੂਆਂ ਨੇ ਬੜੇ ਭਰੋਸੇ ਦੁਆਏ ਸਨ, ਕਿ ਉਹ ਪੰਥ ਨੂੰ ਢਹਿੰਦੀ ਕਲਾ ਵਿਚੋਂ ਉਭਾਰਨ ਤੇ ਨੌਜਵਾਨਾਂ ਨੂੰ ਮੁੜ ਸਿੱਖੀ ਵਿਰਸੇ ਨਾਲ ਜੋੜਨ ਪ੍ਰਤੀ ਪੂਰੀ ਤਰ੍ਹਾਂ ਇਮਾਨਦਾਰ ਹਨ।
ਕੁਝ ਵਰ੍ਹੇ ਪਹਿਲਾਂ ਦੇਸ ਦੀ ਰਾਜਧਾਨੀ, ਦਿੱਲੀ ਦੀ ਇਕ ਜਥੇਬੰਦੀ ਵੱਲੋਂ ਪੰਥਕ ਕਨਵੈੱਨਸ਼ਨ ਦਾ ਆਯੋਜਨ ਕੀਤਾ ਗਿਆ, ਜਿਸ ਦਾ ਉਦੇਸ਼ ਸਿੱਖ ਨੌਜਵਾਨਾਂ ਵਿਚ ਸਿੱਖੀ ਵਿਰਸੇ ਨਾਲੋਂ ਟੁੱਟਣ, ਸਿੱਖੀ-ਸਰੂਪ ਨੂੰ ਤਿਆਗਣ ਅਤੇ ਨਸ਼ਿਆਂ ਦੇ ਸੇਵਨ ਵਲ ਵਧ ਰਹੇ ਉਨ੍ਹਾਂ ਦੇ ਝੁਕਾਅ ਨੂੰ ਠੱਲ੍ਹ ਪਾ, ਉਨ੍ਹਾਂ ਨੂੰ ਮੁੜ ਸਿੱਖੀ ਵਿਰਸੇ ਨਾਲ ਜੋੜਨ ਦੇ ਉਪਾਅ ਤਲਾਸ਼ਣਾ ਸੀ। ਇਸ ਕਨਵੈੱਨਸ਼ਨ ਵਿਚ ਵਿਚਾਰ ਪ੍ਰਗਟ ਕਰਨ ਵਾਲੇ ਹਰ ਬੁਲਾਰੇ ਨੇ, ਅੱਜ ਸਿੱਖੀ ਨੂੰ ਜਿਨ੍ਹਾਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦਿਨ ਪ੍ਰਤੀ ਦਿਨ ਉਨ੍ਹਾਂ ਚੁਨੌਤੀਆਂ ਵਿਚ ਹੋ ਰਹੇ ਵਾਧੇ ਪੁਰ ਚਿੰਤਾ ਪ੍ਰਗਟ ਕੀਤੀ ਅਤੇ ਇਸ ਦੇ ਲਈ ਧਾਰਮਿਕ ਜਥੇਬੰਦੀਆਂ ਵੱਲੋਂ ਧਰਮ ਪ੍ਰਚਾਰ ਪ੍ਰਤੀ ਆਪਣੀ ਜ਼ਿਮੇਂਦਾਰੀ ਇਮਾਨਦਾਰੀ ਨਾਲ ਨਿਭਾਉਣ ਪੱਖੋਂ ਕੀਤੀ ਜਾ ਰਹੀ ਅਣਗਹਿਲੀ ਨੂੰ ਦੋਸ਼ੀ ਠਹਿਰਾਇਆ।
ਇਸ ਮੌਕੇ ਤੇ ਇਨ੍ਹਾਂ ਵਿਦਵਾਨ ਬੁਲਾਰਿਆਂ ਨੇ, ਇਸ ਸਥਿਤੀ ਨੂੰ ਸੰਭਾਲਣ, ਕੌਮੀ ਪਨੀਰੀ ਨੂੰ ਸਿੱਖੀ ਵਿਰਸੇ ਨਾਲ ਜੋੜੀ ਰੱਖਣ ਅਤੇ ਵਿਰਸੇ ਨਾਲੋਂ ਟੁੱਟ, ਭਟਕ ਗਏ ਨੌਜਵਾਨਾਂ ਨੂੰ ਮੁੜ ਵਿਰਸੇ ਨਾਲ ਜੋੜਨ ਲਈ, ਜੋ ਸੁਝਾਉ ਦਿੱਤੇ, ਉਨ੍ਹਾਂ ਵਿਚੋਂ ਕੁਝ ਮੁੱਖ ਸੁਝਾਅ ਇਹ ਸਨ : ਹਰ ਇੱਕ ਸਿੰਘ ਸਭਾ ਨਾਲ ਨਰਸਰੀ ਸਕੂਲ ਦੀ ਸਥਾਪਨਾ ਕੀਤੀ ਜਾਏ, ਖਾਲਸਾ ਹੋਸਟਲ ਕਾਇਮ ਕੀਤੇ ਜਾਣ, ਸਿੱਖ ਆਗੂਆਂ, ਵਿਸ਼ੇਸ਼ ਕਰ, ਧਾਰਮਕ ਸੰਸਥਾਵਾਂ ਦੇ ਪ੍ਰਬੰਧ ਨਾਲ ਸੰਬੰਧਿਤ ਮੁਖੀਆਂ, ਪ੍ਰਚਾਰਕਾਂ, ਰਾਗੀਆਂ, ਗ੍ਰੰਥੀਆਂ ਤੇ ਸੇਵਾਦਾਰਾਂ ਆਦਿ ਦਾ ਜੀਵਨ-ਆਚਰਣ ਧਾਰਮਕ ਮਾਨਤਾਵਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਅਨੁਸਾਰ ਢਲਿਆ ਹੋਵੇ। ਗੁਰਧਾਮਾਂ ਵਿਚ ਸਿੱਖੀ ਦੇ ਬੁਨਿਆਦੀ ਆਦਰਸ਼ਾਂ ਤੇ ਸਿਧਾਂਤਾਂ, ਜੋ ਗੁਰੂ ਸਾਹਿਬ ਦੇ ਉਪਦੇਸ਼ਾਂ ਪੁਰ ਅਧਾਰਿਤ ਹਨ, ਪੁਰ ਦ੍ਰਿੜ੍ਹਤਾ ਨਾਲ ਪਹਿਰਾ ਦਿੱਤਾ ਜਾਏ।
ਇਨ੍ਹਾਂ ਸੁਝਾਵਾਂ ਨੂੰ ਗੰਭੀਰਤਾ ਨਾਲ ਘੋਖਿਆਂ, ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਸੁਝਾਅ ਬਹੁਤ ਹੀ ਉਸਾਰੂ ਹਨ। ਜੇ ਇਨ੍ਹਾਂ ਪੁਰ ਇਮਾਨਦਾਰੀ ਨਾਲ ਅਮਲ ਕੀਤਾ ਜਾਏ ਤਾਂ ਇਸ ਦੇ ਬਹੁਤ ਚੰਗੇ ਨਤੀਜੇ ਸਾਹਮਣੇ ਆ ਸਕਦੇ ਹਨ। ਇਸ ਦੇ ਨਾਲ ਹੀ ਇਨ੍ਹਾਂ ਪੁਰ ਅਮਲ ਕਰਨ ਨਾਲ, ਧਾਰਮਕ ਸੰਸਥਾਵਾਂ ਦਾ ਅਕਸ ਤੇ ਸਿੱਖੀ ਦਾ ਭਵਿੱਖ ਸੰਵਾਰਿਆ ਜਾ ਸਕਦਾ ਹੈ। ਪਰ ਸੁਆਲ ਉੱਠਦਾ ਹੈ ਕਿ ਬੀਤੇ ਸਮੇਂ ਦੌਰਾਨ, ਕਿਸੇ ਨੇ ਵੀ ਇੱਥੋਂ ਤਕ ਕਿ ਕਨਵੈੱਨਸ਼ਨ ਦੀ ਆਯੋਜਕਾਂ ਵੱਲੋਂ ਵੀ, ਇਨ੍ਹਾਂ ਸੁਝਾਵਾਂ ਵਿਚੋਂ ਕਿਸੇ ਇਕ ਪੁਰ ਵੀ ਅਮਲ ਕਰਨ ਵਲ ਕਦਮ ਵਧਾਇਆ ਗਿਆ ਹੈ?
ਇਸ ਤੋਂ ਕੁਝ ਹੀ ਸਮੇਂ ਬਾਅਦ ਦਿੱਲੀ ਦੀ ਹੀ ਇੱਕ ਹੋਰ ਸੰਸਥਾ ਨੇ ‘ਗੁਰਦੁਆਰਾ ਪ੍ਰਬੰਧ : ਇਕ ਵਿਸ਼ਲੇਸ਼ਣ’ ਵਿਸ਼ੇ ਪੁਰ ਆਧਾਰਤ ਸੈਮੀਨਾਰ ਦਾ ਆਯੋਜਨ ਕੀਤਾ। ਉਸ ਸੈਮੀਨਾਰ ਵਿਚ ਵੀ ਬੁੱਧੀਜੀਵੀ-ਬੁਲਾਰਿਆਂ ਨੇ ਗੁਰਦੁਆਰਾ ਪ੍ਰਬੰਧ ਅਤੇ ਧਾਰਮਕ ਸੰਸਥਾਵਾਂ ਵਿਚ ਆ ਰਹੀਆਂ ਬੁਰਿਆਈਆਂ ਲਈ ਮੁੱਖ ਰੂਪ ਵਿਚ ਇਨ੍ਹਾਂ ਗੁਰਦੁਆਰਾ ਪ੍ਰਬੰਧ ਦੀ ਜ਼ਿਮੇਂਦਾਰੀ ਨਿਭਾਉਂਦਿਆਂ ਚਲੀਆਂ ਆ ਰਹੀਆਂ ਸੰਸਥਾਵਾਂ ਦੇ ਮੈਂਬਰਾਂ ‘ਤੇ ਪ੍ਰਬੰਧਕਾਂ ਦੀ ਚੋਣ ਲਈ, ਅਪਣਾਈ ਹੋਈ ਪ੍ਰਣਾਲੀ ਨੂੰ ਦੋਸ਼ੀ ਠਹਿਰਾਇਆ। ਉਨ੍ਹਾਂ ਇਸ ਗਲ ਤੇ ਜ਼ੋਰ ਦਿੱਤਾ ਕਿ ਇਸ ਚੋਣ-ਪ੍ਰਣਾਲੀ ਦਾ ਕੋਈ ਹੋਰ ਚੰਗਾ ਪ੍ਰਭਾਵਸ਼ਾਲੀ ਬਦਲ ਲੱਭਿਆ ਜਾਣਾ ਚਾਹੀਦਾ ਹੈ। ਉਨ੍ਹਾਂ ਇਸ ਦਾ ਕਾਰਣ ਇਹ ਦੱਸਿਆ ਕਿ ਵਰਤਮਾਨ ਚੋਣ-ਪ੍ਰਣਾਲੀ ਪੁਰ ਹੋ ਰਹੇ ਅਮਲ ਰਾਹੀਂ, ਕਈ ਅਜਿਹੇ ਵਿਅਕਤੀ ਗੁਰਦੁਆਰਾ ਪ੍ਰਬੰਧ ਪੁਰ ਕਾਬਜ਼ ਹੋ ਰਹੇ ਹਨ, ਜਿਨ੍ਹਾਂ ਦਾ ਆਚਰਣ ਸਿੱਖੀ ਦੀਆਂ ਮਾਨਤਾਵਾਂ ਦੇ ਵਿਰੁੱਧ ਹੁੰਦਾ ਹੈ। ਅਜਿਹੇ ਵਿਅਕਤੀ ਗੁਰਦੁਆਰਾ ਪ੍ਰਬੰਧ ਵਿਚ ਆ, ਮੈਂਬਰੀ ਨੂੰ ਹੀ ਆਪਣੀ ਰੋਜ਼ੀ-ਰੋਟੀ ਦਾ ਸਾਧਨ ਬਣਾ ਲੈਂਦੇ ਹਨ। ਫਲਸਰੂਪ ਧਾਰਮਕ ਸੰਸਥਾਵਾਂ ਵਿਚ ਦਿਨ-ਬ-ਦਿਨ ਭ੍ਰਿਸ਼ਟਾਚਾਰ ਦਾ ਵਾਧਾ ਹੋਣ ਲਗਦਾ ਹੈ। ਜਿਸ ਕਾਰਣ ਇਹ ਸੰਸਥਾਵਾਂ ਧਾਰਮਕ ਮਰਿਆਦਾਵਾਂ ਅਤੇ ਪਰੰਪਰਾਵਾਂ ਦੀ ਰੱਖਿਆ ਕਰਨ ਪ੍ਰਤੀ ਆਪਣੀ ਜ਼ਿਮੇਂਦਾਰੀ ਨਿਭਾਉਣ ਵਿਚ ਸਫਲ ਨਹੀਂ ਹੋ ਪਾਂਦੀਆਂ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਸੋਚ ਵਿਚ ਦੰਮ ਹੈ, ਪਰ ਸੁਆਲ ਉੱਠਦਾ ਹੈ ਕਿ ਬੀਤੇ ਸਮੇਂ ਵਿਚ ਇਸ ਜਥੇਬੰਦੀ ਨੇ, ਸੈਮੀਨਾਰ ਵਿਚ ਆਏ ਸੁਝਾਅ ਅਨੁਸਾਰ ਵਰਤਮਾਨ ਚੋਣ-ਪ੍ਰਣਾਲੀ ਦਾ ਕੋਈ ਸਾਰਥਿਕ ਬਦਲ ਲੱਭਣ ਦਾ ਉਪਰਾਲਾ ਕੀਤਾ ਹੈ ਜਾਂ ਇਹ ਸੁਝਾਅ ਦੇਣ ਵਾਲੇ ਬੁੱਧੀਜੀਵੀਆਂ ਨੇ ਇਸ ਦਾ ਕੋਈ ਉਪਯੋਗੀ ਬਦਲ ਪੇਸ਼ ਕੀਤਾ ਹੈ? ਸ਼ਾਇਦ ਨਹੀਂ। ਕੇਵਲ ਇਤਨਾ ਆਖ, ਕਿ ਵਰਤਮਾਨ ਪ੍ਰਣਾਲੀ ਦਾ ਕੋਈ ਬਦਲ ਲੱਭਿਆ ਜਾਏ ਜਾਂ ਇਹ ਆਖ ਕਿ ਇਸ ਦੇ ਬਦਲ ਤਾਂ ਕਈ ਹਨ, ਜਿਨ੍ਹਾਂ ਵਿਚੋਂ ਕੋਈ ਚੰਗਾ ਬਦਲ ਅਪਣਾਇਆ ਜਾ ਸਕਦਾ ਹੈ, ਪੱਲਾ ਕਿਉਂ ਝਾੜ ਲਿਆ ਜਾਂਦਾ ਹੈ? ਕੀ ਅਜਿਹਾ ਕਰ, ਕੌਮ ਨੂੰ ਦੁਬਿਧਾ ਵਿਚ ਪਾਣਾ, ਸਿੱਖ ਰਾਜਨੀਤੀ ਦੇ ਖਿਡਾਰੀਆਂ ਤੇ ਬੁੱਧੀਜੀਵੀ-ਵਿਦਵਾਨਾਂ ਦਾ ਸੁਭਾਅ ਨਹੀਂ ਬਣ ਗਿਆ ਹੋਇਆ?
ਇਸੇ ਮੌਕੇ ਤੇ ਕੁਝ ਵਿਦਵਾਨ-ਬੁੱਧੀਜੀਵੀਆਂ ਨੇ ਆਪਣੀ ਵਿਦਵਤਾ ਦਾ ਸਿੱਕਾ ਬਿਠਾਉਣ ਲਈ, ਗੁਰਦੁਆਰਾ ਪ੍ਰਬੰਧਕਾਂ ਦੀ ਚੋਣ ਲਈ ਅਪਨਾਈ ਗਈ ਚੋਣ ਪ੍ਰਣਾਲੀ ਦਾ ਵਿਰੋਧ ਕਰਦਿਆਂ, ਇਹ ਦਲੀਲ ਤਕ ਦੇ ਦਿੱਤੀ ਕਿ ਨਾ ਤਾਂ ਗੁਰੂ ਨਾਨਕ ਦੇਵ ਜੀ ਨੇ ਗੁਰਗੱਦੀ ਦੀ ਸੌਂਪਣਾ ਅਤੇ ਨਾ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਦੀ ਚੋਣ ਕਰਨ ਲਈ ਕਿਸੇ ਤਰ੍ਹਾਂ ਦੇ ਮਤਦਾਨ ਦਾ ਸਹਾਰਾ ਲਿਆ ਸੀ। ਇਸ ਕਰ ਕੇ ਵਰਤਮਾਨ ਵਿਚ ਵੀ ਗੁਰਦੁਆਰਾ ਪ੍ਰਬੰਧਕਾਂ ਦੀ ਚੋਣ ਲਈ ਮਤਦਾਨ ਦਾ ਸਹਾਰਾ ਨਹੀਂ ਲਿਆ ਜਾਣਾ ਚਾਹੀਦਾ। ਇਉਂ ਜਾਪਦਾ ਹੈ, ਜਿਵੇਂ ਇਹ ਦਲੀਲ ਦੇਣ ਵਾਲੇ ਵਿਦਵਾਨ ਬੁੱਧੀਜੀਵੀ ਅਪ੍ਰਤੱਖ ਰੂਪ ਵਿਚ ਇਹ ਕਹਿਣਾ ਚਾਹੁੰਦੇ ਸਨ ਕਿ ਇਨ੍ਹਾਂ ਦੀ ਚੋਣ ਦਾ ਅਧਿਕਾਰ ਉਨ੍ਹਾਂ ਨੂੰ ਸੌਂਪ ਦੇਣਾ ਚਾਹੀਦਾ ਹੈ। ਵਿਚਾਰਨ ਵਾਲੀ ਗਲ ਤਾਂ ਇਹ ਹੈ ਕਿ ਕੀ ਉਨ੍ਹਾਂ ਜਾਂ ਕਿਸੇ ਹੋਰ ਵਿਚ ਇਹ ਸਮਰੱਥਾ ਹੈ ਕਿ ਉਹ ਉਸ ਤਰ੍ਹਾਂ ਦੀ ਚੋਣ ਕਰ ਸਕੇ, ਜਿਸ ਤਰ੍ਹਾਂ ਦੀ ਗੁਰੂ ਸਾਹਿਬਾਂ ਨੇ ਕੀਤੀ ਸੀ? ਅੱਜ ਕਲ ਦੇ ਵਿਦਵਾਨ-ਬੁੱਧੀਜੀਵੀਆਂ ਦਾ ਤਾਂ ਇਹ ਸੁਭਾਅ ਬਣ ਚੁਕਾ ਹੈ ਕਿ ਜਿਸ ਢੰਗ ਜਾਂ ਪ੍ਰਣਾਲੀ ਤੇ ਚੱਲਣ ਦੀ ਸਮਰੱਥਾ ਨਾ ਹੋਵੇ ਜਾਂ ਉਸ ਦਾ ਬਦਲ ਤਲਾਸ਼ਣਾ ਉਨ੍ਹਾਂ ਦੇ ਵੱਸ ਦਾ ਰੋਗ ਨਾ ਹੋਵੇ, ਉਸ ਨੂੰ ਮਾੜਾ ਕਹਿ, ਭੰਡ ਦਿਓ, ਕੌਮ ਭੰਬਲਭੂਸੇ ਵਿਚ ਪੈਂਦੀ ਹੈ ਤਾਂ ਪਈ ਪਵੇ। ਉਨ੍ਹਾਂ ਦੀ ਵਿਦਵਤਾ ਦਾ ਸਿੱਕਾ ਤਾਂ ਬੈਠ ਹੀ ਜਾਂਦਾ ਹੈ ਨਾ। ਚਾਹੀਦਾ ਤਾਂ ਇਹ ਹੈ ਕਿ ਜੇ ਕਿਸੇ ਪ੍ਰਣਾਲੀ ਨੂੰ ਮਾੜਾ ਕਹਿਣ ਦੀ ਹਿੰਮਤ ਕੀਤੀ ਹੈ, ਤਾਂ ਉਸ ਨੂੰ ਸੁਧਾਰਨ ਦੀ ਸਮਰੱਥਾ ਦਾ ਅਹਿਸਾਸ ਵੀ ਕਰਵਾਇਆ ਜਾਏ। ਇਹ ਗਲ ਸਮਝ ਲੈਣੀ ਚਾਹੀਦੀ ਹੈ ਕਿ ਕਈ ਢੰਗ-ਪ੍ਰਣਾਲੀਆਂ ਜਾਂ ਰਸਤੇ ਅਜਿਹੇ ਹੁੰਦੇ ਹਨ, ਜਿਨ੍ਹਾਂ ਦਾ ਬਦਲ ਲੱਭਣਾ ਉਤਨਾ ਆਸਾਨ ਨਹੀਂ ਹੁੰਦਾ, ਜਿਤਨਾ ਕਿ ਉਨ੍ਹਾਂ ਨੂੰ ਮਾੜਾ ਕਹਿ ਦੇਣਾ। ਜੇ ਸੁਚੱਜਾ ਬਦਲ, ਜਿਸ ਤੇ ਅਮਲ ਕੀਤਾ ਜਾ ਸਕਦਾ ਹੋਵੇ, ਨਜ਼ਰ ਨਾ ਆਏ ਤਾਂ ਸਥਾਪਤ ਪ੍ਰਣਾਲੀ ਨੂੰ ਹੀ ਸੁਧਾਰਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।
ਗਲ ਇਤਨੇ ਨਾਲ ਹੀ ਨਹੀਂ ਮੁੱਕਦੀ ਇਨ੍ਹਾਂ ਦੋਹਾਂ ਸੈਮੀਨਾਰਾਂ ਤੋਂ ਬਾਅਦ ਇਕ ਹੋਰ ਸੰਸਥਾ ਵੱਲੋਂ ਇਸੇ ਤਰ੍ਹਾਂ ਦਾ ਇਕ ਸੰਮੇਲਨ ਬੁਲਾਏ ਜਾਣ ਦੀ ਰੂਪ-ਰੇਖਾ ਉਲੀਕੀ ਗਈ। ਇਸ ਸੰਮੇਲਨ, ਜਿਸ ਦਾ ਉਦੇਸ਼ ਵੀ ਸਿੱਖ ਨੌਜਵਾਨਾਂ ਵਿਚ ਵਧ ਰਹੇ ਪਤਿਤ-ਪੁਣੇ ਅਤੇ ਨਸ਼ਿਆਂ ਵਲ ਝੁਕਾਅ ਨੂੰ ਠੱਲ੍ਹ ਪਾਣ ਦੇ ਉਪਾਅ ਤਲਾਸ਼ਣਾ ਸੀ, ਦਾ ਏਜੰਡਾ ਤਿਆਰ ਕਰਨ ਲਈ ਮੰਨੇ-ਪ੍ਰਮੰਨੇ ਪਤਵੰਤਿਆਂ ਦੀ ਇਕ ਬੈਠਕ ਸਦੀ ਗਈ। ਜਦੋਂ ਉਨ੍ਹਾਂ ਪਤਵੰਤਿਆਂ ਨੇ ਏਜੰਡਾ ਤਿਆਰ ਕਰ, ਪ੍ਰਬੰਧਕਾਂ ਸਾਹਮਣੇ ਪੇਸ਼ ਕੀਤਾ ਤਾਂ ਪ੍ਰਬੰਧਕਾਂ ਨੂੰ ਇਹ ਵੇਖ, ਹੈਰਾਨੀ ਹੋਈ ਕਿ ਉਸ ਏਜੰਡੇ ਵਿਚ ਇਕ ਵੀ ਅਜਿਹਾ ਮੁੱਦਾ ਨਹੀਂ ਸੀ, ਜੋ ਸੰਮੇਲਨ ਕਿਸੇ ਵੀ ਮੁੱਦੇ ਨਾਲ ਸੰਬੰਧਿਤ ਹੁੰਦਾ।
…ਅਤੇ ਅੰਤ ਵਿਚ : ਇਨ੍ਹਾਂ ਹਾਲਾਤ ਵਿਚ ਇਉਂ ਜਾਪਦਾ ਹੈ, ਜਿਵੇਂ ਹਰ ਕੋਈ ਸਿੱਖੀ ਵਿਚ ਆਈਆਂ ਕਮਜ਼ੋਰੀਆਂ ਦੀ ਚਰਚਾ ਬੜੇ ਹੀ ਦੁੱਖ ਭਰੇ ਲਹਿਜ਼ੇ ਵਿਚ ਕਰ, ਕੌਮ ਦਾ ਵਿਸ਼ਵਾਸ ਤਾਂ ਜਿੱਤਣਾ ਚਾਹੁੰਦਾ ਹੈ, ਪਰ ਰਾਜਸੀ ਸੁਆਰਥ ਦੀ ਲਾਲਸਾ ਦਾ ਸ਼ਿਕਾਰ ਹੋਣ ਕਾਰਣ, ਉਹ ਉਨ੍ਹਾਂ ਕਮਜ਼ੋਰੀਆਂ ਨੂੰ ਦੂਰ ਕਰਨ ਪ੍ਰਤੀ ਇਮਾਨਦਾਰ ਨਹੀਂ ਹੋ ਪਾਂਦਾ।
Mobile : + 91 95 82 71 98 90
E-mail : [email protected]
Address : Jaswant Singh ‘Ajit’, Flat No. 51, Sheetal Apartment, Plot No. 12,
Sector – 14, Rohini, DELHI-110085