ਚਰਨਪ੍ਰੀਤ ਧਾਲੀਵਾਲ ਦਾ ਸਦੀਵੀ ਵਿਛੋੜਾ

ਆਕਲੈਂਡ – ਪੱਛਮੀ ਆਕਲੈਂਡ ਦੇ ਇਲਾਕੇ ਹੈਂਡਰਸਨ ਵਿੱਚ ਪੰਜਾਬੀ ਮੂਲ ਦੇ ਸਕਿਊਰਿਟੀ ਗਾਰਡ ਸ. ਚਰਨਪ੍ਰੀਤ ਸਿੰਘ ਧਾਲੀਵਾਲ ਦੀ ਲਾਸ਼ ਪੁਲਿਸ ਵਲੋਂ ਬਰਾਮਦ ਕੀਤੀ ਗਈ ਹੈ। ਵਰਨਣਯੋਗ ਹੈ ਕਿ ਧਾਲੀਵਾਲ ਦੇ ਮ੍ਰਿਤਕ ਹਾਲਤ ਵਿੱਚ ਕੇਸ ਖਿਲਰੇ ਹੋਏ ਸਨ, ਮੌਕੇ ਤੇ ਪਹੁੰਚੀ ਪੁਲਿਸ ਵਲੋਂ ਖਬਰ ਲਿਖੇ ਜਾਣ ਤੱਕ ਏਨਾ ਦੱਸਿਆ ਗਿਆ ਹੈ ਕਿ ਸਿਰ ਵਿੱਚ ਸੱਟ ਲੱਗਣ ਕਾਰਣ ਇਸ ਮੌਤ ਦੀ ਸੰਭਾਵਨਾ ਹੈ। ਪੁਲਿਸ ਵਲੋਂ ਇਸ ਦੀ ਤਫਤੀਸ਼ ਜਾਰੀ ਹੈ। ਸੰਗਰੂਰ ਜ਼ਿਲ੍ਹੇ ਨਾਲ ਸੰਬੰਧਤ ਇਸ 22 ਸਾਲਾ ਨੌਜਵਾਨ ਦੇ ਮ੍ਰਿਤਕ ਸਰੀਰ ਨੂੰ ਪੰਜਾਬ ਭੇਜਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਆਖਰੀ ਖਬਰ ਮਿਲਣ ਤੱਕ ਇਸ ਨੌਜਵਾਨ ਦੇ ਮ੍ਰਿਤਕ ਨੂੰ ਸਰੀਰ ਪੰਜਾਬ ਭੇਜਣ ਲਈ ਭਾਈਚਾਰੇ ਦੇ ਸਹਿਯੋਗ ਨਾਲ 10,000 ਡਾਲਰ ਇਕੱਠੇ ਕੀਤੇ ਜਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਚਰਨਪ੍ਰੀਤ ਆਪਣੀ ਪੜ੍ਹਾਈ ਖਤਮ ਕਰਨ ਉਪਰੰਤ ਆਪਣਾ ਕੈਰੀਅਰ ਸ਼ੁਰੂ ਕਰਨ ਦੀ ਤਾਕ ਵਿੱਚ ਸੀ। ਪਰਿਵਾਰ ਵਿੱਚ ਉਸ ਦੇ ਮਾਤਾ ਜੀ ਅਤੇ ਵੱਡਾ ਵੀਰ ਪੰਜਾਬ ਵਿੱਚ ਵਸਦੇ ਹਨ। ਉਸ ਦੇ ਸਵਰਗਵਾਸੀ ਪਿਤਾ ਜੀ ਸੰਗਰੂਰ ਜ਼ਿਲੇ ਦੇ ਇਕ ਗੁਰਦੁਆਰੇ ਵਿੱਚ ਮੈਨੇਜਰ ਦਾ ਕਾਰਜ ਨਿਭਾਉਂਦੇ ਰਹੇ ਸਨ। ਨਿਊਜ਼ੀਲੈਂਡ ਦਾ ਪੰਜਾਬੀ ਭਾਈਚਾਰਾ ਉਤਸੁਕਤਾ ਨਾਲ ਪੁਲਿਸ ਜਾਂਚ ਦੇ ਨਤੀਜਿਆ ਦੀ ਉਡੀਕ ਵਿੱਚ ਹੈ।