ਜਥੇਦਾਰ ਸੰਤੋਖ ਸਿੰਘ ਦੇ ਜਨਮ ਦਿਹਾਡ਼ੇ ਮੌਕੇ ਜੀ.ਕੇ. ਦਾ ਦਿੱਲੀ ਦੀਆਂ ਸੰਗਤਾਂ ਵੱਲੋਂ ਕੀਤਾ ਗਿਆ ਵਿਸ਼ੇਸ਼ ਸਨਮਾਨ

photo kirtan samagamਜੇਕਰ ਜਥੇਦਾਰ ਜੀ ਦਿਲੇਰੀ ਅਤੇ ਦੂਰਅੰਦੇਸ਼ੀ ਨਾਲ ਦਿੱਲੀ ਦੇ ਗੁਰੂਧਾਮਾਂ ਅਤੇ ਵਿਦਿਅਕ ਅਦਾਰਿਆਂ ਬਾਰੇ ਉਸਾਰੂ ਫੈਸਲੇ ਨਾ ਲੈਂਦੇ ਤਾਂ ਸ਼ਾਇਦ ਦਿੱਲੀ ਦੀ ਸਿੱਖਾਂ ਦੀ ਸਿੱਖੀ ਦਾ ਨਕਸ਼ਾ ਕੁਝ ਹੋਰ ਹੋਣਾ ਸੀ
ਨਵੀਂ ਦਿੱਲੀ (21 ਮਾਰਚ 2016) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਆਪਣੇ ਪਿਤਾ ਜਥੇਦਾਰ ਸੰਤੋਖ ਸਿੰਘ ਦੀ ਤਰ੍ਹਾਂ ਦਿਲੇਰਾਨਾ ਅਤੇ ਕੌਮੀ ਹਿਤਾਂ ਤੇ ਪਹਿਰਾ ਦੇਣ ਦੀ ਲਡ਼ੀ ਨੂੰ ਅੱਗੇ ਜਾਰੀ ਰੱਖਣ ਕਰਕੇ ਜੀ.ਕੇ. ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਦੇ ਪ੍ਰਧਾਨ ਹਰਮਨਜੀਤ ਸਿੰਘ ਨੇ ਰਾਜੌਰੀ ਗਾਰਡਨ ਵਿਖੇ ਜੀ.ਕੇ. ਨੂੰ ਪਰਿਵਾਰਿਕ ਮੈਂਬਰਾਂ ਤੇ ਸੰਗਤਾਂ ਦੀ ਮੌਜ਼ੂਦਗੀ ਵਿਚ………. ਉਕਤ ਸਨਮਾਨ ਤਕਸੀਮ ਕੀਤਾ। ਸਿਰੋਪਾ, ਸ਼ਾਲ ਅਤੇ ਸਨਮਾਨ ਪੱਤਰ ਦੇਣ ਨੂੰ ਹਰਮਨਜੀਤ ਨੇ ਇਸਨੂੰ ਪਿਤਾ-ਪੁੱਤਰ ਦੇ ਸਨਮਾਨ ਤੋਂ ਵੱਧ ਦਿੱਲੀ ਦੀਆਂ ਸੰਗਤਾਂ ਦਾ ਸਨਮਾਨ ਕਰਾਰ ਦਿੱਤਾ।

ਇਸ ਤੋਂ ਪਹਿਲਾਂ ਜਥੇਦਾਰ ਸੰਤੋਖ ਸਿੰਘ ਦੇ ਜਨਮ ਦਿਹਾਡ਼ੇ ਮੌਕੇ ਇਸੇ ਸਥਾਨ ’ਤੇ ਹੋਏ ਸਾਲਾਨਾ ਕੀਰਤਨ ਸਮਾਗਮ ’ਚ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਅਤੇ ਹੋਰ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਅਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਜਥੇਦਾਰ ਸੰਤੋਖ ਸਿੰਘ ਵਲੋਂ ਦਿੱਲੀ ਦੀਆਂ ਸੰਗਤਾਂ ਵਾਸਤੇ ਦਿੱਤੇ ਗਏ ਯੋਗਦਾਨ ਦੀ ਵਿਸਤਾਰ ਨਾਲ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਅਗਰ ਜਥੇਦਾਰ ਜੀ ਦਿਲੇਰੀ ਅਤੇ ਦੂਰਅੰਦੇਸ਼ੀ ਨਾਲ ਗੁਰੂਧਾਮਾਂ ਅਤੇ ਵਿਦਿਅਕ ਅਦਾਰਿਆਂ ਬਾਰੇ ਉਸਾਰੂ ਫੈਸਲੇ ਨਾ ਲੈਂਦੇ ਤਾਂ ਸ਼ਾਇਦ ਦਿੱਲੀ ਦੀ ਸਿੱਖਾਂ ਦੀ ਸਿੱਖੀ ਦਾ ਨਕਸ਼ਾ ਕੁਝ ਹੋਰ ਹੋਣਾ ਸੀ।

ਡਾ. ਜਸਪਾਲ ਸਿੰਘ ਨੇ ਜਥੇਦਾਰ ਜੀ ਵੱਲੋਂ ਸਰਕਾਰਾਂ ਤੋਂ ਦਬਕੇ ਰਾਹੀਂ ਕੌਮ ਵਾਸਤੇ ਜਗ੍ਹਾਂ-ਜਮੀਨਾਂ ਦੀ ਕੀਤੀ ਗਈ ਪ੍ਰਾਪਤੀ, ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਲਡ਼ੀ ਦੀ ਸਥਾਪਨਾ, ਉੱਚ ਪੱਧਰੀ ਸਿੱਖਿਆ ਲਈ ਕਾੱਲੇਜਾਂ ਦੀ ਸਥਾਪਨਾ ਅਤੇ ਇਤਿਹਾਸਿਕ ਗੁਰਧਾਮਾਂ ਨੂੰ ਜਮੀਨੀ ਵਿਸਤਾਰ ਦਿਵਾਉਣ ਲਈ ਦੂਰਅੰਦੇਸ਼ੀ ਨਾਲ ਕੀਤੇ ਗਏ ਕਾਰਜਾਂ ਨੂੰ ਦਿੱਲੀ ਦੀ ਸੰਗਤ ਦੀ ਝੋਲੀ ’ਚ ਪਈ ਅਨਮੋਲ ਦਾਤ ਵੀ ਦੱਸਿਆ।ਦਿੱਲੀ ਕਮੇਟੀ ਦੇ ਤਾਕਤਵਰ ਪ੍ਰਧਾਨ ਹੋਣ ਦੇ ਕਾਰਨ ਮੁਲਕ ਦੀ ਪ੍ਰਧਾਨਮੰਤਰੀ ਇੰਦਰਾ ਗਾਂਧੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਖ਼ਿਲਾਫ਼ ਦਿੱਲੀ ਤੋਂ ਜਿਹਾਦ ਛਿਡ਼ਵਾਉਣ ਲਈ ਜਥੇਦਾਰ ਜੀ ਨੂੰ ਕੀਤੀ ਗਈ ਪੇਸ਼ਕਸ ਦੇ ਮਕਸਦ ਦਾ ਵੀ ਡਾ. ਜਸਪਾਲ ਸਿੰਘ ਨੇ ਖੁਲਾਸਾ ਕੀਤਾ।

ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਜਥੇਦਾਰ ਜੀ ਨੂੰ ਗੁਰਦੁਆਰਾ ਸੀਸਗੰਜ਼ ਸਾਹਿਬ ਤੋਂ ਪੰਜ ਪਿਆਰੇ ਬਿਠਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਰਾਬਰ ਸਰਕਾਰੀ ਸਿਧਾਂਤ ਪੈਦਾ ਕਰਨਾ ਚਾਹੁੰਦੀ ਸੀ ਤਾਂ ਕਿ ਸਿੱਖ ਕੌਮ ਆਪਣੇ ਧੁਰੇ ਤੋਂ ਟੁੱਟ ਕੇ ਖੇਰੂੰ-ਖੇਰੂੰ ਹੋ ਜਾਏ। ਜਥੇਦਾਰ ਜੀ ਵੱਲੋਂ ਸਰਕਾਰੀ ਏਜੰਟ ਬਣਨ ਤੋਂ ਬਜਾਏ ਗੁਰੂ ਸਿਧਾਂਤ ਤੇ ਪਹਿਰਾ ਦੇਣ ਅਤੇ ਕੌਮ ਵਿਚ ਭਰਾ ਮਾਰੂ ਜੰਗ ਨਾ ਛਿਡ਼ਵਾਉਣ ਦੇ ਲਏ ਗਏ ਫੈਸਲੇ ਨੂੰ ਡਾ. ਜਸਪਾਲ ਸਿੰਘ ਨੇ ਸਰਕਾਰ ਦੇ ਮੂੰਹ ਤੇ ਚਪੇਡ਼ ਵੀ ਕਰਾਰ ਦਿੱਤਾ। ਹਿਤ ਨੇ ਜਥੇਦਾਰ ਜੀ ਦੇ ਦੇਸ਼ੀ ਸੁਭਾਵ ਦਾ ਜਿਕਰ ਕਰਦੇ ਹੋਏ ਉਨ੍ਹਾਂ ਦੇ ਨਾਲ ਦੁਸ਼ਮਣੀ ਅਤੇ ਦੋਸ਼ਤੀ ਦੋਨੋਂ ਰੱਖਣ ਵਿਚ ਬਰਾਬਰ ਦਾ ਅਨੰਦ ਮਿਲਣ ਦਾ ਵੀ ਦਾਅਵਾ ਕੀਤਾ।

ਸੰਗਤਾਂ ਦਾ ਧੰਨਵਾਦ ਕਰਦੇ ਹੋਏ ਜੀ.ਕੇ. ਨੇ ਜਥੇਦਾਰ ਜੀ ਦੀ ਸਾਬਕਾ ਪ੍ਰਧਾਨਮੰਤਰੀ ਜਵਾਹਰ ਲਾਲ ਨਹਿਰੂ, ਲਾਲ ਬਹਾਦਰ ਸ਼ਾਸ਼ਤ੍ਰੀ ਅਤੇ ਇੰਦਰਾ ਗਾਂਧੀ ਨਾਲ ਨੇਡ਼੍ਹਤਾ ਹੋਣ ਦੇ ਬਾਵਜੂਦ ਉਨ੍ਹਾਂ ਵੱਲੋਂ ਸਿਰਫ਼ ਕੌਮ ਦੇ ਹੱਕਾ ਲਈ ਸਰਕਾਰੇ-ਦਰਬਾਰੇ ਜਾਉਣ ਦਾ ਵੀ ਦਾਅਵਾ ਕੀਤਾ। ਜੀ.ਕੇ. ਨੇ ਕਿਹਾ ਕਿ ਜਥੇਦਾਰ ਜੀ ਕਦੇ ਵੀ ਸਰਕਾਰਾਂ ਕੋਲ ਆਪਣੇ ਪਰਿਵਾਰ ਲਈ ਪਰਮਿਟ, ਕੋਟਾ ਜਾਂ ਲਾਈਸੰਸ ਲੈਣ ਲਈ ਨਹੀਂ ਗਏ ਸਗੋਂ ਜਦੋਂ ਵੀ ਗਏ ਕੌਮ ਦੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਗਏ। ਜਥੇਦਾਰ ਜੀ ਦੀ ਮੌਤ ਦੇ 35 ਸਾਲਾਂ ਬਾਅਦ ਵੀ ਸੰਗਤਾਂ ਵੱਲੋਂ ਉਨ੍ਹਾਂ ਨੂੰ ਯਾਦ ਕਰਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਦਿੱਤੇ ਜਾ ਰਹੇ ਪਿਆਰ ਨੂੰ ਜਥੇਦਾਰ ਜੀ ਵੱਲੋਂ ਨਿਧਡ਼ਕ ਪੰਥਕ ਸੋਚ ਰਾਹੀਂ ਦਿੱਲੀ ਦੀ ਸੰਗਤਾਂ ਲਈ ਮਾਰੀਆਂ ਗਈਆਂ ਮੱਲਾਂ ਦੇ ਸਨਮਾਨ ਵੱਜੋਂ ਵੀ ਜੀ.ਕੇ. ਨੇ ਪਰਿਭਾਸ਼ਿਤ ਕੀਤਾ।

ਇਸ ਮੌਕੇ ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਸਰਪ੍ਰਸਤ ਗੁਰਬਚਨ ਸਿੰਘ ਚੀਮਾ, ਦਿੱਲੀ ਕਮੇਟੀ ਮੈਂਬਰ ਕੁਲਮੋਹਨ ਸਿੰਘ, ਤਨਵੰਤ ਸਿੰਘ, ਚਮਨ ਸਿੰਘ, ਜਸਬੀਰ ਸਿੰਘ ਜੱਸੀ, ਪਰਮਜੀਤ ਸਿੰਘ ਚੰਢੋਕ, ਸ਼੍ਰੋਮਣੀ ਕਮੇਟੀ ਮੈਂਬਰ ਗੁਰਮਿੰਦਰ ਸਿੰਘ ਮਠਾਰੂ, ਅਕਾਲੀ ਆਗੂ ਵਿਕਰਮ ਸਿੰਘ, ਜਥੇਦਾਰ ਜੀ ਦੇ ਪੁੱਤਰ ਤਜਿੰਦਰ ਸਿੰਘ, ਹਰਜੀਤ ਸਿੰਘ ਅਤੇ ਪਰਿਵਾਰ ਨਾਲ ਨੇਡ਼੍ਹਤਾ ਰੱਖਣ ਵਾਲੀ ਸੰਗਤ ਵੱਡੀ ਗਿਣਤੀ ਵਿਚ ਮੌਜੂਦ ਸੀ।