ਗਾਇਕ ਰਾਜ ਕਾਕੜਾ ਦੀ ਐਲਬਮ ‘ਦਿਲਬਰੀਆਂ’ ਜਾਰੀ

2 ਨਵੰਬਰ ਨੂੰ ‘ਲਾਈਵ ਸ਼ੋਅ’ ਕਰਵਾਉਣ ਦਾ ਐਲਾਨ
ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ) – ੨੧ ਜੂਨ ਨੂੰ ਨਿਊਜ਼ੀਲੈਂਡ ‘ਚ ਵਸਦੇ ਸੰਜੀਦਾ ਪੰਜਾਬੀਆਂ, ਪੰਜਾਬੀ ਮੀਡੀਆ, ਸਭਿਆਚਾਰਕ ਕਲੱਬਾਂ ਅਤੇ ਉਸਾਰੂ ਗੀਤਾਂ ਦੇ ਕਦਰਦਾਨਾਂ ਨੇ ਪੰਜਾਬ ਦੇ ਪ੍ਰਸਿੱਧ ਗੀਤਕਾਰ ਤੇ ਗਾਇਕ ਰਾਜ ਕਾਕੜਾ ਦੀ ਨਵੀਂ ਐਲਬਮ ‘ਦਿਲਬਰੀਆਂ’  ਅੱਜ ਇਥੇ ਪਾਪਾਕੁਰਾ ਵਿਖੇ ਇਕ ਭਰਵਾਂ ਸਮਾਗਮ ਕਰਕੇ ਜਾਰੀ ਕੀਤੀ। ਇਸ ਐਲਬਮ ਦੇ ਵਿੱਚ ੯ ਵੱਖ-ਵੱਖ ਵਿਸ਼ਿਆ ਦੇ ਗੀਤ ਸ਼ਾਮਿਲ ਹਨ ਜਿਹੜੇ ਕਿ ਸ਼ਬਦੀ ਮਾਲਾ, ਸੰਗੀਤਕ ਧੁਨਾਂ ਅਤੇ ਉਸਾਰੂ ਸੋਚ ਦਾ ਸੰਦੇਸ਼ ਵੰਡਦੇ ਹਨ। ਇਹ ਸਾਰੇ ਗੀਤ ਹਰ ਵਰਗ ਦੇ ਸਰੋਤਿਆਂ ਵਲੋਂ ਹਰ ਥਾਂ ਪਸੰਦ ਕੀਤੇ ਜਾ ਰਹੇ ਹਨ। ਵਰਨਣਯੋਗ ਹੈ ਕਿ ਗੀਤਕਾਰੀ ਵਿੱਚ ਸ਼ਾਨਦਾਰ ਮੁਕਾਮ ਹਾਸਿਲ ਕਰਨ ਉਪਰੰਤ ਰਾਜਵਿੰਦਰ ਸਿੰਘ ਉਰਫ ਰਾਜ ਕਾਕੜਾ ਨੇ ਕੁਝ ਸਾਲ ਪਹਿਲਾਂ ਆਪਣੇ ਦਿਲ ਦੀਆਂ ਗੱਲਾਂ ਨੂੰ ਸਮਾਜਿਕ ਸੱਚ ਨਾਲ ਜੋੜਦਿਆਂ ਗਾਇਕੀ ਰਾਹੀਂ ਸਰੋਤਿਆਂ ਦੀ ਕਚਹਿਰੀ ਪੇਸ਼ ਕਰਨ ਦਾ ਫੈਸਲਾ ਕੀਤਾ ਸੀ। ਖੁਦ ਦੇ ਬਣਾਏ ਰਾਹਾਂ ‘ਤੇ ਤੁਰੇ ਇਸ ਫ਼ਨਕਾਰ ਦੀ ਇਹ ਤੀਜੀ ਐਲਬਮ ਹੈ। ਇਸ ਤੋਂ ਪਹਿਲਾਂ ‘ਪੰਜਾਬੀਓ ਚਿੜੀ ਬਨਣਾ ਕਿ ਬਾਜ਼’ ਅਤੇ ‘ਐ ਭਾਰਤ’ ਆ ਚੁੱਕੀਆਂ ਹਨ। ਇਸ ਰਿਲੀਜ਼ ਸਮਾਰੋਹ ਮੌਕੇ ਹਾਜ਼ਿਰ ਪਤਵੰਤਿਆਂ ਨੂੰ ਸ. ਪਰਮਿੰਦਰ ਸਿੰਘ (ਰੇਡੀਓ ਸਪਾਈਸ) ਨੇ ਜੀ ਆਇਆਂ ਆਖਿਆ, ਗਾਇਕ ਤੇ ਗੀਤਕਾਰ ਰਾਜ ਕਾਕੜਾ ਦੀ ਇਸ ਐਲਬਮ ਬਾਰੇ ਦੱਸਿਆ ਅਤੇ ਸਭਨਾਂ ਦਾ ਧੰਨਵਾਦ ਕਰਦਿਆਂ ਐਲਾਨ ਕੀਤਾ ਕਿ ਗਾਇਕ ਰਾਜ ਕਾਕੜਾ ਦਾ ੨ ਨਵੰਬਰ ੨੦੧੩ ਦਿਨ ਸ਼ਨੀਵਾਰ ਨੂੰ ਵੋਡਾਫੋਨ ਈਵੈਂਟ ਸੈਂਟਰ ਮੈਨੁਕਾਓ ਵਿਖੇ ‘ਲਾਈਵ ਸ਼ੋਅ’ ਕਰਵਾਇਆ ਜਾਵੇਗਾ। ਐਲਬਮ ਰਿਲੀਜ਼ ਸਮਾਰੋਹ ਦੇ ਵਿੱਚ ਸ. ਮੋਹਿੰਦਰ ਸਿੰਘ ਕੰਬੋਜ, ਕਮਲਜੀਤ ਸਿੰਘ ਕੰਬੋਜ, ਪਰਮਿੰਦਰ ਤੱਖਰ, ਕੁੱਕੂ ਮਾਨ, ਹਰਦੀਪ ਸਿੰਘ ਗਿੱਲ, ਇੰਦਰਜੀਤ ਕਾਲਕਟ, ਬਲਿਹਾਰ ਸਿੰਘ (ਦੁਆਬਾ ਕਲੱਬ), ਪ੍ਰਿਤਪਾਲ ਸਿੰਘ ਗਰੇਵਾਲ, ਜਗਦੇਵ ਸਿੰਘ ਜੱਗੀ (ਮਾਲਵਾ ਕਲੱਬ), ਅਮਰੀਕ ਸਿੰਘ (ਪੰਜ-ਆਬ ਕਲੱਬ), ਨਿਤਿਨ ਤਲਵਾਰ (ਫਿਲਮਸਾਜ਼), ਜਗਦੀਪ ਸਿੰਘ ਪੰਜਾਬ ਪੈਲੇਸ, ਪੰਜਾਬੀ ਮੀਡੀਆ ਤੋਂ ਸ. ਨਿਰਮਲਜੀਤ ਸਿੰਘ ਗਹੂਣੀਆ (ਤਰਾਨਾ ਰੇਡੀਓ), ਨਵਤੇਜ ਸਿੰਘ ਰੰਧਾਵਾ, ਗੁਰਸਿਮਰਨ ਸਿੰਘ ਮਿੰਟੂ, ਹਰਪ੍ਰੀਤ ਸਿੰਘ ਹੈਪੀ, ਅਮਰਿੰਦਰ ਸਿੰਘ ਸੁੱਜੋਂ, ਜੱਗੀ ਮਾਨ, ਬਿਕਰਮਜੀਤ ਸਿੰਘ ਮਟਰਾਂ (ਹੱਮ ਐਫ਼. ਐਮ.), ਜੁਗਰਾਜ ਸਿੰਘ ਮਾਨ, ਜਸਪ੍ਰੀਤ ਸਿੰਘ ਰਾਜਪੁਰਾ, ਕੁੱਕੂ ਮਾਨ, ਸੁਖਪਾਲ ਸਿੰਘ ਕਾਕੂ ਸਮੇਤ ਹੋਰ ਬਹੁਤ ਸਾਰੇ ਸੰਗੀਤ ਪ੍ਰੇਮੀ ਹਾਜ਼ਿਰ ਸਨ।