ਜੱਗ ਜਿਉਂਦਿਆਂ ਦੇ ਮੇਲੇ-ਇਸ ਵਾਰ ਦਾ ਬੱਸ ਟੂਰ ਨਿਵਕੇਲਾ ਹੋ ਨਿਬੜਿਆ

ਆਕਲੈਂਡ – ਨਿਊਜ਼ੀਲੈਂਡ ਸਿੱਖ ਨਿਸ਼ਕਾਮ ਸੇਵਾ ਗਰੁੱਪ ਦੇ ਵੱਲੋਂ 5 ਨਵੰਬਰ ਦਿਨ ਸ਼ਨੀਵਾਰ ਨੂੰ ਨਿਊਜ਼ੀਲੈਂਡ ਵਿੱਚ ਵਸਦੇ ਬਾਬਿਆਂ ਅਤੇ ਬੀਬੀਆਂ ਦੇ ਲਈ ਇਸ ਸਾਲ ਦਾ ਦੂਸਰਾ ਬੱਸ ਟੂਰ ਕੀਤਾ ਗਿਆ। ਇਹ ਬੱਸ ਟੂਰ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਤੋਂ ਸਵੇਰੇ 8 ਵਜੇ ਸ਼ੁਰੂ ਹੋਇਆ। ਇਸ ਬੱਸ ਵਿੱਚ 46 ਬਜ਼ੁਰਗਾਂ ਨੇ ਸਫਰ ਕੀਤਾ।
ਸਭ ਤੋਂ ਪਹਿਲਾਂ ਇਹ ਬਸ ਹੈਮਿਲਟਨ ਗੁਰੂ ਘਰ ਵਿਖੇ ਰੁੱਕੀ ਜਿੱਥੇ ਪ੍ਰਬੰਧਕ ਕਮੇਟੀ ਵਲੋਂ ਤਹਿ ਦਿਲੋਂ ਸੰਗਤ ਦੀ ਸੇਵਾ ਕੀਤੀ ਗਈ। ਗੁਰਦੁਆਰਾ ਸਾਹਿਬ ਤੋਂ ਬੱਸ ਹੈਮਿਲਟਨ ਝੀਲ ਵਾਸਤੇ ਚੱਲ ਪਈ। ਰਸਤੇ ਵਿੱਚ ਜਾਂਦਿਆਂ ਨਿਊਜ਼ੀਲੈਂਡ ਦੇ ਖੂਬਸੂਰਤ ਦ੍ਰਿਸ਼ ਬਜ਼ੁਰਗਾਂ ਨੇ ਦੇਖੇ ਅਤੇ ਕੁਦਰਤ ਦੀ ਖੂਬਸੂਰਤੀ ਨੂੰ ਸਲਾਹਿਆ। ਰਸਤੇ ਵਿੱਚ ਜਾਂਦਿਆਂ ….. ਕੁਲਵੰਤ ਸਿੰਘ ਖੈਰਾਬਾਦੀ ਨੇ ਬਜ਼ੁਰਗਾਂ ਨੂੰ ਹਰ ਥਾਂ ਦੀ ਜਾਣਕਾਰੀ ਦਿੰਦੇ ਗਏ। ਝੀਲ ਉੱਤੇ ਪਹੁੰਚ ਕੇ ਬਜ਼ੁਰਗਾਂ ਨੇ ਰੋਜ਼ ਗਾਰਡਨ ਦੇ ਗੁਲਾਬਾਂ ਦੀ ਮਹਿਕ ਮਾਣੀ ਅਤੇ ਆਪਣੇ ਮਨ ਦੀ ਮੌਜ ਨਾਲ ਪੀਂਘ ਝੂਟਣ ਲੱਗੇ, ਭਾਰਤ ਵਿਚਲੀਆਂ ਯਾਦਾਂ ਸਾਝੀਆਂ ਕਰਨ ਲੱਗੇ। ਉਪਰੰਤ ਹੈਮਿਲਟਨ ਗਾਰਡਨ ਵਿਖੇ ਦੁਪਹਿਰ ਦਾ ਪੜਾਅ ਕੀਤਾ ਅਤੇ ਆਪਣੀ ਜਾਣ-ਪਛਾਣ ਕਰਵਾਈ। ਬਹੁਤੇ ਬੁਲਾਰਿਆਂ ਨੇ ਇਹੋ ਜਿਹੇ ਪ੍ਰੋਗਰਾਮ ਉਲੀਕਣ ਦੀ ਲੋੜ ਉੱਤੇ ਜ਼ੋਰ ਦਿੱਤਾ ਅਤੇ ਸਿੱਖ ਨਿਸ਼ਕਾਮ ਸੇਵਾ ਗਰੁੱਪ ਦਾ ਧੰਨਵਾਦ ਵੀ ਕੀਤਾ। ਵਰਨਣਯੋਗ ਹੈ ਬਰੀਕ ਨਜ਼ਰ ਨਾਲ ਦੇਖੀਏ ਤਾਂ ਉਮਰ ਦੇ ਤਜ਼ਰਬੇ ਅਤੇ ਸਾਲਾਂ ਬੱਧੀ ਮਿਹਨਤ ਕਰਨ ਉਪਰੰਤ ਸਾਡੇ ਵਡੇਰੇ ਸਾਡੇ ਸਮਾਜ ਵਿੱਚ ਮਾਨਤਾ ਭਾਲਦੇ ਹਨ, ਜੋ ਕਿ ਉਨ੍ਹਾਂ ਦਾ ਬਣਦਾ ਹੱਕ ਹੈ। ਸਮੇਂ ਦੀ ਕਿਲਤ ਕਾਰਣ ਔਲਾਦ ਕੋਲ ਸ਼ਾਇਦ ਉਨ੍ਹਾਂ ਦੇ ਨਾਲ ਦਿਲ ਦੀਆਂ ਗੱਲ੍ਹਾਂ ਕਰਨ ਦੀ ਫੁਰਸਤ ਨਹੀਂ ਹੁੰਦੀ ਪਰ ਅਜਿਹੇ ਮੌਕੇ ਉਨ੍ਹਾਂ ਦਾ ਅਜਿਹਾ ਝਾਕਾ ਖੁੱਲਿਆ ਕਿ ਸਾਡੇ ਸੀਨੀਅਰ ਭੰਗੜਚੀ ਸ. ਜਸਵੀਰ ਸਿੰਘ ਪੰਨੂ (ਪਟਿਆਲਾ), ਗਰੇਵਾਲ ਜੋੜੀ ਅਤੇ ਪਾਨੀਪਤ ਵਾਲੇ ਸਰਦਾਰ ਜੀ ਜਾਣੇ ਪਛਾਣੇ ਢੋਲੀ ਸ. ਅਮਰੀਕ ਸਿੰਘ ਦੇ ਡਗੇ ਉੱਤੇ ਬੋਲੀਆਂ ਪਾ ਕੇ ਨੱਚਣ ਲੱਗੇ। ਫਗਵਾੜੀਏ ਸ. ਉਂਕਾਰ ਸਿੰਘ ਬੈਂਸ ਹੋਰੀ ਵਿੱਚ-ਵਿਚਾਲੇ ਫੁੱਲਝੜੀਆਂ ਛੱਡਦੇ ਗਏ। ਸਿੱਖ ਵਕੀਲ ਸ. ਅਰੁਨਜੀਵ ਸਿੰਘ ਵਾਲੀਆ ਦਾ ਵੀ ਭਰਪੂਰ ਯੋਗਦਾਨ ਰਿਹਾ। ਮੌਸਮ ਦੀ ਖਰਾਬੀ ਦੇ ਬਾਵਜੂਦ ਇਹ ਰੌਣਕ ਮੇਲਾ ਹੈਮਿਲਟਨ ਗਾਰਡਨ ਵਿੱਚ ਘੁੰਮ ਰਹੇ ਹੋਰਨਾਂ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ। ਉਪਰੰਤ ਸਾਰਿਆਂ ਨੇ ਇਕ ਪਰਿਵਾਰ ਵਾਂਗ ਇਕੱਠੇ ਬੈਠ ਕੇ ਖਾਣਾ ਖਾਧਾ। ਲਗਭਗ ੪ ਵਜੇ ਉਨ੍ਹਾਂ ਉੱਥੋਂ ਆਕਲੈਂਡ ਲਈ ਵਾਪਸੀ ਕੀਤੀ ਤੇ ੬ ਵਜੇ ਨਾਨਕਸਰ ਗੁਰੂ ਘਰ ਬੱਸ ਵਾਪਸ ਪੁੱਜੀ। ਬਜ਼ੁਰਗਾਂ ਨੇ ਇਸ ਬੱਸ ਸੇਵਾ ਲਈ ਬਹੁਤ ਹੁੰਗਾਰਾ ਭਰਿਆ ਅਤੇ ਸੇਵਾ ਦਾ ਵੀ ਆਨੰਦ ਮਾਣਿਆ। ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹਰ ਮਹੀਨੇ ਇਹ ਬੱਸ ਟੂਰ ਹੋਵੇਗਾ। ਬਜ਼ੁਰਗਾਂ ਵਾਸਤੇ ਪਕੌੜੇ, ਡਰਿੰਕ ਦੀ ਸੇਵਾ ਹਰਮੇਲ ਸਿੰਘ ਵੱਲੋਂ ਕੀਤੀ ਗਈ ਅਤੇ ਸ. ਗੁਰਮੁੱਖ ਸਿੰਘ ਵੱਲੋਂ ਫਲ-ਫਰੂਟ ਦੀ ਸੇਵਾ ਕੀਤੀ ਗਈ। ਜਿਸ ਕਿਸੇ ਨੇ ਵੀ ਇਸ ਸੇਵਾ ਵਿੱਚ ਸਹਿਯੋਗ ਪਾਉਣਾ ਹੋਵੇ ਜਾਂ ਕਿਸੇ ਬਜ਼ੁਰਗ ਨੇ ਸਫਰ ਕਰਨਾ ਹੋਵੇ ਤਾਂ ਕੁਲਵੰਤ ਸਿੰਘ ਖੈਰਾਬਾਦੀ ਨੂੰ ੦੨੧ ੩੫੧੩੮੬ ਤੇ ਸੰਪਰਕ ਕਰਕੇ ਹੋਰ ਜਾਣਕਾਰੀ ਲੈ ਸਕਦੇ ਹਨ। ਬਜ਼ੁਰਗਾਂ ਤੋਂ ਅਕਲਾਂ ਲੈਂਦਿਆਂ ਦੇਬੀ ਦੇ ਸ਼ੇਅਰ ਨਾਲ ਦਿਉ ਆਗਿਆ…
ਜ਼ਿੰਦਗੀ ਥੋੜ੍ਹੀ ਏ ਰੂਹ ਦੇ ਨਾਲ ਹੰਢਾਉ ਦੋਸਤੋ,
ਜ਼ਿੰਦਗੀ ਦੇਣ ਵਾਲੇ ਦਾ ਸ਼ੁਕਰ ਮਨਾਉ ਦੋਸਤੋ,
ਗੁੱਸਾ, ਨਫਰਤ, ਦੁਸ਼ਮਣੀ ਦੇ ਨਾਲੋਂ ਨਾਤੇ ਤੋੜ ਕੇ,
ਮੁਹੱਬਤ ਦੇ ਨਾਲ ਜਿੰਨੀ ਵੀ ਨਿਭਦੀ ਨਿਭਾਉ ਦੋਸਤੋ।
-ਮੋਹ ਨਾਲ : ਪਰਮਿੰਦਰ ਸਿੰਘ ਪਾਪਾਟੋਏਟੋਏ