ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਦੇ ਗੁਰੂਧਾਮਾਂ ‘ਚ ਸੰਗਤਾਂ ਦਾ ਆਇਆ ਹੜ੍ਹ

ਸਿਕਲੀਘਰ ਸਿੱਖਾਂ ਦੇ ਕਾਜਲਪੁਰਾ ਪਿੰਡ ਨੂੰ ਗੋਦ ਲੈਣ ਦਾ ਪ੍ਰਧਾਨ ਜੀ.ਕੇ. ਨੇ ਕੀਤਾ ਐਲਾਨ
ਗੁਰੂ ਗ੍ਰੰਥ ਸਾਹਿਬ ‘ਤੇ ਸਾਰੀ ਮਨੁੱਖਤਾ ਦਾ ਹੱਕ : ਸਿਰਸਾ
ਨਵੀਂ ਦਿੱਲੀ, 18 ਜੁਲਾਈ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੱਧ ਪ੍ਰਦੇਸ਼ ਦੇ ਖੰਡਵਾ ਨੇੜੇ ਸਿਕਲੀਘਰ ਸਿੱਖਾਂ ਦੇ ਕਾਜਲਪੁਰਾ ਪਿੰਡ ਨੂੰ ਗੋਦ ਲੈਣ ਦਾ ਐਲਾਨ ਕੀਤਾ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਹੋਏ ਮੁਖ ਸਮਾਗਮ ਦੌਰਾਨ ਬੋਲਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ 2019 ‘ਚ ਆ ਰਹੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ‘ਤੇ ਮਨਾਉਣ ਦੀ ਸੰਗਤਾਂ ਨੂੰ ਜਾਣਕਾਰੀ ਦਿੱਤੀ।
ਇਸ ਤੋਂ ਪਹਿਲਾ ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਕੰਡੇ ਰਾਤ ਨੂੰ ਹੋਏ ਸਮਾਗਮ ਦੌਰਾਨ ਕਮੇਟੀ ਵੱਲੋਂ ਨੀਟ ਪ੍ਰੀਖਿਆ 2017 ‘ਚ 11.50 ਲੱਖ ਵਿਦਿਆਰਥੀਆਂ ਵਿਚੋਂ ਪਹਿਲਾ ਸਥਾਨ ਹਾਸ਼ਿਲ ਕਰਨ ਵਾਲੇ ਨਵਦੀਪ ਸਿੰਘ ਨੂੰ ਸ਼ਾਲ ਅਤੇ 51 ਹਜਾਰ ਰੁਪਏ ਦਾ ਚੈਕ ਦੇ ਕੇ ਸਨਮਾਨਿਤ ਕੀਤਾ ਗਿਆ। ਰੰਗ-ਬਿਰੰਗੀ ਰੋਸ਼ਨੀਆਂ ਨਾਲ ਸੱਜੇ ਗੁਰਦੁਆਰਾ ਬੰਗਲਾ ਸਾਹਿਬ ਦੇ ਸਮਾਗਮ ‘ਚ ਬਦਹਾਲ ਕਿਸਾਨਾਂ ਦੇ ਬੱਚਿਆਂ ਨੇ ਵੀ ਗੁਰੂ ਸਾਹਿਬ ਅੱਗੇ ਆਪਣਾ ਅਕੀਦਾ ਭੇਟ ਕਰ ਆਪਣੇ ਪਰਿਵਾਰਾਂ ਦੀ ਖੁਸ਼ਹਾਲੀ ਦੀ ਅਰਦਾਸ਼ ਕੀਤੀ। ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਲਈ ਆਏ ਹੋਏ ਕਿਸਾਨ ਜਥੇਬੰਦੀ ਦੇ ਉਕਤ ਬੱਚਿਆਂ ਨੇ ਆਪਣੀ ਮੰਗਾਂ ਨੂੰ ਪ੍ਰਦਰਸ਼ਿਤ ਕਰਦੀਆਂ ਚਿੱਟੀਆਂ ਟੋਪੀਆਂ ਪਾਈਆਂ ਹੋਈਆਂ ਸਨ।
ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਪੰਥਕ ਵਿਚਾਰਾਂ ਦੌਰਾਨ ਤਕਰੀਰ ਕਰਦੇ ਹੋਏ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਨੇ ਗੁਰੂ ਸਾਹਿਬ ਦੇ ਇਤਿਹਾਸ ‘ਤੇ ਰੋਸ਼ਨੀ ਪਾਉਂਦੇ ਹੋਏ ਚਲ ਰਹੇ ਕੌਮੀ ਕਾਰਜਾਂ ਦਾ ਵੇਰਵਾ ਦਿੱਤਾ। ਪ੍ਰਧਾਨ ਜੀ.ਕੇ. ਨੇ ਕਿਹਾ ਕਿ ਸਿੱਖਿਆ ਅੱਜ ਦੇ ਸਮੇਂ ਵਿੱਚ ਸਭ ਤੋਂ ਵੱਡੀ ਲੋੜ ਹੈ ਜੇਕਰ ਅਸੀਂ ਸਿੱਖ ਆਈ.ਏ.ਐੱਸ. ਅਤੇ ਆਈ.ਪੀ.ਐੱਸ. ਪੈਦਾ ਕਰਨ ਵਿੱਚ ਨਾਕਾਮ ਰਹੇ ਤਾਂ ਕੌਮ ਦਾ ਭਵਿੱਖ ਖੱਤਰੇ ਵਿੱਚ ਹੈ ਕਿਉਂਕਿ ਘੱਟਗਿਣਤੀ ਕੌਮ ਬਿਨਾ ਉੱਚ ਤੇ ਮਿਆਰੀ ਸਿੱਖਿਆ ਦੇ ਬਿਨਾ ਆਪਣੀ ਹੋਂਦ ਨੂੰ ਨਹੀਂ ਬਚਾ ਸਕਦੀ ਹੈ। ਇਸ ਸਬੰਧੀ ਘੱਟਗਿਣਤੀ ਵਿੱਦਿਅਕ ਅਦਾਰਿਆਂ ਦੇ ਦਰਜ਼ਾ ਮਿਲਣ ਉਪਰੰਤ ਖਾਲਸਾ ਕਾਲਜਾਂ ਵਿੱਚ ਸਿੱਖ ਬੱਚਿਆਂ ਨੂੰ ਮਿਲ ਰਹੇ ਬਿਹਤਰ ਮੌਕਿਆਂ ਦਾ ਵੀ ਪ੍ਰਧਾਨ ਜੀ.ਕੇ. ਨੇ ਹਵਾਲਾ ਦਿੱਤਾ।
ਪ੍ਰਧਾਨ ਜੀ.ਕੇ. ਨੇ ਕਿਹਾ ਕਿ ਕਮੇਟੀ ਦੇ ਅਦਾਰੇ ਜੀ.ਟੀ.ਬੀ.ਆਈ.ਟੀ. ‘ਚ ਇਸ ਵਰ੍ਹੇ 600 ਸੀਟਾਂ ‘ਤੇ ਹੋਏ ਦਾਖਲੇ ‘ਚ ਜਿੱਥੇ ਜਨਰਲ ਸੀਟ 4 ਹਜਾਰ ਰੈਂਕ ਤੱਕ ਆਈ.ਪੀ. ਯੂਨੀਵਰਸਿਟੀ ਵੱਲੋਂ ਕਾਉਂਸਿਲਿੰਗ ਰਾਹੀਂ ਭਰੀ ਗਈ ਹੈ ਉੱਥੇ ਸਿੱਖ ਸੀਟਾਂ 40 ਹਜਾਰ ਰੈਂਕ ਵਾਲੇ ਬੱਚੇ ਵੀ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੇ ਹਨ। ਇਸੇ ਤਰ੍ਹਾਂ ਹੀ ਦਿੱਲੀ ਯੂਨੀਵਰਸਿਟੀ ਦੇ ਚਾਰੋ ਖਾਲਸਾ ਕਾਲਜਾਂ ਵਿੱਚ ਸਿੱਖ ਬੱਚਿਆਂ ਨੂੰ ਜਨਰਲ ਕੈਟਿਗਰੀ ਦੇ ਮੁਕਾਬਲੇ ਕੱਟਆੱਫ ਵਿੱਚ ਵੱਖ-ਵੱਖ ਕੋਰਸਾ ‘ਚ 10 ਤੋਂ 40 ਫੀਸਦੀ ਦੇ ਫਰਕ ਨਾਲ ਦਾਖਲ ਹੋਣ ਦਾ ਸੁੱਚਜਾ ਮੌਕਾ ਮਿਲਿਆ ਹੈ। ਪਿੱਛਲੇ 50 ਸਾਲ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ।
ਪ੍ਰਧਾਨ ਜੀ.ਕੇ. ਨੇ ਕਿਹਾ ਕਿ ਅਸੀਂ ਸਰਕਾਰ ਦੇ ਦਰਬਾਰ ਆਪਣੇ ਲਈ ਕੁੱਝ ਲੈਣ ਨਹੀਂ ਜਾਂਦੇ ਸਗੋਂ ਕੌਮ ਦੇ ਭਵਿੱਖ ਨੂੰ ਉਸਾਰਨ ਦਾ ਟੀਚਾ ਲੈ ਕੇ ਨਿਰੰਤਰ ਲੱਗੇ ਹੋਏ ਹਾਂ। ਜਿਸ ਕਰਕੇ ਅੱਜ ਉੱਚ ਸਿੱਖਿਆ ਨੂੰ ਸਿੱਖੀ ਸੰਭਾਲ ਦੇ ਨਾਲ ਜੋੜ ਕੇ ਜੋ ਇਤਿਹਾਸਕ ਕਾਰਜ ਕਮੇਟੀ ਨੇ ਕੀਤਾ ਹੈ ਉਸ ਕਰਕੇ 2-3 ਸਾਲ ‘ਚ ਬਦਲਾਵ ਦੀ ਲਹਿਰ ਚਲੇਗੀ। ਪ੍ਰਧਾਨ ਜੀ.ਕੇ. ਨੇ ਜੱਸਾ ਸਿੰਘ ਆਹਲੂਵਾਲੀਆ ਦੀ ਤੀਜ਼ੀ ਜਨਮ ਸ਼ਤਾਬਦੀ ਅਤੇ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਰਾਹੀਂ ਹਰ ਧਰਮ ਅਤੇ ਹਰ ਮੁਲਕ ਨੂੰ ਜੋੜਨ ਦੀ ਗੱਲ ਕਹੀ।
ਗੁਰੂ ਨਾਨਕ ਸਾਹਿਬ ਦੇ ਸਿਧਾਂਤ : ਮਨੁੱਖਤਾ, ਬਰਾਬਰਤਾ ਅਤੇ ਧਰਮ ਨਿਰਪੇਖਤਾ ਨੂੰ ਘਰ-ਘਰ ਤਕ ਪਹੁੰਚਾਉਣ ਦਾ ਪ੍ਰਧਾਨ ਜੀ.ਕੇ. ਨੇ ਅਹਿਦ ਲਿਆ। ਕਾਜਲਪੁਰਾ ਵਿਖੇ ਸਿਕਲੀਘਰ ਸਿੱਖਾ ਦੇ ਘਰ ਅਤੇ ਗੁਰਦੁਆਰੇ ਨੂੰ ਪੱਕਾ ਬਣਾਉਣ ਦਾ ਐਲਾਨ ਕਰਦੇ ਹੋਏ ਪ੍ਰਧਾਨ ਜੀ.ਕੇ. ਨੇ ਇਸ ਕਾਰਜ ‘ਚ ਸਹਿਯੋਗ ਦੇ ਰਹੇ ਅਮਰੀਕਾ ਨਿਵਾਸੀ ਮਨਦੀਪ ਸਿੰਘ ਸੋਬਤੀ ਦਾ ਸਨਮਾਨ ਵੀ ਕੀਤਾ। ਪ੍ਰਧਾਨ ਜੀ.ਕੇ. ਨੇ ਜੈਕਾਰਿਆਂ ਦੀ ਗੂੰਜ ‘ਚ ਸੰਗਤਾਂ ਤੋਂ ਜੀ.ਐਸ.ਟੀ. ਨਾ ਲਗਾਉਣ ਸਬੰਧੀ ਮਤੇ ‘ਤੇ ਵੀ ਪ੍ਰਵਾਨਗੀ ਲਈ।
ਸਿਰਸਾ ਨੇ ਸੰਗਤਾਂ ਨੂੰ ਤੋੜਨ ਦੀ ਥਾਂ ਜੋੜਨ ਵੱਲ ਤੁਰਨ ਦੀ ਪ੍ਰੇਰਣਾ ਕਰਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਦਿੱਤੀ ਗਈ ਸ਼ਹਾਦਤ ਨੂੰ ਧਰਮ ਦੀ ਸ਼ਹਾਦਤ ਦੀ ਥਾਂ ਮਨੁੱਖਤਾ ਲਈ ਸ਼ਹਾਦਤ ਦੱਸਿਆ। ਬੀਤੇ ਦਿਨੀਂ ਅੰਬਾਲਾ ਵਿਖੇ ਇੱਕ ਸਿੱਖ ਨਾਲ ਹੋਈ ਕੁੱਟਮਾਰ ਦੇ ਮਾਮਲੇ ‘ਚ ਕਮੇਟੀ ਵੱਲੋਂ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਦਿੰਦੇ ਹੋਏ ਸਿਰਸਾ ਨੇ ਇਸ ਮਸਲੇ ਨੂੰ ਸੋਸ਼ਲ ਮੀਡੀਆ ‘ਤੇ ਫਿਰਕੂ ਅਤੇ ਵੱਖਵਾਦੀ ਰੰਗ ਦੇਣ ਵਾਲੇ ਲੋਕਾਂ ਦੀ ਸੋਚ ਦੀ ਨਿਖੇਧੀ ਕੀਤੀ। ਸਿਰਸਾ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਸਾਰੀ ਮਨੁੱਖਤਾ ਲਈ ਹੈ ਪਰ ਅਫਸੋਸ ਅਸੀਂ ਇਸ ਦੀ ਸਿੱਖਿਆਵਾਂ ‘ਤੇ ਸਿਰਫ਼ ਸਿੱਖਾਂ ਦਾ ਹੱਕ ਸਮਝ ਲਿਆ ਹੈ। ਇਸ ਸਬੰਧੀ ਸਿਰਸਾ ਨੇ ਅੰਬਾਲਾ ਦੇ ਐੱਸ.ਐੱਸ.ਪੀ. ਨਾਲ ਹੋਈ ਘਟਨਾਕ੍ਰੰਮ ਸਬੰਧੀ ਜਾਣਕਾਰੀ ਦਿੰਦੇ ਹੋਏ ਸਿੱਖਾਂ ਨੂੰ ਆਪਣੀ ਸੋਚ ਦਾ ਦਾਇਰਾ ਵੱਡਾ ਕਰਨ ਦੀ ਅਪੀਲ ਕੀਤੀ। ਸਿਰਸਾ ਨੇ ਕੌਮੀ ਅਤੇ ਪੰਥਕ ਕਾਰਜਾਂ ਦੀ ਸੇਵਾ ਲਈ ਸੰਗਤਾਂ ਤੋਂ ਸਹਿਯੋਗ ਵੀ ਮੰਗਿਆ।
ਇਸ ਮੋਕੇ ਉੱਘੀ ਇਤਿਹਾਸਕਾਰ ਬੀਬੀ ਹਰਬੰਸ ਕੌਰ ਸਾਗੂ ਵੱਲੋਂ ਲਿਖਿਆ ਗਈਆਂ 2 ਕਿਤਾਬਾਂ ਦੀ ਘੁੰਡ ਚੁਕਾਈ ਕਮੇਟੀ ਪ੍ਰਬੰਧਕਾਂ ਵੱਲੋਂ ਕੀਤੀ ਗਈ। ਸਟੇਜ ਸਕੱਤਰ ਦੀ ਸੇਵਾ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ ਨੇ ਬਖੂਬੀ ਨਿਭਾਈ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਖੇ 12ਵੀਂ ਜਮਾਤ ਦੇ ਟੌਪਰ ਵਿਦਿਆਰਥੀਆਂ ਦਾ ਇਸ ਮੌਕੇ ਗੋਲਡ ਮੈਡਲ ਦੇ ਕੇ ਸਨਮਾਨ ਕੀਤਾ ਗਿਆ। ਜਿਸ ਵਿੱਚ ਲੋਨੀ ਰੋਡ ਬ੍ਰਾਂਚ ਦੇ ਅਯੂਸ਼ (ਵਿਗਿਆਨ) ‘ਚ 95.6 ਫੀਸਦੀ, ਬਸੰਤ ਵਿਹਾਰ ਬ੍ਰਾਂਚ ਦੇ ਜਪਤੇਗ ਸਿੰਘ (ਕਾੱਮਰਸ) ‘ਚ 95 ਫੀਸਦੀ ਅਤੇ ਇੰਡੀਆ ਗੇਟ ਬ੍ਰਾਂਚ ਦੀ ਕੁਦਰਤ ਕੌਰ (ਆਰਟ) ‘ਚ 92 ਫੀਸਦੀ ਸ਼ਾਮਿਲ ਹਨ। ਇਸ ਮੌਕੇ ਕਮੇਟੀ ਦੇ ਸਮੂਹ ਮੈਂਬਰਾਨ ਮੋਜੂਦ ਸਨ।