ਗੁਰਦੁਆਰਾ ਸਾਹਿਬ ਪਰਥ ਵਿਖੇ ਅਮਰੀਕਾ ਦੇ ਮ੍ਰਿਤਕਾਂ ਪ੍ਰਤੀ ਅਰਦਾਸ

ਪਰਥ (ਹਰਮੰਦਰ ਕੰਗ) – ਵੈਸਟਰਨ ਆਸਟਰੇਲੀਆ ਦੀ ਰਾਜਧਾਨੀ ਪਰਥ ਦੇ ਗੁਰਦੁਆਰਾ ਸਾਹਿਬ ਵਿਖੇ, ਐਤਵਾਰੀ ਦੀਵਾਨ ਵਿੱਚ, ਅਮਰੀਕਾ ਦੀ ਸਟੇਟ ਵਿਨਕਾਂਨਸਿਨ ਦੇ ਸ਼ਹਿਰ ਓਕ ਕਰੀਕ ਦੇ ਗੁਰਦੁਆਰਾ ਸਾਹਿਬ ਵਿਖੇ, ਇਕ ਸਿਰ ਫਿਰੇ ਸਾਬਕਾ ਫੌਜੀ ਦੇ ਅਚਾਨਕ ਹਮਲੇ ਦੌਰਾਨ, ਗੋਲੀਆਂ ਦਾ ਸ਼ਿਕਾਰ ਹੋ ਕੇ ਪਰਲੋਕ ਗਮਨ…… ਕਰ ਗਏ ਸ. ਸਤਵੰਤ ਸਿੰਘ, ਬੀਬੀ ਪਰਮਜੀਤ ਕੌਰ, ਸ. ਸੁਵੇਗ ਸਿੰਘ, ਸ. ਪ੍ਰਕਾਸ਼ ਸਿੰਘ, ਸ. ਰਣਜੀਤ ਸਿੰਘ, ਸ. ਸੀਤਾ ਸਿੰਘ ਬੇਗੁਨਾਹ ਛੇ ਸਿੱਖਾਂ ਦੀਆਂ ਆਤਮਾਵਾਂ ਦੀ ਸ਼ਾਂਤੀ ਵਾਸਤੇ, ਸਰਬੱਤ ਸੰਗਤ ਨੇ, ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ।
ਗੁਰਬਾਣੀ ਦੇ ਕੀਰਤਨ ਉਪਰੰਤ ਇਸ ਸਮਾਗਮ ਵਿੱਚ ਗਿਆਨੀ ਸੰਤੋਖ ਸਿੰਘ ਜੀ ਨੇ ਇਸ ਮੰਦਭਾਗੀ ਘਟਨਾ ਉਪਰ ਸੰਖੇਪ ਚਾਨਣਾ ਪਾਉਂਦਿਆਂ ਹੋਇਆਂ, ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਸਤਵੰਤ ਸਿੰਘ ਜੀ ਵਲੋਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ, ਕਾਤਲ ਹਮਲਾਵਰ ਨੂੰ ਖਾਲੀ ਹੱਥੀਂ ਜੱਫਾ ਮਾਰ ਕੇ ਕਈ ਕੀਮਤੀ ਜਾਨਾਂ ਬਚਾਉਣ ਵਿੱਚ ਸਹਾਈ ਹੋਣ ਵਾਲ਼ੇ ਬਹਾਦਰਾਨਾ ਕਾਰਜ ਦੀ ਸਰਾਹਨਾ ਕੀਤੀ ਗਈ। ਇਸ ਦਲੇਰੀ ਭਰੇ ਕਾਰਨਾਮੇ ਦੌਰਾਨ ਭਾਵੇਂ ਸ. ਸਤਵੰਤ ਸਿੰਘ ਜੀ ਨੂੰ ਆਪਣੀ ਜਾਨ ਵੀ ਗਵਾਉਣੀ ਪਈ ਪਰ ਕਈ ਹੋਰ ਜਾਨਾਂ ਬਚਾਉਣ ਵਿੱਚ ਉਹ ਸਫ਼ਲ ਰਹੇ। ਇਸ ਤੋਂ ਇਲਾਵਾ ਸਮੇਂ ਸਿਰ ਪਹੁੰਚੇ ਪੁਲੀਸ ਅਫ਼ਸਰ ਦੀ ਸਮੇਂ ਸਿਰ ਕੀਤੀ ਗਈ ਦਲੇਰੀ ਭਰੀ ਕਾਰਵਾਈ ਦੀ ਵੀ ਪ੍ਰਸੰਸਾ ਕੀਤੀ ਗਈ। ਗਿਆਨੀ ਜੀ ਵਲੋਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਵਲੋਂ ਸਮੇਂ ਸਿਰ ਸਿੱਖ ਭਾਈਚਾਰੇ ਨਾਲ ਪ੍ਰਗਟਾਈ ਗਈ ਗਈ ਹਮਦਰਦੀ ਅਤੇ ਸਰਕਾਰੀ ਤੌਰ ‘ਤੇ ਪ੍ਰਗਟਾਏ ਗਏ ਸੋਗ ਵਾਸਤੇ ਵੀ ਧੰਨਵਾਦ ਕੀਤਾ।