ਚੈਂਪੀਅਨਜ਼ ਟਰਾਫ਼ੀ ‘ਚ ਭਾਰਤ ਨੇ ਪਾਕਿਸਤਾਨ ਨੂੰ 124 ਦੌੜਾਂ ਨਾਲ ਹਰਾਇਆ

ਬਰਮਿੰਘਮ, 4 ਜੂਨ – ਇੱਥੇ ਭਾਰਤ ਨੇ ਆਈਸੀਸੀ ਚੈਂਪੀਅਨਜ਼ ਟਰਾਫ਼ੀ ਦੇ ਗਰੁੱਪ ‘ਬੀ’ ਦੇ ਮੈਚ ਵਿੱਚ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 124 ਦੌੜਾਂ ਨਾਲ ਹਰਾ ਦਿੱਤਾ।
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 3 ਵਿਕਟਾਂ ਦੇ ਨੁਕਸਾਨ ਉੱਤੇ 319 ਦੌੜਾਂ ਬਣਾਈਆਂ। ਭਾਰਤ ਵੱਲੋਂ ਸਲਾਮੀ ਬੱਲੇਬਾਜ਼ ਵਜੋਂ ਉੱਤਰੇ ਰੋਹਿਤ ਸ਼ਰਮਾ ਨੇ 91 ਤੇ ਸ਼ਿਖ਼ਰ ਧਵਨ ਨੇ 68 ਦੌੜਾਂ ਬਣਾਈਆਂ। ਜਦੋਂ ਕਿ ਕਪਤਾਨ ਵਿਰਾਟ ਕੋਹਲੀ ਨੇ ਨਾਬਾਦ 81 ਅਤੇ ਯੁਵਰਾਜ ਨੇ ਵਿਸਫੋਟਕ ਅੰਦਾਜ਼ ‘ਚ ਬੱਲੇਬਾਜ਼ੀ ਕਰਦਿਆਂ 32 ਗੇਂਦਾਂ ਉੱਪਰ 53 ਦੌੜਾਂ ਬਣਾਈਆਂ, ਜਿਸ ਵਿੱਚ 8 ਚੌਕੇ ਤੇ 1 ਛੱਕਾ ਠੋਕਿਆ। ਹਾਰਦਿਕ ਪਾਂਡਿਆਂ ਨੂੰ ਸਿਰਫ਼ 6 ਗੇਂਦਾਂ ਖੇਡਣ ਦਾ ਮੌਕਾ ਮਿਲਿਆ ਤੇ ਉਸ ਨੇ ਨਾਬਾਦ 20 ਦੌੜਾਂ ਬਣਾਈਆਂ। ਮੀਂਹ ਕਾਰਨ ਤਿੰਨ ਵਾਰ ਮੈਚ ‘ਚ ਵਿਘਨ ਪਿਆ ਤੇ ਮੈਚ ਨੂੰ 48 ਓਵਰਾਂ ਦਾ ਕਰ ਦਿੱਤਾ। ਭਾਰਤ ਨੇ ਆਖ਼ਰੀ 4 ਓਵਰਾਂ ਵਿੱਚ 72 ਦੌੜਾਂ ਜੋੜੀਆਂ। ਪਾਕਿਸਤਾਨ ਵੱਲੋਂ ਗੇਂਦਬਾਜ਼ ਹਸਨ ਅਲੀ ਤੇ ਸ਼ਾਦਾਬ ਖ਼ਾਨ 1-1 ਵਿਕਟ ਹਾਸਲ ਕੀਤਾ।
ਭਾਰਤ ਵੱਲੋਂ ਮਿਲੇ 320 ਦੌੜਾਂ ਦੇ ਟੀਚੇ ਹਾਸਲ ਕਰਨ ਉੱਤਰੀ ਪਾਕਿਸਤਾਨ ਦੀ ਟੀਮ 33.4 ਓਵਰਾਂ ਵਿੱਚ 164 ਦੌੜਾਂ ‘ਤੇ ਆਊਟ ਹੋ ਗਈ ਤੇ 124 ਦੌੜਾਂ ਨਾਲ ਭਾਰਤ ਹੱਥੋਂ ਹਾਰ ਗਈ। ਪਾਕਿਸਤਾਨ ਲਈ ਅਜ਼ਹਰ ਅਲੀ ਨੇ ਸਭ ਤੋਂ ਵਧ 50 ਅਤੇ ਮੁਹੰਮਦ ਹਾਫਿਜ਼ ਨੇ 33 ਦੌੜਾਂ ਬਣਾਈਆਂ। ਭਾਰਤੀ ਗੇਂਦਬਾਜ਼ ਉਮੇਸ਼ ਯਾਦਵ ਨੇ 3, ਹਾਰਦਿਕ ਪੰਡਿਆ ਅਤੇ ਰਵਿੰਦਰ ਜਡੇਜਾ ਨੇ 2-2 ਅਤੇ ਭੁਵਨੇਸ਼ਵਰ ਕੁਮਾਰ ਨੇ 1 ਵਿਕਟ ਹਾਸਲ ਕੀਤੀ।