ਗੁਜਰਾਤ ਚੋਣਾਂ: ਪਹਿਲੇ ਗੇੜ ‘ਚ 66.75 ਫੀਸਦੀ ਵੋਟਿੰਗ 

ਦੂਜੇ ਗੇੜ ‘ਚ 93 ਹਲਕਿਆਂ ਵਿੱਚ 14 ਦਸੰਬਰ ਨੂੰ ਵੋਟਾਂ ਅਤੇ ਗਿਣਤੀ 18 ਦਸੰਬਰ ਨੂੰ ਹੋਵੇਗੀ
ਅਹਿਮਦਾਬਾਦ, 10 ਦਸੰਬਰ – ਗੁਜਰਾਤ ਵਿਧਾਨ ਸਭਾ ਦੇ ਪਹਿਲੇ ਪੜਾਅ ਲਈ 9 ਦਸੰਬਰ ਦਿਨ ਸ਼ਨੀਵਾਰ ਨੂੰ ਹੋਏ ਚੋਣ ਵਿੱਚ 66.75 ਫੀਸਦੀ ਵੋਟਿੰਗ ਹੋਈ। ਚੋਣ ਕਮਿਸ਼ਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲੇ ਪੜਾਅ ਦੇ ਦੌਰਾਨ 2 ਕਰੋੜ 12 ਲੱਖ ਵੋਟਰਾਂ ਵਿੱਚੋਂ ਲਗਭਗ 1 ਕਰੋੜ 41 ਲੱਖ ਵੋਟਰਾਂ ਨੇ ਹੀ ਆਪਣੀ ਵੋਟ ਦਾ ਇਸਤੇਮਾਲ ਕੀਤਾ। ਗੁਜਰਾਤ ਦੀਆਂ ਕੁੱਲ 182 ਵਿਧਾਨ ਸਭਾ ਹਲਕਿਆਂ ਵਿੱਚੋਂ 89 ਵਿੱਚ ਪਹਿਲੇ ਗੇੜ ਵਿੱਚ ਵੋਟਾਂ ਪਈਆਂ ਅਤੇ ਮੁੱਖ ਮੰਤਰੀ ਵਿਜੈ ਰੂਪਾਨੀ (ਰਾਜਕੋਟ ਪੱਛਮੀ), ਕਾਂਗਰਸ ਦੇ ਸ਼ਕਤੀਸਿੰਹ ਗੋਹਿਲ (ਮਾਂਡਵੀ) ਤੇ ਪਰੇਸ਼ ਧਨਾਨੀ (ਅਮਰੇਲੀ) ਵਰਗੇ ਮਸ਼ਹੂਰ ਉਮੀਦਵਾਰਾਂ ਦਾ ਭਵਿੱਖ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੋ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਇਹ ਚੋਣਾਂ ਵੱਕਾਰ ਦਾ ਸਵਾਲ ਮੰਨਿਆ ਜਾ ਰਿਹਾ ਹੈ, ਜਦੋਂ ਕਿ ਇਹ ਕਾਂਗਰਸ ਦੇ ਜਲਦੀ ਪ੍ਰਧਾਨ ਬਣਨ ਜਾ ਰਹੇ ਰਾਹੁਲ ਗਾਂਧੀ ਦੀ ਲੀਡਰਸ਼ਿਪ ਦੀ ਵੀ ਕਰੜੀ ਪਰਖ ਹਨ। ਦੂਜੇ ਗੇੜ ਵਿੱਚ ਰਹਿੰਦੇ 93 ਹਲਕਿਆਂ ਵਿੱਚ 14 ਦਸੰਬਰ ਨੂੰ ਵੋਟਾਂ ਪੈਣਗੀਆਂ ਅਤੇ ਗਿਣਤੀ 18 ਦਸੰਬਰ ਨੂੰ ਹੋਵੇਗੀ।
ਸੂਬੇ ਦੇ ਸੌਰਾਸ਼ਟਰ, ਕੱਛ ਅਤੇ ਦੱਖਣ ਗੁਜਰਾਤ ਖੇਤਰ ਦੇ 19 ਜ਼ਿਲ੍ਹਿਆਂ ਦੀਆਂ 89 ਸੀਟਾਂ ਉੱਤੇ ਸ਼ਨੀਵਾਰ ਨੂੰ ਵੋਟਾਂ ਪਈਆਂ। 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ 71.32 ਫੀਸਦੀ ਮਤਦਾਨ ਹੋਇਆ ਸੀ, ਹਾਲਾਂਕਿ ਇਹ ਆਂਕੜੇ ਸੂਬੇ ਦੀਆਂ ਸਾਰੀਆਂ 182 ਸੀਟਾਂ ਉੱਤੇ ਹੋਈਆਂ ਵੋਟਾਂ ਦਾ ਸੀ।
ਜਾਰੀ ਹੋਏ ਪਹਿਲੇ ਗੇੜ ਦੇ ਅੰਤਿਮ ਆਂਕੜੀਆਂ ਦੇ ਅਨੁਸਾਰ ਆਦਿਵਾਸੀ ਬਹੁਲ ਨਰਮਦਾ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ 79.15 ਫੀਸਦੀ ਵੋਟਾਂ ਪਈਆਂ। aੁੱਥੇ ਹੀ ਸੌਰਾਸ਼ਟਰ ਖੇਤਰ ਦੀ ਸਵਰਗ-ਦੁਆਰਕਾ ਪੁਰੀ ਸੀਟ ਉੱਤੇ ਸਭ ਤੋਂ ਘੱਟ 59.39 ਫੀਸਦੀ ਵੋਟਾਂ ਪਈਆਂ। ੭ ਜ਼ਿਲ੍ਹਿਆਂ ਵਿੱਚ ਵੋਟਿੰਗ ਦਾ ਫੀਸਦੀ 70 ਜਾਂ ਫਿਰ ਇਸ ਤੋਂ ਜ਼ਿਆਦਾ ਰਿਹਾ, ਜਦੋਂ ਕਿ 12 ਜ਼ਿਲ੍ਹਿਆਂ ਵਿੱਚ 70 ਫੀਸਦੀ ਤੋਂ ਘੱਟ ਰਿਹਾ। ਇਸ ਦੌਰਾਨ ਮੋਰਬੀ ਜ਼ਿਲ੍ਹੇ ਦੇ ਪਿੰਡ ਗਜੜੀ ਵਿੱਚ ਕੋਈ ਵੋਟ ਨਹੀਂ ਪਈ ਕਿਉਂਕਿ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਪਿੰਡ ਵਾਸੀਆਂ ਨੇ ਚੋਣਾਂ ਦਾ ਬਾਈਕਾਟ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਸੌਰਾਸ਼ਟਰ ਤੇ ਦੱਖਣੀ ਗੁਜਰਾਤ ਦੇ ਚੋਣ ਬੂਥਾਂ ਬਾਹਰ ਲੰਮੀਆਂ ਕਤਾਰਾਂ ਦੇਖੀਆਂ ਗਈਆਂ ਪਰ ਗਜੜੀ ਵਿੱਚ ਇਕ ਹਜ਼ਾਰ ਰਜਿਸਟਰਡ ਵੋਟਰਾਂ ਵਿੱਚੋਂ ਕਿਸੇ ਨੇ ਵੀ ਵੋਟ ਨਹੀਂ ਪਾਈ।
ਕੁੱਝ ਥਾਵਾਂ ਉੱਤੇ ਈਵੀਏਮ ਵਿੱਚ ਗੜਬੜੀ ਦੀਆਂ ਸ਼ਿਕਾਇਤਾਂ ਦੇ ਬਾਅਦ ਮਸ਼ੀਨਾਂ ਨੂੰ ਬਦਲਿਆ ਵੀ ਗਿਆ।  ਵੋਟਾਂ ਦੇ ਪਹਿਲੇ ਗੇੜ ਵਿੱਚ 24,689 ਵੀਵੀਪੀਏਟੀ ਦੀ ਯੂਨਿਟਸ ਵਿੱਚੋਂ 1.90 ਫੀਸਦੀ, ੨26,865 ਬੈਲਟ ਯੂਨਿਟਸ ਵਿੱਚੋਂ 0.37 ਫੀਸਦੀ ਅਤੇ 24,689 ਕੰਟਰੋਲ ਯੂਨਿਟਸ ਵਿੱਚੋਂ 0.8 ਫੀਸਦੀ ਯੂਨਿਟਸ ਖ਼ਾਮੀਆਂ ਦੇ ਚਲਦੇ ਬਦਲੀਆਂ ਗਈਆਂ।