ਛੇਵੇਂ ਤਨਖਾਹ ਕਮਿਸ਼ਨ ਅਨੁਸਾਰ ਸਕੇਲ ਲਾਗੂ ਨਾ ਕਰਨ ਵਾਲੇ ਕਾਲਜਾਂ ਦੀ ਮਾਨਤਾ ਰੱਦ ਹੋਵੇਗੀ – ਜੋਸ਼ੀ

ਚੰਡੀਗੜ੍ਹ, 12 ਸਤੰਬਰ (ਏਜੰਸੀ) – ਪੰਜਾਬ ਸਰਕਾਰ ਨੇ ਉਨ੍ਹਾਂ ਪ੍ਰਾਈਵੇਟ ਪੌਲੀਟੈਕਨਿਕ ਕਾਲਜਾਂ ਦੀ ਮਾਨਤਾ ਰੱਦ ਕਰਨ ਦੀ ਕਾਰਵਾਈ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ, ਜਿਹੜੇ ਛੇਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਕਾਲਜ ਲੈਕਚਰਾਰਾਂ ਨੂੰ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ……. ਅਨੁਸਾਰ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜ਼ੂਕੇਸ਼ਨ (ਏ. ਆਈ. ਸੀ. ਟੀ. ਈ.) ਵਲੋਂ ਪ੍ਰਵਾਨਿਤ ਤਨਖਾਹ ਸਕੇਲ ਨਹੀਂ ਦੇ ਰਹੇ।
ਪੰਜਾਬ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਇਹ ਖੁਲਾਸਾ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਇਹ ਧਿਆਨ ਵਿੱਚ ਆਇਆ ਹੈ ਕਿ ਰਾਜ ਦੇ ਕਈ ਪ੍ਰਾਈਵੇਟ ਪੌਲੀਟੈਕਨਿਕ ਕਾਲਜਾਂ ਵਲੋਂ ਏ. ਆਈ. ਸੀ. ਟੀ. ਈ. ਵਲੋਂ ਪ੍ਰਵਾਨਤ ਪੇ ਸਕੇਲ, ਸਰਵਿਸ ਕੰਡੀਸ਼ਨਜ਼ ਅਤੇ ਯੋਗਤਾਵਾਂ ਹੂ-ਬ-ਹੂ ਲਾਗੂ ਨਹੀਂ ਕੀਤੀਆਂ ਜਾ ਰਹੀਆਂ। ਉਨ੍ਹਾਂ ਦੱਸਿਆ ਕਿ ਕਈ ਕਾਲਜ ਮਾਮੂਲੀ ਤਨਖਾਹ ‘ਤੇ ਫੈਕਲਟੀ ਤੋਂ ਕੰਮ ਲੈ ਕੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੰਜਾਬ ਦੇ ਇਕ ਪ੍ਰਾਈਵੇਟ ਕਾਲਜ ਦੇ ਫੈਕਲਟੀ ਮੈਂਬਰਾਂ ਨੇ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜ਼ੂਕੇਸ਼ਨ, ਨਵੀਂ ਦਿੱਲੀ ਨੂੰ ਸ਼ਿਕਾਇਤ ਵੀ ਕੀਤੀ ਸੀ। ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਾਰੇ ਪ੍ਰਾਈਵੇਟ ਪੌਲੀਟੈਕਨਿਕ ਕਾਲਜਾਂ ਨੂੰ ਏ. ਆਈ. ਸੀ. ਟੀ. ਸੀ. ਦੀਆਂ ਉਕਤ ਸ਼ਰਤਾਂ ਸਬੰਧੀ ਲੋੜੀਂਦੀ ਕਾਰਵਾਈ ਸਬੰਧੀ ਮੁਕੰਮਲ ਰਿਪੋਰਟ ਤਿਆਰ ਕਰਕੇ ਮੁੱਖ ਦਫ਼ਤਰ ਨੂੰ ਭੇਜਣ ਦੇ ਆਦੇਸ਼ ਦਿੱਤੇ ਗਏ ਹਨ।