ਜ਼ੀਰਕਪੁਰ ਅਤੇ ਡੇਰਾ ਬੱਸੀ ਨੂੰ ਬਿਹਤਰੀਨ ਸ਼ਹਿਰਾਂ ਵੱਜੋਂ ਵਿਕਸਤ ਕਰਨ ਦੀ ਵਿਉਂਤਬੰਦੀ ਅੰਤਮ ਪੜਾਅ ‘ਤੇ: ਸੁਖਬੀਰ ਸਿੰਘ ਬਾਦਲ

ਜ਼ੀਰਕਪੁਰ (ਮੋਹਾਲੀ)/ਚੰਡੀਗੜ੍ਹ – ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਜ਼ੀਰਕਪੁਰ ਅਤੇ ਡੇਰਾ ਬੱਸੀ ਨੂੰ ਰਾਜ ਦੇ ਅਤਿ-ਆਧੁਨਿਕ ਬੁਨਿਆਦੀ ਸਹੂਲਤਾਂ ਵਾਲੇ ਕਸਬਿਆਂ ਵੱਜੋਂ ਵਿਕਸਤ ਕਰਨ ਦੀ ਉਤਸ਼ਾਹੀ ਯੋਜਨਾ ਅੰਤਮ ਪੜਾਅ ‘ਤੇ ਹੈ ਅਤੇ ਰਾਜ ਸਰਕਾਰ ਇਸ ਖੇਤਰ ਲਈ ਕੌਮਾਂਤਰੀ ਪੱਧਰ ਦੇ ਰੀਅਲ ਅਸਟੇਟ ਨਿਵੇਸ਼ਕਾਂ ਨੂੰ ਆਕਰਸ਼ਤ ਕਰਨ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ।
ਅੱਜ ਇੱਥੇ 100 ਕਰੋੜ ਰੁਪਏ ਦੀ ਲਾਗਤ ਵਾਲੀ 3.5 ਕਿਲੋਮੀਟਰ ਲੰਬੀ ਛੇ-ਮਾਰਗੀ ਰਿੰਗ ਰੋਡ ਦਾ ਨੀਂਹ ਪੱਥਰ ਰੱਖਣ ਉਪਰੰਤ ਸ. ਬਾਦਲ ਨੇ ਕਿਹਾ ਕਿ ਇਸ ਸੜਕ ਨਾਲ ਦਿੱਲੀ ਤੋਂ ਮੋਹਾਲੀ ਦੀ ਆਵਾਜਾਈ ਜ਼ੀਰਕਪੁਰ ਦੇ ਬਾਹਰੋਂ ਜਾਣ ਕਾਰਨ ਸ਼ਹਿਰ ਵਿੱਚ ਆਵਾਜਾਈ ਦੀ ਸਮੱਸਿਆ ਕਾਫ਼ੀ ਹੱਦ ਤੱਕ ਹੱਲ ਹੋ ਜਾਵੇਗੀ। ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਸਮੁੱਚੇ ਖੇਤਰ ਨੂੰ ਵਿਕਸਤ ਕਰਨ ਦਾ ਸੰਕਲਪ ਹੈ ਅਤੇ ਵਿਉਂਤਬੱਧ ਵਿਕਾਸ ਹਮੇਸ਼ਾ ਸਰਬਉਚ ਪਹਿਲਾ ਰਹੇਗੀ। ਉਨ੍ਹਾਂ ਦੱਸਿਆ ਕਿ ਗਮਾਡਾ ਵੱਲੋਂ ਸਮੁੱਚੇ ਜ਼ੀਰਕਪੁਰ-ਡੇਰਾ ਬੱਸੀ ਖੇਤਰ ਦੀਆਂ ਸੈਕਟਰ ਵਾਰ ਸਰਹੱਦਾਂ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਸੈਕਟਰਾਂ ਦੀਆਂ ਅੰਦਰੂਨੀ ਸੜਕਾਂ ਦੇ ਯੋਜਨਾਬੱਧ ਨਿਰਮਾਣ ਦੇ ਪਹਿਲਾਂ ਹੀ ਆਦੇਸ਼ ਜਾਰੀ ਕਰ ਦਿੱਤੇ ਹਨ।
ਉਨ੍ਹਾਂ ਪਿੰਡ ਨਾਭਾ ਸਾਹਿਬ ਵਿਖੇ 80 ਕਰੋੜ ਰੁਪਏ ਦੀ ਲਾਗਤ ਵਾਲੇ ਨਵੇਂ ਕੌਮਾਂਤਰ ਖੇਡ ਕੰਪਲੈਕਸ ਦੀ ਸਥਾਪਨਾ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਵੀਆਂ ਪ੍ਰਤਿਭਾਵਾਂ ਨੂੰ ਹੇਠਲੇ ਪੱਧਰ ‘ਤੇ ਲੱਭ ਕੇ ਅਤੇ ਫਿਰ ਉਨ੍ਹਾਂ ਲਈ ਕੌਮਾਂਤਰੀ ਪੱਧਰ ਦਾ ਖੇਡ ਬੁਨਿਆਦੀ ਢਾਂਚਾ ਅਤੇ ਵਿਸ਼ੇਸ਼ ਸਿਖਲਾਈ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਇੱਕ ਤਿੰਨ ਦੇਸ਼ਾਂ ਭਾਵ ਭਾਰਤ, ਪਾਕਿਸਤਾਨ ਅਤੇ ਈਰਾਨ ਦੇ ਪਹਿਲਵਾਨਾਂ ਦਰਮਿਆਨ ਰਵਾਇਤੀ ਕੁਸ਼ਤੀ ਚੈਂਪੀਅਨਸ਼ਿਪ ਕਰਾਉਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵੱਲੋਂ ਕੌਮਾਂਤਰੀ ਪੱਧਰ ‘ਤੇ ਕਬੱਡੀ ਦੀ ਵਿਸ਼ੇਸ਼ ਪਛਾਣ ਬਣਾਉਣ ਲਈ ਕੀਤੇ ਗਏ ਯਤਨਾਂ ਉਪਰੰਤ ਹੁਣ ਕੁਸ਼ਤੀ ਅਤੇ ਹਾਕੀ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਪੰਜਾਬ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਸਤ ਹੋ ਰਹੇ ਜ਼ੀਰਕਪੁਰ ਸ਼ਹਿਰ ਨੂੰ ਸਬ-ਤਹਿਸੀਲ ਦਾ ਦਰਜਾ ਦੇਣ ਦਾ ਵਾਅਦਾ ਕਰਦਿਆਂ ਸ. ਬਾਦਲ ਨੇ ਮੋਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਸਬੰਧ ਵਿੱਚ ਇੱਕ ਪ੍ਰਸਤਾਵ ਭੇਜਣ ਤਾਂ ਜੋ ਇਸ ਨੂੰ ਮੰਤਰੀ ਮੰਡਲ ਦੀ ਅਗਲੀ ਮੀਟਿੰਗ ਵਿੱਚ ਲਿਜਾਇਆ ਜਾ ਸਕੇ। ਸ. ਬਾਦਲ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਸ੍ਰੀ ਅਜੌਏ ਕੁਮਾਰ ਸਿਨਹਾ ਨੂੰ ਨਿਰਦੇਸ਼ ਦਿੱਤੇ ਕਿ ਉਹ ਜ਼ੀਰਕਪੁਰ ਨੂੰ ਕਜੌਲੀ ਵਾਟਰ ਵਰਕਸ ਨਾਲ ਜੋੜਨ ਬਾਰੇ ਇੱਕ ਪ੍ਰਸਤਾਵ ਤਿਆਰ ਕਰਨ ਤਾਂ ਜੋ ਇਸ ਖੇਤਰ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹਮੇਸ਼ਾ ਲਈ ਖ਼ਤਮ ਕੀਤਾ ਜਾ ਸਕੇ।
ਸਮੁੱਚੇ ਖੇਤਰ ਦੀ ਨੁਹਾਰ ਬਦਲਣ ਦਾ ਵਾਅਦਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਸ ਰਿੰਗ ਰੋਡ ਤੋਂ ਬਾਅਦ ਉਹ ਹੁਣ ਅਗਲੇ ਮਹੀਨੇ 2500 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਚੰਡੀਗੜ੍ਹ-ਬਠਿੰਡਾ ਚਾਰ-ਮਾਰਗੀ ਸੜਕ ਦਾ ਨੀਂਹ ਪੱਥਰ ਰੱਖਣਗੇ ਜਿਸ ਨਾਲ ਜ਼ੀਰਕਪੁਰ ਦਾ ਸਮੁੱਚੇ ਮਾਲਵਾ ਖੇਤਰ ਨਾਲ ਇਸ ਐਕਸਪ੍ਰੈਸ ਵੇਅ ਨਾਲ ਸੁਚੱਜਾ ਸੰਪਰਕ ਕਾਇਮ ਹੋ ਜਾਵੇਗਾ।
ਲਾਲੜੂ ਨੂੰ ਸਨਅਤੀ ਕਲਸਟਰ ਵੱਜੋਂ ਵਿਕਸਤ ਕਰਨ ਦੇ ਆਪਣੇ ਅਹਿਦ ਨੂੰ ਦੁਹਰਾਉਂਦਿਆਂ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਸਥਾਨਕ ਵਿਧਾਇਕ ਸ੍ਰੀ ਐਨ. ਕੇ. ਸ਼ਰਮਾ ਨੂੰ ਇਸ ਸਬੰਧੀ ਯੋਜਨਾ ਕੈਬਨਿਟ ਲਈ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਗਮਾਡਾ ਨੂੰ ਹਦਾਇਤ ਕੀਤੀ ਕਿ ਉਹ ਕੌਮੀ ਸ਼ਾਹ ਮਾਰਗ ਅਥਾਰਿਟੀ ਨਾਲ ਪੂਰਨ ਤਾਲਮੇਲ ਕਰਦਿਆਂ ਜ਼ੀਰਕਪੁਰ ਓਵਰ ਬਰਿੱਜ ਅਤੇ ਉਸ ਦੇ ਹੇਠਲੇ ਲਾਂਘੇ ਦੀ ਬਣਤਰ ਵਿੱਚ ਲੋੜੀਂਦੀ ਮੁੜ-ਵਿਉਂਤਬੰਦੀ ਕਰਨ ਤਾਂ ਜੋ ਉਥੇ ਆਉਂਦੀ ਆਵਾਜਾਈ ਦੀ ਸਮੱਸਿਆ ਨੂੰ ਹਮੇਸ਼ਾ ਲਈ ਦੂਰ ਕੀਤਾ ਜਾ ਸਕੇ।
ਇਸ ਤੋਂ ਪਹਿਲਾਂ ਸ੍ਰੀ ਐਨ. ਕੇ. ਸ਼ਰਮਾ, ਮੁੱਖ ਸੰਸਦੀ ਸਕੱਤਰ ਅਤੇ ਸਥਾਨਕ ਵਿਧਾਇਕ ਨੇ ਉਨ੍ਹਾਂ ਦੇ ਖੇਤਰ ਲਈ ਬਹੁ-ਕਰੋੜੀ ਵਿਕਾਸ ਪ੍ਰਾਜੈਕਟ ਮਨਜ਼ੂਰ ਕਰਨ ਲਈ ਸ. ਬਾਦਲ ਦਾ ਧੰਨਵਾਦ ਕੀਤਾ। ਉਨ੍ਹਾਂ ਇਸ ਮੌਕੇ ਇੱਕ ਕਬੱਡੀ ਟੂਰਨਾਮੈਂਟ ਕਰਾਉਣ ਵਾਲੇ ਲੋਹਗੜ੍ਹ ਦੇ ‘ਸਾਂਝ ਦਿਲਾਂ ਦੀ ਸਪੋਰਟਸ ਕਲੱਬ’ ਲਈ ਪੰਜ ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ।