ਜੀਵ ਮਿਲਖਾ ਸਿੰਘ ਨੂੰ ‘ਰਾਇਲ ਟਰਾਫ਼ੀ ਪਲੇਅਰਜ਼ ਕਮੇਟੀ’ ਦਾ ਮੈਂਬਰ ਥਾਪਿਆ

ਬੰਦਰ ਸ੍ਰੀ ਭਗਵਾਨ (ਬਰੂਨੇਈ)- ਭਾਰਤ ਦੇ ਗੋਲਫ਼ ਖਿਡਾਰੀ ਜੀਵ ਮਿਲਖਾ ਸਿੰਘ ਨੂੰ ‘ਰਾਇਲ ਟਰਾਫ਼ੀ ਪਲੇਅਰਜ਼’ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ, ਜਿਸ ਵਿੱਚ ਛੇ ਵਾਰ ਦੇ ਮੇਜਰ ਖ਼ਿਤਾਬ ਜੇਤੂ ਸਰ ਨਿਕ ਫ਼ਾਲਡੋ ਅਤੇ ਸਾਬਕਾ ਨੰਬਰ ਇਕ ਇਆਨ ਵੂਸਨਾਮ ਸ਼ਾਮਲ ਹਨ। ਕਮੇਟੀ ਵਿੱਚ ਦੋ ਵਾਰ ਦੇ ਮਾਸਟਰਜ਼ ਚੈਂਪੀਅਨ ਜੋਂਸ ਮਾਰੀਆ ਓਲਾਜਾਬੇਲ ਅਤੇ ਰਾਈਡਰ ਕੱਪ ਖਿਡਾਰੀ ਪਾਲ ਮੈਕਜਿਨਲੇ ਸ਼ਾਮਲ ਹਨ। ਰਾਇਲ ਟਰਾਫ਼ੀ ਦੇ ਮੈਨੇਜਿੰਗ ਡਾਇਰੈਕਟਰ ਕੋਨ ਵੇਨਾਂਸਿਓ ਨੇ ਕਿਹਾ ਕਿ ਸਾਨੂੰ ਇਸ ਗੱਲ ਦੀ ਪੁਸ਼ਟੀ ਕਰਦਿਆਂ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਰਾਇਲ ਟਰਾਫ਼ੀ ਪਲੇਅਰਜ਼ ਕਮੇਟੀ ਵਿੱਚ ਹੁਣ ਯੂਰਪੀ ਅਤੇ ਏਸ਼ੀਆ ਵਰਗ ਵੀ ਸ਼ਾਮਲ ਹੋਣਗੇ। ਏਸ਼ੀਆਈ ਪਲੇਅਰਜ਼ ਕਮੇਟੀ ਦੇ ਮੁਖੀ ਜਪਾਨ ਦੇ ਗੋਲਫ਼ਰ ਇਲਾਓ ਆਓਕੀ ਹੋਣਗੇ ਜਦੋਂ ਕਿ ਚਾਰ ਵਾਰ ਦੇ ਏਸ਼ੀਆਈ ਟੀਮ ਕਪਤਾਨ ਨਾਓਮਿਚੀ ਜੋ ਓਜਾਕੀ ਅਤੇ ਤਿੰਨ ਵਾਰ ਦੇ ਏਸ਼ੀਆਈ ਟੀਮ ਮੈਂਬਰ ਜੀਵ ਮਿਲਖਾ ਸਿੰਘ ਵੀ ਇਸ ਦੇ ਮੈਂਬਰ ਹੋਣਗੇ।