ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਪਾਪਾਟੋਏਟੋਏ ਵੱਲੋਂ ‘ਅਲਰਟ ਲੈਵਲ 2’ ਦੌਰਾਨ ਸੰਗਤਾਂ ਲਈ ਦਿਸ਼ਾ-ਨਿਰਦੇਸ਼ ਜਾਰੀ

ਪਾਪਾਟੋਏਟੋਏ, 13 ਮਈ – ਇੱਥੇ ਕੋਲਮਰ ਰੋਡ ‘ਤੇ ਸਥਿਤ ਗੁਰਦੁਆਰਾ ਦਸਮੇਸ਼ ਦਰਬਾਰ ਨਿਊਜ਼ੀਲੈਂਡ ਸਰਕਾਰ ਵੱਲੋਂ ਅੱਜ ਰਾਤੀ 11.59 ਵਜੇ ਤੋਂ ਲਾਗੂ ਕੀਤੇ ਜਾਣ ਵਾਲੇ ‘ਅਲਰਟ ਲੈਵਲ 2’ ਦੌਰਾਨ ਸੰਗਤਾਂ ਲਈ ਖੁੱਲ੍ਹਣ ਜਾ ਰਿਹਾ ਹੈ, ਜਿਸ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕੁੱਝ ਨਿਯਮ ਤਹਿ ਕੀਤੇ ਹਨ। ਜਿਨ੍ਹਾਂ ਮੁਤਾਬਿਕ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਦਰਸ਼ਨਾਂ ਲਈ ਆ ਸਕਦੀਆਂ ਹਨ। ਅਲਰਟ ਲੈਵਲ 2 ਦੇ ਅਧੀਨ ਕੁੱਝ ਮਹੱਤਵਪੂਰਨ ਕਦਮ ਉਦੋਂ ਤੱਕ ਚੁੱਕੇ ਜਾਣਗੇ ਜਦੋਂ ਪ੍ਰਬੰਧਕ ਕਮੇਟੀ 17 ਮਈ ਨੂੰ ਅਗਲੇ ਹਫ਼ਤੇ ਸਥਿਤੀ ਦੀ ਸਮੀਖਿਆ ਨਹੀਂ ਕਰਦੀ, ਜੇ ਕੋਈ ਨਵਾਂ ਬਦਲਾਓ ਹੋਇਆ ਤਾਂ ਸੰਗਤਾਂ ਨੂੰ ਦੱਸਿਆ ਜਾਵੇਗਾ। ਗੁਰਦੁਆਰਾ ਸਾਹਿਬ ਆਉਣ ਦੇ ਨਿਯਮ ਹੇਠ ਲਿਖੇ ਹਨ :-

 1. ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਦੀ ਗਿਣਤੀ 10 ਤੋਂ ਵੱਧ ਨਹੀਂ ਹੋਵੇਗੀ।
 2. ਕੜਾਹ ਪ੍ਰਸ਼ਾਦ ਦੀ ਦੇਗ ਸਿਰਫ਼ ਐਤਵਾਰ ਨੂੰ ਲੱਕੜ ਦੇ ਚਮਚੇ ਨਾਲ ਵਰਤਾਈ ਜਾਏਗੀ।
 3. ਲੰਗਰ ਦੀ ਸੇਵਾ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀ ਗਈ।
 4. ਐਤਵਾਰ ਨੂੰ ਭੋਗ ਸਵੇਰੇ 11.00 ਵਜੇ ਪੈ ਜਾਏਗਾ। ਭੋਗ ਉਪਰੰਤ 11.00 ਵਜੇ ਤੋਂ 1.00 ਵਜੇ ਤੱਕ ਕੀਰਤਨ ਹੋਵੇਗਾ। ਕੀਰਤਨ ਦੀ ਸਮਾਪਤੀ ਤੋਂ ਬਾਅਦ ਕੋਈ ਅਰਦਾਸ ਨਹੀਂ।
 5. ਗੁਰਦੁਆਰਾ ਸਾਹਿਬ ਵਿਖੇ ਆਉਣ ਸਮੇਂ ਸੰਗਤਾਂ ਸਿਰ ਢੱਕਣ ਲਈ ਪਟਕੇ, ਦੁਪੱਟੇ ਅਤੇ ਸਕਾਰਫ਼ ਆਦਿ ਆਪਣੇ ਘਰੋਂ ਲੈ ਕੇ ਆਉਣ, ਇਹ ਸਭ ਕੁੱਝ ਅਜੇ ਸੰਗਤਾਂ ਵਾਸਤੇ ਗੁਰਦੁਆਰਾ ਸਾਹਿਬ ਵਿੱਚ ਉਪਲਭਦ ਨਹੀਂ ਹੋਣਗੇ।
 6. ਗੁਰਦੁਆਰਾ ਸਾਹਿਬ ਆਉਣ ਵਾਲੀਆਂ ਸੰਗਤਾਂ ਨੂੰ ਸੰਪਰਕ ਟਰੇਸਿੰਗ ਦੇ ਉਦੇਸ਼ ਲਈ ਪ੍ਰਵੇਸ਼ ਦੁਆਰ ਉੱਤੇ ਰੱਖੇ ਰਜਿਸਟਰ ਵਿੱਚ ਆਪਣੀ ਜਾਣਕਾਰੀ ਦੇਣੀ ਪਵੇਗੀ, ਜਿਸ ਵਿੱਚ ਤੁਹਾਡਾ ਨਾਮ, ਪਤਾ ਤੇ ਸੰਪਰਕ ਨੰਬਰ (ਮੋਬਾਇਲ ਜਾਂ ਫ਼ੋਨ ਨੰਬਰ) ਲਿਖਣਾ ਪਵੇਗਾ ਤਾਂ ਜੋ ਲੋੜ ਪੈਣ ਉੱਤੇ ਸਿਹਤ ਵਿਭਾਗ ਵੱਲੋਂ ਵਿਅਕਤੀ ਵਿਸ਼ੇਸ਼ ਨੂੰ ਟ੍ਰੇਸ ਕਰਨ ਵਾਸਤੇ ਵਰਤਿਆ ਜਾ ਸਕੇ।
 7. ਗੁਰਦੁਆਰਾ ਸਾਹਿਬ ਵਿਖੇ 1 ਮੀਟਰ ਦੀ ਸਮਾਜਿਕ (ਸੋਸ਼ਲ ਡਿਸਟੈਂਸਿੰਗ) ਦੂਰੀ ਰੱਖਣੀ ਜ਼ਰੂਰੀ ਹੋਵੇਗੀ।
 8. ਸੰਗਤਾਂ ਨੂੰ ਬੇਨਤੀ ਹੈ ਕਿ ਦਸਤਾਨੇ, ਮਾਸਕ ਅਤੇ ਸੈਨੀਟਾਈਜ਼ਰ ਆਦਿ ਦੀ ਵਰਤੋ ਕਰੋ।
 9. ਸਾਰੇ ਸਫ਼ਾਈ ਅਭਿਆਸਾਂ ਦੀ ਪਾਲਣਾ ਕਰੋ – ਸਾਬਣ ਨਾਲ ਹੱਥ ਧੋਵੋ, ਸਰਫੇਸ ਨੂੰ ਸਾਬਣ ਨਾਲ ਸਾਫ਼ ਕਰੋ।
 10. ਕੋਈ ਕਿਸੇ ਨਾਲ ਹੈਂਡਸ਼ੇਕਸ ਨਾ ਕਰੇ ਅਤੇ ਜੱਫੀ ਵੀ ਨਾ ਪਾਵੇ।
 11. ਜੇ ਕਰ ਤੁਹਾਨੂੰ ਛਿੱਕਾਂ, ਬੁਖ਼ਾਰ ਜਾਂ ਠੰਢ ਆਦਿ ਦੀ ਸ਼ਿਕਾਇਤ ਹੈ ਤਾਂ ਘਰ ਰਹਿਣਾ ਹੀ ਠੀਕ ਹੋਵੇਗਾ।
 12. ਬਜ਼ੁਰਗ ਅਤੇ ਕਮਜ਼ੋਰ ਇਮਿਊਨ ਵਾਲੇ ਲੋਕ ਘਰ ਹੀ ਰਹਿਣ।