ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਕਮੇਟੀ ਵੱਲੋਂ ਗੁਰਮਤਿ ਸਮਾਗਮ ਕਰਵਾਇਆ ਗਿਆ

ਧਰਮਾਂ ਵਿਚਕਾਰ ਲਕੀਰਾਂ ਖਿੱਚਣ ਦੀ ਕੋਸ਼ਿਸ਼ ਕਰਨ ਵਾਲੇ ਲੋਕ ਸੌੜੀ ਮਾਨਸਿਕਤਾ ਦੇ ਸ਼ਿਕਾਰ : ਪ੍ਰਧਾਨ ਜੀ.ਕੇ.
ਨਵੀਂ ਦਿੱਲੀ – 4 ਨਵੰਬਰ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਹਜ਼ਾਰਾਂ ਸੰਗਤਾਂ ਨੇ ਪੁੱਜ ਕੇ ਗੁਰੂ ਸਾਹਿਬ ਨੂੰ ਆਪਣਾ ਅਕੀਦਾ ਭੇਟ ਕੀਤਾ। ਕੀਰਤਨੀ ਜਥੇ ਅਤੇ ਪ੍ਰਚਾਰਕਾਂ ਵੱਲੋਂ ਜਿੱਥੇ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਰਾਹੀਂ ਗੁਰਮਤਿ ਪ੍ਰਚਾਰ ਕੀਤਾ ਗਿਆ ਉੱਥੇ ਹੀ ਬੱਚਿਆਂ ਨੂੰ ਧਰਮ ਅਤੇ ਵਿਰਸੇ ਨਾਲ ਜੋੜਨ ਲਈ ਗੁਰਬਾਣੀ ਕੁਵਿਜ਼ ਅਤੇ ਦਸਤਾਰ ਮੁਕਾਬਲੇ ਵੀ ਕਮੇਟੀ ਵੱਲੋਂ ਕਰਵਾਏ ਗਏ। ਇਸ ਮੌਕੇ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ‘ਚ ਖ਼ਾਸ ਯੋਗਦਾਨ ਦੇਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਗੁਰੂ ਨਾਨਕ ਦੇਵ ਜੀ ਦੇ ਵੱਲੋਂ ਧਰਮਾਂ ਵਿਚਕਾਰ ਦੀ ਲਕੀਰਾਂ ਨੂੰ ਖ਼ਤਮ ਕਰਕੇ ਇੱਕ ਅਕਾਲ ਪੁਰਖ ਦੀ ਬੰਦਗੀ ਕਰਨ ਦੇ ਦਿੱਤੇ ਗਏ ਸੁਨੇਹੇ ਦਾ ਜ਼ਿਕਰ ਕਰਦੇ ਹੋਏ ਧਰਮਾਂ ਵਿਚਕਾਰ ਲਕੀਰਾਂ ਖਿੱਚਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਨੂੰ ਸੌੜੀ ਮਾਨਸਿਕਤਾ ਦਾ ਸ਼ਿਕਾਰ ਦੱਸਿਆ। ਪ੍ਰਧਾਨ ਜੀ.ਕੇ. ਨੇ ਕਿਹਾ ਕਿ ਕੋਈ ਵੀ ਧਰਮ ਸਮਾਜ ਨੂੰ ਤੋੜਨ ਦੀ ਗੱਲ ਨਹੀਂ ਕਰਦਾ ਪਰ ਕੁੱਝ ਧਰਮ ਤੋਂ ਦੂਰ ਖ਼ੁਦ ਬਣੇ ਧਰਮ ਦੇ ਠੇਕੇਦਾਰਾਂ ਨੇ ਧਰਮ ਨੂੰ ਸਮਾਜ ਤੋੜਨ ਵਾਸਤੇ ਵਰਤਣ ਦਾ ਟੀਚਾ ਬਣਾ ਲਿਆ ਹੈ। ਧਰਮ ਵਿਸ਼ਾਲ ਸ਼ਬਦ ਹੈ ਪਰ ਆਪਹੁਦਰੇ ਧਰਮ ਦੀ ਪਰਿਭਾਸ਼ਾ ਨੂੰ ਪੜ੍ਹਨ ਅਤੇ ਸਮਝਣ ਤੋਂ ਭਗੌੜੇ ਹਨ। ਪ੍ਰਧਾਨ ਜੀ.ਕੇ. ਨੇ ਗੁਰੂ ਨਾਨਕ ਸਾਹਿਬ ਦੇ ਮੁੱਢਲੇ ਸਿਧਾਂਤ ਕਿਰਤ ਕਰਨਾ, ਨਾਮ ਜਪਣਾ ਅਤੇ ਵੰਡ ਛਕਣ ਨੂੰ ਆਪਣੇ ਜੀਵਨ ‘ਚ ਉਤਾਰਣ ਦਾ ਸੰਗਤਾਂ ਨੂੰ ਸੱਦਾ ਦਿੱਤਾ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਇਸ ਚਾਂਸਲਰ ਡਾ. ਜਸਪਾਲ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ੨੦ ਰੁਪਏ ਦਾ ਸੱਚਾ ਸੌਦਾ ਕਰਕੇ ਲੰਗਰ ਚਲਾ ਕੇ ਅਜਿਹੀ ਪ੍ਰੇਰਨਾ ਕੀਤੀ ਕਿ ਅੱਜ ਸਾਰੀ ਦੁਨੀਆ ‘ਚ ਸਿੱਖ ਪੰਥ ਦੀ ਵੱਡੀ ਪਛਾਣ ਲੰਗਰ ਦੀ ਮਰਯਾਦਾ ਕਰਕੇ ਹੈ। ਇਹ ਕੌਮ ਨੂੰ ਗੁਰੂ ਨਾਨਕ ਪਾਤਿਸ਼ਾਹ ਦੀ ਵਡਮੁੱਲੀ ਦੇਣ ਹੈ। ਉਨ੍ਹਾਂ ਨੇ ਗੁਰੂ ਨਾਨਕ ਪਾਤਿਸ਼ਾਹ ਦੇ ਵੱਖ-ਵੱਖ ਧਰਮਾਂ ਦੇ ਤੀਰਥ ਅਸਥਾਨਾਂ ‘ਤੇ ਜਾ ਕੇ ਕੀਤੇ ਗਏ ਸੰਵਾਦ ਚਰਚਾ ਦਾ ਵਿਸਥਾਰ ਪੂਰਵਕ ਜ਼ਿਕਰ ਕੀਤਾ।
ਪੰਜਾਬੀ ਭਾਸ਼ਾ ਦੇ ਪ੍ਰਚਾਰ ‘ਚ ਯੋਗਦਾਨ ਦੇਣ ਵਾਲੇ ਪੰਜਾਬੀ ਪ੍ਰੇਮੀ ਪੰਡਿਤਰਾਓ ਧਰੇਨਵਰ ਨੇ ਇਸ ਮੌਕੇ ਪੰਜਾਬੀ ਭਾਸ਼ਾ ਨੂੰ ਬਚਾਉਣ ਦਾ ਤਰਲਾ ਮਾਰਦੇ ਹੋਏ ਸੰਗਤ ਨੂੰ ਘਰਾਂ ‘ਚ ਬੱਚਿਆਂ ਨਾਲ ਪੰਜਾਬੀ ਬੋਲਣ ਦੀ ਪ੍ਰੇਰਣਾ ਕੀਤੀ। ਪੰਡਿਤਰਾਓ ਨੇ ਕੰਨੜ ਭਾਸ਼ਾ ‘ਚ ਜਪੁਜੀ ਸਾਹਿਬ ਦੀ ਪਹਿਲੀ ਪਉੜੀ ਦਾ ਪਾਠ ਵੀ ਕੀਤਾ। ਦਿੱਲੀ ਕਮੇਟੀ ਦੀ ਪੰਜਾਬੀ ਵਿਕਾਸ ਕਮੇਟੀ ਵੱਲੋਂ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਵਾਸਤੇ ਭਾਵੁਕ ਅਪੀਲ ਵਾਲੇ ਪਲੇ ਕਾਰਡਸ ਜਰੀਏ ਪੰਜਾਬੀ ਅੱਖਰਾਂ ਦੇ ਅਰਥਾਂ ਨੂੰ ਨਿਵੇਕਲੇ ਢੰਗ ਨਾਲ ਪੇਸ਼ ਕੀਤਾ। ਗੰਗਾ ਰਾਮ ਹਸਪਤਾਲ ਦੇ ਡਾ. ਅਰਵਿੰਦ ਵੱਲੋਂ ਵਾਤਾਵਰਣ ਦੀ ਸੰਭਾਲ ਅਤੇ ਫੇਫੜਿਆਂ ਦੀ ਸੰਭਾਲ ਲਈ ਦਿਵਾਲੀ ਮੌਕੇ ਪਟਾਕੇ ਨਾ ਚਲਾਉਣ ਦੇ ਚਲਾਏ ਗਏ ਅੰਦੋਲਨ ਅਤੇ ਪੰਥਕ ਸੇਵਾਵਾਂ ਲਈ ਭਾਈ ਸਤਪਾਲ ਸਿੰਘ ਦਾ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ।