‘‘ਗੁਰਦੁਆਰਾ ਗਿਆਨ ਗੋਦੜੀ ਮੁਹਿੰਮ’’ ਦੀ ਕਮਾਨ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਸੰਭਾਲਣਗੇ

ਸ਼੍ਰੋਮਣੀ ਅਤੇ ਦਿੱਲੀ ਕਮੇਟੀ ਪ੍ਰਧਾਨਾਂ ਨੇ ਗਿਆਨੀ ਗੁਰਬਚਨ ਸਿੰਘ ਨੂੰ ਮੁਹਿੰਮ ਦੀ ਅਗਵਾਹੀ ਕਰਨ ਦੀ ਕੀਤੀ ਅਪੀਲ
14 ਮਈ ਨੂੰ ਜਪੁਜੀ ਸਾਹਿਬ ਜੀ ਦੇ ਪਾਠ ਰਾਹੀਂ ਸੰਸਾਰ ਭਰ ’ਚ ਮੁਹਿੰਮ ਦਾ ਹੋਵੇਗਾ ਆਗਾਜ਼
ਨਵੀਂ ਦਿੱਲੀ, 3 ਮਈ – ਹਰਿਦੁਆਰ ਦੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਸਥਾਪਨਾ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਂਝਾ ਮੋਰਚਾ ਲਾ ਦਿੱਤਾ ਹੈ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾਲ ’ਚ ਅੱਜ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋਫੈਸਰ ਕ੍ਰਿਪਾਲ ਸਿੰਘ ਬੰਡੂਗਰ ਅਤੇ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸੰਸਾਰਭਰ ’ਚ ਵੱਡੇ ਪੱਧਰ ’ਤੇ ਨਿਰੰਤਰ ਚਲਣ ਵਾਲੇ ਪ੍ਰੋਗਰਾਮਾਂ ਦੀ ਰੂਪਰੇਖਾ ਤਿਆਰ ਕਰਨ ਦੀ ਗਿਆਨੀ ਗੁਰਬਚਨ ਸਿੰਘ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਨੂੰ ਅਪੀਲ ਕੀਤੀ ਹੈ।
ਉਕਤ ਆਗੂਆਂ ਨੇ ਦੱਸਿਆ ਕਿ ‘‘ਗੁਰਦੁਆਰਾ ਗਿਆਨ ਗੋਦੜੀ ਮੁਹਿੰਮ’’ ਦੇ ਤਹਿਤ ਸੰਸਾਰ ਭਰ ਵਿੱਚ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਗੁਰੂ ਨਾਨਕ ਦੇਵ ਜੀ ਦੀ ਪਵਿਤਰ ਚਰਣਛੋਹ ਪ੍ਰਾਪਤ ਉਕਤ ਸਥਾਨ ਨਾਲ ਜੋੜਨ ਲਈ ਕੌਮ ਦੀ ਇਹ ਸਾਂਝੀ ਕੋਸ਼ਿਸ਼ ਹੈ। ਜਿਸਦੇ ਲਈ ਕੌਮ ਨੂੰ ਇੱਕਜੁਟ ਰੱਖਦੇ ਹੋਏ ਜੱਥੇਦਾਰ ਜੀ ਦੀ ਅਗਵਾਹੀ ’ਚ ਧਾਰਮਿਕ ਏਜੰਡੇ ’ਤੇ ਚੱਲਣਾ ਜਰੂਰੀ ਹੈ। ਜੱਥੇਦਾਰ ਸਾਹਿਬ ਵੱਲੋਂ ਇਸ ਸਬੰਧੀ ਜੋ ਵੀ ਪ੍ਰੋਗਰਾਮ ਸੰਗਤਾਂ ਨੂੰ ਆਦੇਸ਼ ਰੂਪ ਵਿੱਚ ਜਾਰੀ ਕੀਤਾ ਜਾਵੇਗਾ, ਦੋਵੇਂ ਕਮੇਟੀਆਂ ਉਸ ’ਤੇ ਪਹਿਰਾ ਦੇਣਗੀਆਂ।
ਬੰਡੂਗਰ ਨੇ ਸਰਕਾਰਾਂ ਤੇ ਸਿੱਖ ਇਤਿਹਾਸ ਨੂੰ ਮਿਟਾਉਣ ਦੇ ਆਰੋਪ ਲਗਾਉਂਦੇ ਹੋਏ ਕਾਲੇ ਪਾਣੀ ਦੀ ਸਜ਼ਾ ਵੱਜੋਂ ਜਾਣੀ ਜਾਂਦੀ ਅੰਡੇਮਾਨ-ਨਿਕੋਬਾਰ ਦੀ ਜੇਲ ’ਚ ਸਜ਼ਾ ਭੁਗਤੇ ਸਿੱਖ ਕੈਦੀਆਂ ਦੇ ਇਤਿਹਾਸ ਨੂੰ ਹਟਾਉਣ ਦੀਆਂ ਹੋ ਰਹੀਆਂ ਕੋਸ਼ਿਸ਼ਾਂ ਨੂੰ ਗਲਤ ਦੱਸਿਆ। ਬੰਡੂਗਰ ਨੇ ਗੁਰਦੁਆਰਾ ਗਿਆਨ ਗੋਦੜੀ ਨੂੰ 1979 ’ਚ ਪ੍ਰਸ਼ਾਸਨ ਵੱਲੋਂ ਮਲਿਆਮੇਟ ਕਰਨ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਸਰਕਾਰ ਦੀ ਇਸ ਕਾਰਵਾਹੀ ਨੂੰ ਸਿੱਖਾਂ ਨਾਲ ਧੱਕਾ ਕਰਾਰ ਦਿੱਤਾ। 14 ਮਈ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 9 ਵਜੇ ਗੁਰਦੁਆਰਾ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਦੇ ਨਾਲ ਹੀ ਪੂਰੇ ਸੰਸਾਰ ’ਚ ਜਪੁਜੀ ਸਾਹਿਬ ਦੇ ਪਾਠ ਰਾਹੀਂ ਗੁਰਦੁਆਰਾ ਗਿਆਨ ਗੋਦੜੀ ਮੁਹਿੰਮ ਦੀ ਮੁੜ੍ਹ ਸਥਾਪਨਾ ਦਾ ਕਾਰਜ ਸ਼ੁਰੂ ਕਰਨ ਦੀ ਬੰਡੂਗਰ ਨੇ ਜਾਣਕਾਰੀ ਦਿੱਤੀ। ਬੰਡੂਗਰ ਨੇ ਸ਼੍ਰੋਮਣੀ ਅਤੇ ਦਿੱਲੀ ਕਮੇਟੀ ਨੂੰ ਇੱਕ ਸਿੱਕੇ ਦੇ ਦੋ ਪਹਿਲੂ ਦੱਸਿਆ।
ਜੀ.ਕੇ. ਨੇ ਸਾਫ਼ ਕਿਹਾ ਕਿ ਗੁਰੂ ਸਾਹਿਬ ਦੇ 2019 ਵਿੱਚ ਆ ਰਹੇ 550ਵੇਂ ਪ੍ਰਕਾਸ਼ ਪੁਰਬ ਨੂੰ ਹਰਿਦੁਆਰ ਵਿਖੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਵਿਖੇ ਮਨਾਉਣ ਲਈ ਸੰਗਤਾਂ ਨੂੰ ਜਾਗਰੂਕ ਕਰਨ ਅਤੇ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੀ ਸਰਕਾਰਾਂ ਨਾਲ ਚੱਲ ਰਹੇ ਜਮੀਨ ਵਿਵਾਦ ਦੇ ਨਿਪਟਾਰੇ ਲਈ ਕਮੇਟੀਆਂ ਵੱਲੋਂ ਇਹ ਕਵਾਇਦ ਸ਼ੁਰੂ ਕੀਤੀ ਜਾ ਰਹੀ ਹੈ। ਜੀ.ਕੇ. ਨੇ ਕਿਹਾ ਕਿ ਗੁਰੂ ਸਾਹਿਬ ਨੇ ਹਰਿ ਦੀ ਪੌੜੀ ’ਤੇ ਗਿਆਨ ਚਰਚਾ ਦੇ ਦੌਰਾਨ ਅਗਿਆਨਤਾ ਨੂੰ ਮਿਟਾਉਂਦੇ ਹੋਏ ਗਿਆਨ ਦਾ ਪ੍ਰਕਾਸ਼ ਕੀਤਾ ਸੀ। ਸਾਡੀ ਕੋਸ਼ਿਸ਼ ਸਿਰਫ ਉਸ ਇਤਿਹਾਸਿਕ ਘਟਨਾ ਨੂੰ ਆਉਣ ਵਾਲੀ ਪੀੜ੍ਹੀਆਂ ਤੱਕ ਸੰਭਾਲ ਕੇ ਰੱਖਣ ਦੀ ਹੈ, ਨਾ ਕਿ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ।
ਸ਼੍ਰੋਮਣੀ ਕਮੇਟੀ ਅਤੇ ਕੌਮ ਦੀ ਹੋਰ ਸੰਸਥਾਵਾਂ ਵੱਲੋਂ ਇਸ ਮਸਲੇ ’ਤੇ ਕਮੇਟੀ ਨੂੰ ਪੂਰਾ ਸਹਿਯੋਗ ਮਿਲਣ ਦੀ ਆਸ ਜਤਾਉਂਦੇ ਹੋਏ ਜੀ.ਕੇ. ਨੇ ਸੋਸ਼ਲ ਮੀਡੀਆ ’ਤੇ ਇਸ ਸੰਬੰਧ ’ਚ ਜਾਗਰੂਕਤਾ ਮੁਹਿੰਮ ਨੂੰ ਵੱਡੇ ਪੱਧਰ ਤੇ ਸ਼ੁਰੂ ਕਰਨ ਦਾ ਐਲਾਨ ਕੀਤਾ। ਸੰਗਤਾਂ ਨੂੰ ਜਪੁਜੀ ਸਾਹਿਬ ਦਾ ਪਾਠ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਪੁਜ ਕੇ ਕਰਨ ਉਪਰੰਤ ਗੁਰਦੁਆਰਾ ਸਾਹਿਬ ਦੀ ਮੁੜ੍ਹ ਸਥਾਪਨਾਂ ਲਈ ਅਰਦਾਸ ਕਰਨ ਦੀ ਵੀ ਜੀ.ਕੇ. ਨੇ ਬੇਨਤੀ ਕੀਤੀ। ਕਾਰੋਬਾਰ ਜਾਂ ਯਾਤਰਾ ਲਈ ਵਿਚਰ ਰਹੀ ਸੰਗਤ ਨੂੰ ਜੀ.ਕੇ. ਨੇ ਮੂਲਮੰਤਰ ਦਾ ਪਾਠ ਕਰਨ ਦੀ ਸਲਾਹ ਦਿੱਤੀ।
ਜੀ.ਕੇ. ਨੇ ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆਂ, ਸੇਵਕ ਜਥੇ, ਇਸਤਰੀ ਸਤਿਸੰਗ ਸਭਾਵਾਂ, ਸਿੰਧੀ ਸਮਾਜ, ਨਿਰਮਲੇ ਪੰਥ ਸਣੇ ਸਮੂਹ ਨਾਨਕ ਨਾਮਲੇਵਾ ਸੰਗਤਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕਰਦੇ ਹੋਏ ਕਿਹਾ ਕਿ ‘‘ਗੁਰੂ ਨਾਨਕ ਸਾਰਿਆਂ ਦੇ ਸਨ’’ ਇਸ ਲਈ ਸਾਰਿਆਂ ਸਿਆਸੀ ਪਾਰਟੀਆਂ ਨੂੰ ਵੀ ਸਿਆਸਤ ਤੋਂ ਉਪਰ ਉਠ ਕੇ ਗੁਰਦੁਆਰਾ ਸਾਹਿਬ ਦੀ ਮੁੜ੍ਹ ਸਥਾਪਨਾ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਰਾਮ ਜਨਮ ਭੂਮੀ ਤੇ ਰਾਮ ਮੰਦਰ ਬਣਨ ਦਾ ਸਮਰਥਨ ਕਰਦੇ ਹੋਏ ਜੀ.ਕੇ. ਨੇ ਹਰਿ ਕੀ ਪੌੜੀ ਤੇ ਗੁਰਦੁਆਰਾ ਸਾਹਿਬ ਦੀ ਮੁੜ੍ਹ ਉਸਾਰੀ ਲਈ ਸਰਵ ਧਰਮ ਸੰਮੇਲਨ ਦੇ ਆਗੂਆਂ ਵੱਲੋਂ ਦਿੱਤੇ ਗਏ ਸਮਰਥਨ ਦਾ ਵੀ ਧੰਨਵਾਦ ਕੀਤਾ।
ਗੁਰਦੁਆਰਾ ਸਾਹਿਬ ਲਈ ਜ਼ਮੀਨ ਉਪਲੱਬਧ ਕਰਵਾਉਣ ਲਈ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਅਨਾਥ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਦੀ ਭੂਮਿਕਾ ਨੂੰ ਜੀ.ਕੇ. ਨੇ ਅਹਿਮ ਦੱਸਿਆ। ਪ੍ਰੈਸ ਕਾਨਫਰੰਸ ਤੋਂ ਪਹਿਲਾ ਬੀਤੇ ਦਿਨੀਂ ਜੰਮੂ-ਕਸ਼ਮੀਰ ਦੀ ਸਰਹੱਦ ਤੇ ਸ਼ਹੀਦ ਹੋਏ ਫੌਜੀ ਸੂਬੇਦਾਰ ਪਰਮਜੀਤ ਸਿੰਘ ਅਤੇ ਸਿਪਾਹੀ ਸਾਗਰ ਦੀ ਸ਼ਹਾਦਤ ਨੂੰ ਨਤਮਸਤਕ ਹੁੰਦੇ ਹੋਏ ਆਗੂਆਂ ਵੱਲੋਂ 1 ਮਿੰਟ ਦਾ ਮੌਨ ਵੀ ਰੱਖਿਆ ਗਿਆ। ਜੀ.ਕੇ. ਨੇ ਬੰਡੂਗਰ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਅਤੇ ਮੁੱਖ ਸਕੱਤਰ ਹਰਚਰਣ ਸਿੰਘ ਨੂੰ ਸ਼ਾਲ, ਕਿਤਾਬ ਅਤੇ ਪ੍ਰਤੀਕ ਚਿਨ੍ਹ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦਾ ਇਤਿਹਾਸ ਦੱਸਦੀ ਇੱਕ ਦਸਤਾਵੇਜੀ ਫਿਲਮ ਵੀ ਪੱਤਰਕਾਰਾਂ ਨੂੰ ਦਿਖਾਈ ਗਈ। ਇੱਥੇ ਦੱਸ ਦੇਈਏ ਕਿ ਦਿੱਲੀ ਕਮੇਟੀ ਦੇ ਜਨਰਲ ਹਾਊਸ ’ਚ 30 ਅਪ੍ਰੈਲ 2017 ਨੂੰ ਗੁਰਦੁਆਰਾ ਸਾਹਿਬ ਦੀ ਸਥਾਪਨਾ ਦੇ ਮਤੇ ਨੂੰ ਮੰਜੂਰੀ ਮਿਲਣ ਦੇ ਬਾਅਦ ਜੀ.ਕੇ. ਦੇ ਆਦੇਸ਼ ’ਤੇ ਬੀਤੇ ਦਿਨੀਂ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ ਦੀ ਅਗਵਾਈ ’ਚ ਹਰਿਦੁਆਰ ਗਏ ਵਫਦ ਵੱਲੋਂ ਸੌਂਪੇ ਗਏ ਤੱਥਾਂ ਤੋਂ ਬਾਅਦ ਕਮੇਟੀ ਵੱਲੋਂ ਇਸ ਮੁਹਿੰਮ ਨੂੰ ਵੱਡੇ ਪੱਧਰ ਤੇ ਚਲਾਉਣ ਦਾ ਫੈਸਲਾ ਲਿਆ ਗਿਆ ਹੈ।
ਪਿਛੋਕੜ੍ਹ – ਗੁਰਦੁਆਰਾ ਗਿਆਨ ਗੋਦੜੀ ਸਾਹਿਬ ਸੰਨ 1979 ਤੱਕ ਹਰਿ ਕੀ ਪੋੜੀ ਤੇ ਲੰਢੋਰਾ ਹਾਊਸ ’ਚ ਲੀਜ ਤੇ ਲਈ ਗਈ ਲਗਭਗ 200 ਵਰਗ ਫੁੱਟ ਜ਼ਮੀਨ ਤੇ ਸਥਾਪਤ ਸੀ। ਜਿਸ ਵਿੱਚ ਅੱਂਜ ਕੱਲ੍ਹ ਭਾਰਤ ਸਕਾਊਟ ਐਂਡ ਗਾਈਡ ਦਾ ਦਫ਼ਤਰ ਹੈ। 1979 ਵਿੱਚ ਕੁੰਭ ਦੇ ਮੇਲੇ ਦੌਰਾਨ ਕੁੱਝ ਸ਼ਰੱਧਾਲੂਵਾਂ ਦੀ ਭਾਜੜ ਦੇ ਕਾਰਨ ਹੋਈ ਮੌਤ ਦੇ ਬਾਅਦ ਪ੍ਰਸ਼ਾਸਨ ਨੇ ਵਿਕਾਸ ਮੁਹਿੰਮ ਤਹਿਤ ਗੁਰਦੁਆਰਾ ਸਾਹਿਬ ਨੂੰ ਮਲਿਆਮੇਟ ਕਰ ਦਿੱਤਾ ਸੀ। 2001 ’ਚ ਹਰਿਦੁਆਰ ਦੀ ਸੰਗਤਾਂ ਵੱਲੋਂ ਕੌਮੀ ਘਟਗਿਣਤੀ ਕਮਿਸ਼ਨ ’ਚ ਗੁਰਦੁਆਰਾ ਸਾਹਿਬ ਨੂੰ ਥਾਂ ਦੇਣ ਸਬੰਧੀ ਪ੍ਰਸ਼ਾਸਨ ਦੇ ਢਿੱਲੇ ਰਵੱਈਏ ਦੇ ਬਾਰੇ ਸ਼ਿਕਾਇਤ ਕੀਤੀ ਗਈ ਸੀ। ਤਾਂ ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ ਦੇ ਅਗਵਾਈ ’ਚ ਚਲਦੇ ਕਮਿਸ਼ਨ ਨੇ ਹਰਿਦੁਆਰ ਦੇ ਡੀ. ਐਮ. ਨੂੰ ਹਰਿ ਦੀ ਪੌੜੀ ਤੇ ਗੁਰੂ ਸਾਹਿਬ ਦੇ ਆਗਮਨ ਦੀ ਜਾਣਕਾਰੀ ਦੇਣ ਵਾਲੇ ਬੋਰਡ ਦੀ ਸਥਾਪਨਾ ਦੇ ਨਾਲ ਹੀ ਨਿਸ਼ਾਨ ਸਾਹਿਬ ਲਗਾਉਣ ਦਾ ਆਦੇਸ਼ ਦਿੰਦੇ ਹੋਏ ਗੁਰਦੁਆਰਾ ਸਾਹਿਬ ਲਈ ਪ੍ਰੇਮ ਨਗਰ ਆਸ਼ਰਮ ਦੇ ਨੇੜੇ ਗੰਗਾ ਨਦੀ ਕੰਡੇ ਲਗਭਗ 50 ਹਜਾਰ ਵਰਗ ਫੁੱਟ ਥਾਂ ਦੇਣ ਦੀ ਹਿਦਾਇਤ ਦਿੱਤੀ ਸੀ, ਪਰ ਲੰਬੀ ਕਾਨੂੰਨੀ ਲੜਾਈ ਦੇ ਬਾਵਜੂਦ ਮਾਮਲਾ ਅੱਜ ਤੱਕ ਸਿਰੇ ਨਹੀਂ ਚੜ੍ਹ ਸਕਿਆ।