ਗਿਆਰ੍ਹਵਾਂ ਪ੍ਰੋ. ਹਰਿਭਜਨ ਸਿੰਘ ਯਾਦਗਾਰੀ ਭਾਸ਼ਣ ਸੰਪੰਨ

grਨਵੀਂ ਦਿੱਲੀ, 11 ਮਾਰਚ  ਪਿਛਲੇ ਦਿਨੀਂ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਗਿਆਰ੍ਹਵਾਂ ਪ੍ਰੋ. ਹਰਿਭਜਨ ਸਿੰਘ ਯਾਦਗਾਰੀ ਭਾਸ਼ਣ ਕਰਵਾਇਆ ਗਿਆ। ਭਾਸ਼ਣ ਦਾ ਵਿਸ਼ਾ ‘ਪੰਜਾਬੀ ਭਾਸ਼ਾ, ਸਮਾਜਕ ਵਿਗਿਆਨ ਅਤੇ ਖੋਜ’ ਸੀ ਤੇ ਇਸ ਦੇ ਮੁੱਖ ਵਕਤਾ ਪ੍ਰੋ. ਰੌਣਕੀ ਰਾਮ ਰਾਜਨੀਤੀ ਵਿਗਿਆਨ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਨ। ਇਸ ਭਾਸ਼ਣ ਦੀ ਪ੍ਰਧਾਨਗੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਸਪੈਸ਼ਲ ਸੈਂਟਰ ਫ਼ਾਰ ਸੰਸਕ੍ਰਿਤ ਸਟੱਡੀਜ਼ ਦੀ ਚੇਅਰਪਰਸਨ ਪ੍ਰੋ. ਸ਼ਸ਼ੀ ਪ੍ਰਭਾ ਕੁਮਾਰ ਵੱਲੋਂ ਕੀਤੀ ਗਈ। ਪ੍ਰੋਗਰਾਮ ਦਾ ਆਗਾਜ਼ ਡਾ. ਕੁਲਵੀਰ ਵੱਲੋਂ ਕਰਵਾਈ ਸਮਾਗਮ ਦੀ ਮੁੱਢਲੀ ਜਾਣ-ਪਛਾਣ ਨਾਲ ਹੋਇਆ। ਸਵਾਗਤੀ ਸ਼ਬਦ ਬੋਲਦਿਆਂ ਡਾ. ਮਨਜੀਤ ਸਿੰਘ, ਮੁਖੀ ਪੰਜਾਬੀ ਵਿਭਾਗ ਨੇ ਜਿੱਥੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਉੱਥੇ ਨਾਲ…… ਹੀ ਦੱਸਿਆ ਕਿ ਡਾ. ਹਰਿਭਜਨ ਸਿੰਘ ਇਕ ਸੰਸਥਾ ਦਾ ਰੂਪ ਸਨ, ਜਿਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਨੂੰ ਨਵੀਆਂ ਬੁਲੰਦੀਆਂ ਉੱਤੇ ਪਹੁੰਚਾਇਆ। ਮੁਖੀ ਪੰਜਾਬੀ ਵਿਭਾਗ ਡਾ. ਮਨਜੀਤ ਸਿੰਘ ਜੀ ਨੇ ਪ੍ਰੋ. ਰੌਣਕੀ ਰਾਮ ਜੀ ਹੂਰਾਂ ਦਾ ਫੁੱਲਾਂ ਨਾਲ ਸੁਆਗਤ ਕੀਤਾ। ਡਾ. ਜਸਪਾਲ ਕੌਰ ਨੇ ਪ੍ਰੋ. ਸ਼ਸ਼ੀ ਪ੍ਰਭਾ ਕੁਮਾਰ ਤੇ ਡਾ. ਰਜਨੀ ਬਾਲਾ ਨੇ ਡਾ. ਹਰਿਭਜਨ ਸਿੰਘ ਦੀ ਸਪੁੱਤਰੀ ਡਾ. ਰਸ਼ਮੀ ਨੂੰ ਫੁੱਲਾਂ ਦੇ ਗੁਲਦਸਤੇ ਰਾਹੀਂ ਜੀ ਆਇਆਂ ਕਿਹਾ। ਪ੍ਰੋ.ਰੌਣਕੀ ਰਾਮ ਬਾਰੇ ਮੁੱਢਲੀ ਜਾਣ-ਪਛਾਣ ਕਰਵਾਉਂਦਿਆਂ ਡਾ. ਰਵੀ ਰਵਿੰਦਰ ਨੇ ਦੱਸਿਆ ਕਿ ਪ੍ਰੋ. ਰੌਣਕੀ ਰਾਮ ਨੇ ਆਪਣੀ ਗਰੈਜੂਏਟ ਪੱਧਰ ਤੱਕ ਦੀ ਪੜ੍ਹਾਈ ਪੇਂਡੂ ਸੰਸਥਾਵਾਂ ਵਿਚੋਂ ਪੰਜਾਬੀ ਮਾਧਿਅਮ ਵਿੱਚ ਪੂਰੀ ਕੀਤੀ। ਅੱਜ ਭਾਵੇਂ ਉਹ ਅੰਤਰ-ਰਾਸ਼ਟਰੀ ਪ੍ਰਸਿੱਧੀ ਹਾਸਿਲ ਕਰਨ ਵਾਲੇ ਵਿਦਵਾਨ ਹਨ ਪਰ ਫਿਰ ਵੀ ਪੰਜਾਬ ਯੂਨੀਵਰਸਿਟੀ ਵਿੱਚ ਉਹ ਅੱਜ ਵੀ ਸਾਈਕਲ ਉੱਤੇ ਜਾਣ ਵਾਲੇ ਪ੍ਰੋਫ਼ੈਸਰ ਵਜੋਂ ਜਾਣੇ ਜਾਂਦੇ ਹਨ। ਪ੍ਰੋ. ਰੌਣਕੀ ਰਾਮ ਨੇ ਆਪਣੇ ਭਾਸ਼ਣ ਦਾ ਆਰੰਭ ਕਰਦਿਆਂ ਕਿਹਾ ਕਿ ਆਪਣੀ ਮਾਤ ਭਾਸ਼ਾ ਦਾ ਸਤਿਕਾਰ ਕਰਨਾ, ਆਪਣੇ ਬਜ਼ੁਰਗਾਂ ਦੇ ਪੈਰੀ ਹੱਥ ਲਾਉਣਾ ਹੈ। ਦੂਜੀਆਂ ਭਾਸ਼ਾਵਾਂ ਖੂਹ ਦੇ ਪਾਣੀ ਵਾਂਗ ਹੁੰਦੀਆਂ ਹਨ, ਜਿਸ ਵਿੱਚ ਛਾਲ ਤਾਂ ਮਾਰੀ ਜਾ ਸਕਦੀ ਹੈ ਪਰ ਦਰਿਆ ਵਾਂਗ ਤਾਰੀਆਂ ਨਹੀਂ ਲਾਈਆਂ ਜਾ ਸਕਦੀਆਂ। ਸਭਿਆਚਾਰ ਅਤੇ ਭਾਸ਼ਾ ਦੇ ਦੁਵੱਲੇ ਸੰਬੰਧਾਂ ਬਾਰੇ ਬੋਲਦਿਆਂ, ਉਨ੍ਹਾਂ ਕਿਹਾ ਕਿ ਦੋਵੇਂ ਇਕ ਦੂਜੇ ਤੋਂ ਬਿਨਾਂ ਅਧੂਰੇ ਹਨ। ਇਕ ਦਾ ਵਿਕਾਸ ਦੂਜੇ ਦੀ ਲਾਜ਼ਮੀ ਸ਼ਰਤ ਹੈ। ਜੇ ਪੰਜਾਬੀ ਭਾਸ਼ਾ ਨੇ ਤਰੱਕੀ ਕਰਨੀ ਹੈ ਤਾਂ ਸਾਨੂੰ ਦੂਜੇ ਸਮਾਜਾਂ/ਸਭਿਆਚਾਰਾਂ ਨਾਲ ਰਾਬਤਾ ਬਣਾਉਣਾ ਪਵੇਗਾ। ਅਨੁਵਾਦ ਇਸ ਕਾਰਜ ਲਈ ਸਭ ਤੋਂ ਸ਼ਕਤੀਸ਼ਾਲੀ ਮਾਧਿਅਮ ਹੈ। ਸਭਿਆਚਾਰ ਜੀਵਨ ਦਾ ਅੰਤਰਸਾਰ ਹੈ, ਜਿਸ ਨੂੰ ਭੁੱਲਣਾ ਮੌਤ ਦੇ ਅੰਨ੍ਹੇ ਖੂਹ ਵਿੱਚ ਡਿਗਣਾ ਹੈ। ਕਵਿਤਾ ਪੰਜਾਬ ਦੀ ਰੂਹ ਹੈ। ਜੇ ਅਸੀਂ ਸਮਾਜ ਵਿਗਿਆਨਾਂ ਨੂੰ ਸਮਝਣਾ ਹੈ ਤੇ ਖੋਜ ਕਰਨੀ ਹੈ ਤਾਂ ਪੰਜਾਬੀ ਭਾਸ਼ਾ ਦਾ ਪੱਲਾ ਮਜ਼ਬੂਤੀ ਨਾਲ ਫੜਨਾ ਜ਼ਰੂਰੀ ਹੈ। ਪ੍ਰਧਾਨਗੀ ਭਾਸ਼ਣ ਦੀ ਸ਼ੁਰੂਆਤ ਪ੍ਰੋ. ਸ਼ਸ਼ੀ ਪ੍ਰਭਾ ਕੁਮਾਰ ਨੇ ਸਰਸਵਤੀ ਵੰਦਨਾ ਨਾਲ ਕੀਤੀ। ਉਨ੍ਹਾਂ ਕਿਹਾ ਕਿ ਸਾਰਾ ਭਾਰਤੀ ਦਰਸ਼ਨ ਸਖੂਮ, ਸਥੂਲ ਪਿੰਡੇ ਅਤੇ ਬ੍ਰਹਿਮੰਡ ਉੱਤੇ ਟਿਕਿਆ ਹੋਇਆ ਹੈ। ਦਰਸ਼ਨ ਦੇ ਜ਼ਿੰਦਾ ਰਹਿਣ ਲਈ ਸ਼ਬਦ ਦਾ ਜ਼ਿੰਦਾ ਰਹਿਣਾ ਜ਼ਰੂਰੀ ਹੈ। ਸੰਸਕ੍ਰਿਤ ਤੇ ਪੰਜਾਬੀ ਵਿਚਕਾਰ ਗੂੜ੍ਹਾ ਰਿਸ਼ਤਾ ਹੈ। ਸੰਸਕ੍ਰਿਤ ਇਕ ਸ਼ਿੰਗਾਰੀ ਹੋਈ ਭਾਸ਼ਾ ਹੈ। ਪੰਜਾਬੀ, ਸਹਿਜ ਦੀ ਭਾਸ਼ਾ ਹੈ। ਉਨ੍ਹਾਂ ਕਿਹਾ ਕਿ ਪ੍ਰੋ. ਰੌਣਕੀ ਰਾਮ ਦੇ ਭਾਸ਼ਣ ਤੋਂ ਮੈਂ ਅੱਜ ਇਹ ਪ੍ਰੇਰਨਾ ਲੈ ਕੇ ਜਾ ਰਹੀ ਹਾਂ ਕਿ ਇਕ ਸੰਸਕ੍ਰਿਤ ਦੀ ਅਧਿਆਪਕਾ ਹੁੰਦੇ ਹੋਏ ਮੈਂ ਆਪਣੀ ਮਾਂ ਬੋਲੀ ਪੰਜਾਬੀ ਦੀ ਖ਼ਿਦਮਤ ਕਰਾਂ। ਜਿਸ ਦੇ ਜੁਆਬ ਵਿੱਚ ਪ੍ਰੋ. ਰੌਣਕੀ ਰਾਮ ਨੇ ਕਿਹਾ ਕਿ ਬੰਦੇ ਉੱਤੇ ਬਹੁਤ ਸਾਰੇ ਰਿਣ ਹੁੰਦੇ ਹਨ, ਜਿਨ੍ਹਾਂ ਵਿਚੋਂ ਇਕ ਭਾਸ਼ਾ ਦਾ ਰਿਣ ਵੀ ਹੁੰਦਾ ਹੈ। ਉਸ ਰਿਣ ਨੂੰ ਉਤਾਰਨਾ ਹਰ ਪੰਜਾਬੀ ਦਾ ਫ਼ਰਜ਼ ਹੈ। ਅੰਤ ਵਿੱਚ ਧੰਨਵਾਦੀ ਸ਼ਬਦ ਬੋਲਦਿਆਂ ਡਾ. ਮਨਜੀਤ ਸਿੰਘ, ਮੁਖੀ ਪੰਜਾਬੀ ਵਿਭਾਗ ਨੇ ਕਿਹਾ ਕਿ ਪ੍ਰੋ. ਰੌਣਕੀ ਰਾਮ ਦਾ ਇਹ ਭਾਸ਼ਣ ਦਰਸ਼ਨ ਸ਼ਾਸਤਰ, ਰਾਜਨੀਤੀ ਸ਼ਾਸਤਰ ਤੇ ਭਾਸ਼ਾ ਵਿਗਿਆਨ ਆਦਿ ਵਿਸ਼ਿਆਂ ਨੂੰ ਬਾਖ਼ੂਬੀ ਨਾਲ ਇਕ ਥਾਂ ਸਮੇਟਿਆ। ਇਹ ਭਾਸ਼ਣ ਡਾ. ਹਰਿਭਜਨ ਸਿੰਘ ਨੂੰ ਸ਼ਰਧਾਂਜਲੀ ਵੀ ਸੀ ਅਤੇ ਪੰਜਾਬੀ ਭਾਸ਼ਾ ਪ੍ਰਤੀ ਸਾਡੇ ਅੰਦਰ ਜਜ਼ਬਾ ਤੇ ਸੂਝ ਜਗਾਉਣ ਵਾਲਾ ਵੀ। ਇਸ ਮੌਕੇ ਵਿਭਾਗ ਵੱਲੋਂ ਸਾਂਝੇ ਤੌਰ ‘ਤੇ ਪ੍ਰੋ. ਰੌਣਕੀ ਰਾਮ ਤੇ ਪ੍ਰੋ. ਸ਼ਸ਼ੀ ਪ੍ਰਭਾ ਕੁਮਾਰ ਜੀ ਨੂੰ ਇਕ ਇਕ ਸ਼ਾਲ ਨਾਲ ਸਨਮਾਨਿਤ ਕੀਤਾ ਗਿਆ, ਜਿਸ ਵਿੱਚ ਡਾ. ਮਨਜੀਤ ਸਿੰਘ, ਡਾ. ਜਸਪਾਲ ਕੌਰ, ਡਾ. ਕੁਲਵੀਰ, ਡਾ. ਰਵਿੰਦਰ ਕੁਮਾਰ, ਡਾ.ਰਜਨੀ ਬਾਲਾ ਤੇ ਡਾ. ਨਛੱਤਰ ਸਿੰਘ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦਾ ਮੰਚ ਸੰਚਾਲਨ ਡਾ. ਕੁਲਵੀਰ ਨੇ ਬਾਖ਼ੂਬੀ ਨਿਭਾਇਆ।