ਜੰਮੂ ਕਸ਼ਮੀਰ ਵਿੱਚ ਭਾਜਪਾ ਦੇ ਹਮਾਇਤ ਵਾਪਸ ਲੈਣ ਨਾਲ ਮਹਿਬੂਬਾ ਸਰਕਾਰ ਡਿੱਗੀ

ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਪ੍ਰਧਾਨ ਤੇ ਸਾਬਕਾ ਹੋਈ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ

ਸ੍ਰੀਨਗਰ, 20 ਜੂਨ – 19 ਜੂਨ ਨੂੰ ਜੰਮੂ ਕਸ਼ਮੀਰ ਵਿਚਲੀ ਮਹਿਬੂਬਾ ਸਰਕਾਰ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਉਸ ਦੀ ਹਮਾਇਤੀ ਪਾਰਟੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਪਣੀ ਹਮਾਇਤ ਵਾਪਸ ਲੈ ਲਈ। ਜਿਸ ਨਾਲ ਸੂਬੇ ਵਿਚਲੀ ਤਿੰਨ ਸਾਲ ਪੁਰਾਣੀ ਪੀਡੀਪੀ-ਭਾਜਪਾ ਸਰਕਾਰ ਡਿੱਗ ਪਈ। ਰਾਤੀਂ ਸ੍ਰੀਨਗਰ ਵਿੱਚ ਰਾਜ ਭਵਨ ਦੇ ਬੁਲਾਰੇ ਨੇ ਦੱਸਿਆ ਕਿ ਰਾਜਪਾਲ ਐਨ. ਐਨ. ਵੋਹਰਾ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਜੋ ਇਸ ਵੇਲੇ ਵਿਦੇਸ਼ ਦੌਰੇ ‘ਤੇ ਹਨ, ਨੂੰ ਰਿਪੋਰਟ ਭੇਜ ਕੇ ਰਾਜ ਵਿੱਚ ਕੇਂਦਰੀ ਰਾਜ ਲਾਗੂ ਕਰਨ ਦੀ ਸਿਫ਼ਾਰਸ਼ ਕੀਤੀ ਹੈ ਜਿਸ ਦੀ ਇੱਕ ਕਾਪੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਵੀ ਭੇਜੀ ਗਈ ਹੈ।
ਪਾਰਟੀ ਹਾਈ ਕਮਾਂਡ ਵੱਲੋਂ ਜੰਮੂ ਕਸ਼ਮੀਰ ਸਰਕਾਰ ਵਿੱਚ ਆਪਣੇ ਮੰਤਰੀਆਂ ਨੂੰ ਹੰਗਾਮੀ ਸਲਾਹ ਮਸ਼ਵਰੇ ਲਈ ਤਲਬ ਕਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਪਾਰਟੀ ਦੇ ਜਨਰਲ ਸਕੱਤਰ ਰਾਮ ਮਾਧਵ ਨੇ ਕਾਹਲੀ ਨਾਲ ਪ੍ਰੈੱਸ ਕਾਨਫ਼ਰੰਸ ਸੱਦ ਕੇ ਹਮਾਇਤ ਵਾਪਸ ਲੈਣ ਦਾ ਅਚਨਚੇਤ ਐਲਾਨ ਕਰ ਦਿੱਤਾ। ਕੁੱਝ ਘੰਟਿਆਂ ਬਾਅਦ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਰਾਜਪਾਲ ਐਨ. ਐਨ. ਵੋਹਰਾ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ। ਦਸੰਬਰ 2014 ਵਿੱਚ 87 ਮੈਂਬਰੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭਾਜਪਾ ਨੇ 25 ਸੀਟਾਂ ਤੇ ਪੀਡੀਪੀ ਨੇ 28 ਸੀਟਾਂ ਜਿੱਤੀਆਂ ਸਨ। ਨੈਸ਼ਨਲ ਕਾਨਫ਼ਰੰਸ ਨੂੰ 15 ਤੇ ਕਾਂਗਰਸ ਨੂੰ 12 ਜਦੋਂ ਕਿ 7 ਹੋਰਨਾਂ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਨੂੰ ਮਿਲੀਆਂ ਸਨ। ਸ੍ਰੀ ਮਾਧਵ ਨੇ ਕਿਹਾ ਕਿ ਰਾਜ ਵਿੱਚ ਗੱਠਜੋੜ ਸਰਕਾਰ ਵਿੱਚ ਭਾਜਪਾ ਦਾ ਬਣੇ ਰਹਿਣਾ ਨਾਮੁਮਕਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹਮਾਇਤ ਵਾਪਸ ਲੈਣ ਦਾ ਫ਼ੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਲਿਆ ਗਿਆ ਹੈ। ਉਨ੍ਹਾਂ ਕਸ਼ਮੀਰ ਵਾਦੀ ਵਿੱਚ ਸੁਰੱਖਿਆ ਦੀ ਸਥਿਤੀ ਵਿੱਚ ਸੁਧਾਰ ਨਾ ਹੋ ਸਕਣ ਲਈ ਪੀਡੀਪੀ ਨੂੰ ਕਸੂਰਵਾਰ ਠਹਿਰਾਇਆ ਤੇ ਇਸ ਸਬੰਧ ਵਿੱਚ ਪਿਛਲੇ ਹਫ਼ਤੇ ਸੀਨੀਅਰ ਪੱਤਰਕਾਰ ਸ਼ੁਜਾਤ ਬੁਖਾਰੀ ਦੀ ਹੱਤਿਆ ਦਾ ਵੀ ਜ਼ਿਕਰ ਕੀਤਾ।
ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਪ੍ਰਧਾਨ ਤੇ ਸਾਬਕਾ ਹੋਈ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਤਾਕਤ ਦੇ ਦਿਖਾਵੇ ਭਰੀ ਫ਼ੌਜੀ ਪਹੁੰਚ ਜੰਮੂ ਕਸ਼ਮੀਰ ਵਿੱਚ ਕੰਮ ਨਹੀਂ ਕਰੇਗੀ ਸਗੋਂ ਸੁਲ੍ਹਾ-ਸਫ਼ਾਈ ਦਾ ਰਾਹ ਹੀ ਸੁਖਾਵੇਂ ਹਾਲਾਤ ਲਿਆ ਸਕਦਾ ਹੈ। ਉਨ੍ਹਾਂ ਕਿਹਾ ਕਿ ਕੁੱਝ ਲੋਕ ਜੰਮੂ ਕਸ਼ਮੀਰ ਨੂੰ ਦੁਸ਼ਮਣ ਖ਼ਿੱਤੇ ਦੀ ਨਜ਼ਰ ਤੋਂ ਦੇਖਦੇ ਹਨ। ਧਾਰਾ 370 ਤਹਿਤ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਹਾਸਲ ਹੈ ਤੇ ਅਸੀਂ ਸੰਵਿਧਾਨ ਦੀ ਧਾਰਾ 370 ਤੇ 35-A ਉੱਤੇ ਪੂਰਾ ਪਹਿਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਪੱਥਰਬਾਜ਼ਾਂ ਖ਼ਿਲਾਫ਼ 11000 ਕੇਸ ਵਾਪਸ ਕਰਾਉਣ ਵਿੱਚ ਕਾਮਯਾਬ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਨਹੀਂ ਕਰਨਗੇ।