ਜਾਪਾਨ ਨੇ ਕੋਲੰਬੀਆ ਨੂੰ 2-1 ਨਾਲ ਹਰਾ ਕੇ ਇਤਿਹਾਸ ਸਿਰਜਿਆ

ਸਾਰਾਂਸਕ, 20 ਜੂਨ – ਰੂਸ ਵਿੱਚ ਹੋ ਰਹੇ 21ਵੇਂ ਫੀਫਾ ਵਰਲਡ ਕੱਪ ਵਿੱਚ ਜਾਪਾਨ ਨੇ ਕੋਲੰਬੀਆ ਨੂੰ 2-1 ਨਾਲ ਹਰਾ ਕੇ ਇਤਿਹਾਸ ਸਿਰਜ ਦਿੱਤਾ ਹੈ। ਵਿਸ਼ਵ ਦਰਜਾਬੰਦੀ ਵਿੱਚ 61ਵੇਂ ਨੰਬਰ ਦੀ ਟੀਮ ਜਾਪਾਨ ਨੇ ਏਸ਼ੀਆਈ ਝੰਡਾ ਬੁਲੰਦ ਕਰਦਿਆਂ 16ਵੀਂ ਦਰਜਾਬੰਦੀ ਦੀ ਅਤੇ ਸਟਾਰ ਖਿਡਾਰੀਆਂ ਨਾਲ ਭਰਪੂਰ ਕੋਲੰਬੀਆ ਨੂੰ 2-1 ਗੋਲਾਂ ਨਾਲ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਪਹਿਲੀ ਵਾਰ ਫੀਫਾ ਵਰਲਡ ਕੱਪ ਫੁੱਟਬਾਲ ਟੂਰਨਾਮੈਂਟ ਵਿੱਚ ਕਿਸੇ ਦੱਖਣੀ ਅਮਰੀਕੀ ਟੀਮ ‘ਤੇ ਜਿੱਤ ਦਰਜ ਕਰਨ ਦਾ ਇਤਿਹਾਸ ਸਿਰਜਿਆ ਹੈ। ਇਹ ਮੈਚ ਇੱਥੇ ਮੋਰਡੋਵੀਆ ਏਰੇਨਾ ਵਿਖੇ ਖੇਡਿਆ ਗਿਆ ਸੀ। ਜਾਪਾਨ ਇਸ ਤਰ੍ਹਾਂ ਪਹਿਲੀ ਏਸ਼ੀਆਈ ਟੀਮ ਬਣ ਗਈ ਹੈ, ਜਿਸ ਨੇ ਕਿਸੇ ਦੱਖਣੀ ਅਮਰੀਕੀ ਟੀਮ ਨੂੰ ਹਰਾਇਆ ਹੈ।
2014 ਦੇ ‘ਗੋਲਡਨ ਬੂਟ’ ਜੇਤੂ ਜੇਮਜ਼ ਰੌਡਰਿੰਗਜ਼ ਅਤੇ ਸੀਨੀਅਰ ਸਕੋਰਰ ਰਾਡਾਮੇਲ ਫਾਲਕਾਓ ਵਰਗੇ ਖਿਡਾਰੀਆਂ ਨਾਲ ਭਰੀ ਕੋਲੰਬਿਆਈ ਟੀਮ ਨੂੰ ਇਸ ਵਾਰ ਹਾਰ ਦਾ ਡੂੰਘਾ ਝਟਕਾ ਲੱਗਿਆ ਹੈ। ਜਾਪਾਨੀ ਟੀਮ ਨੇ ਇਸ ਜਿੱਤ ਮਗਰੋਂ ਪੂਰੇ ਸਟੇਡੀਅਮ ਦਾ ਚੱਕਰ ਕੱਢ ਕੇ ਦਰਸ਼ਕਾਂ ਦਾ ਧੰਨਵਾਦ ਕੀਤਾ। ਕੋਲੰਬੀਆ ਤੀਜੇ ਮਿੰਟ ਵਿੱਚ ਆਪਣੇ ਇੱਕ ਖਿਡਾਰੀ ਨੂੰ ਬਾਹਰ ਭੇਜੇ ਜਾਣ ਮਗਰੋਂ ਬਾਕੀ ਸਮੇਂ 10 ਖਿਡਾਰੀਆਂ ਨਾਲ ਖੇਡਿਆ, ਜਿਸ ਦਾ ਨਤੀਜਾ ਉਸ ਨੂੰ ਹਾਰ ਦੇ ਰੂਪ ਵਿੱਚ ਭੁਗਤਣਾ ਪਿਆ। ਕੋਲੰਬੀਆ ਦੇ ਮਿਡਫੀਲਡਰ ਕਾਰਲੋਸ ਸਾਂਸ਼ੇਜ਼ ਨੂੰ ਤੀਜੇ ਮਿੰਟ ਵਿੱਚ ਜਾਣ ਬੁੱਝ ਕੇ ਫੁੱਟਬਾਲ ਨੂੰ ਹੱਥ ਲਾਉਣ ਕਾਰਨ ਰੈੱਡ ਕਾਰਡ ਵਿਖਾਇਆ ਗਿਆ ਅਤੇ ਉਸ ਨੂੰ ਮੈਦਾਨ ਤੋਂ ਬਾਹਰ ਭੇਜ ਦਿੱਤਾ ਗਿਆ। ਜਾਪਾਨ ਨੂੰ ਇਸ ਦੇ ਬਦਲੇ ਪੈਨਲਟੀ ਮਿਲੀ। ਸ਼ਿੰਜ਼ੀ ਕਗਾਵਾ ਨੇ ਪੈਨਲਟੀ ‘ਤੇ ਗੋਲ ਕਰਨ ਵਿੱਚ ਕੋਈ ਗ਼ਲਤੀ ਨਹੀਂ ਕੀਤੀ ਅਤੇ ਜਾਪਾਨ ਨੂੰ 1 ਗੋਲ ਨਾਲ ਅੱਗੇ ਕਰ ਦਿੱਤਾ। ਕੋਲੰਬੀਆ ਨੇ 39ਵੇਂ ਮਿੰਟ ਵਿੱਚ ਬਰਾਬਰੀ ਹਾਸਲ ਕੀਤੀ। ਜੁਆਨ ਕਵਿੰਟੇਰੋ ਨੇ ਫ੍ਰੀ ਕਿੱਕ ਮਾਰ ਕੇ ਕੋਲੰਬੀਆ ਨੂੰ ਬਰਾਬਰੀ ਦਿਵਾਈ।
ਦੂਜੇ ਹਾਫ਼ ਵਿੱਚ ਜਾਪਾਨ ਨੇ ਕੋਲੰਬੀਆ ‘ਤੇ ਬਰਾਬਰ ਦਬਾਅ ਬਣਾਈ ਰੱਖਿਆ। ਕੋਲੰਬਿਆਈ ਟੀਮ ਦੂਜੇ ਹਾਫ਼ ਵਿੱਚ ਥੱਕੀ-ਹਾਰੀ ਨਜ਼ਰ ਆਈ, ਜਿਸ ਦਾ ਫ਼ਾਇਦਾ ਉਠਾਉਂਦਿਆਂ ਯੂਯਾ ਓਸਾਕਾ ਨੇ 73ਵੇਂ ਮਿੰਟ ਵਿੱਚ ਸ਼ਾਨਦਾਰ ਹੈੱਡਰ ਮਾਰ ਕੇ ਜਾਪਾਨ ਲਈ ਮੈਚ ਜੇਤੂ ਗੋਲ ਕਰ ਦਿੱਤਾ। ਕੋਲੰਬੀਆ ਨੇ 2014 ਦੇ ‘ਗੋਲਡਨ ਬੂਟ’ ਜੇਤੂ ਜੇਮਜ਼ ਰੌਡਰਿਗਜ਼ ਨੂੰ 59ਵੇਂ ਮਿੰਟ ਵਿੱਚ ਕਵਿੰਟੇਰੋ ਦੀ ਥਾਂ ਮੈਦਾਨ ਵਿੱਚ ਉਤਾਰਿਆ, ਪਰ ਇਹ ਮਿਡਫੀਲਡਰ ਵੀ ਕੋਲੰਬੀਆ ਦੀ ਕਿਸਮਤ ਨਹੀਂ ਬਦਲ ਸਕਿਆ। ਬ੍ਰਾਜ਼ੀਲ ਵਰਲਡ ਕੱਪ ‘ਚ ਕੋਲੰਬਿਆਈ ਟੀਮ ਕੁਆਰਟਰ ਫਾਈਨਲ ਤੱਕ ਪਹੁੰਚੀ ਸੀ, ਜੋ ਉਸ ਦਾ ਵਰਲਡ ਕੱਪ ਵਿੱਚ ਸਰਵੋਤਮ ਪ੍ਰਦਰਸ਼ਨ ਸੀ, ਪਰ ਇੱਥੇ ਉਸ ਦੀ ਨਮੋਸ਼ੀਜਨਕ ਸ਼ੁਰੂਆਤ ਹੋਈ ਹੈ।