ਟੀਪੂਕੀ ਇਲਾਕੇ ਵਿੱਚ ਇਮੀਗ੍ਰੇਸ਼ਨ ਨੇ ਛਾਪੇ ਦੌਰਾਨ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ 10 ਬੰਦੇ ਗ੍ਰਿਫ਼ਤਾਰ ਕੀਤੇ

ਬੇਆਫ਼ ਪਲੈਂਟੀ (ਸੌਦਾਗਰ ਸਿੰਘ ਬਾੜੀਆਂ) – ਟੀਪੂਕੀ ਇਲਾਕੇ ਵਿੱਚ ਕੀਵੀ ਫਰੂਟ ਦੇ ਕੰਮ ਦੀ ਭਰਮਾਰ ਹੋਣ ਕਰਕੇ ਗੈਰ-ਕਾਨੂੰਨੀ ਤੌਰ ‘ਤੇ ਨਿਊਜ਼ੀਲੈਂਡ ਵਿੱਚ ਰਹਿ ਰਹੇ ਲੋਕਾ ਦੀ ਭਰਮਾਰ ਵੀ ਇਸ ਇਲਾਕੇ ਵਿੱਚ ਵੀ ਪਾਈ ਜਾਂਦੀ ਹੈ। ਪਿਛਲੇ ਕੁਝ ਦਿਨਾਂ ਤੋਂ ਸਰਗਰਮ ਇਮੀਗ੍ਰੇਸ਼ਨ ਵਿਭਾਗ ਦੇ ਦੋ ਦਿਨ ਲਗਾਤਾਰ ਮਾਰੇ ਛਾਪਿਆਂ ਦੌਰਾਨ 10 ਕੁ ਬੰਦੇ ਗੈਰ-ਕਾਨੂੰਨੀ ਤੌਰ ‘ਤੇ ਰਹਿਣ ਕਰਕੇ ਇਮੀਗ੍ਰੇਸ਼ਨ ਦੇ ਸ਼ਕੰਜੇ ਵਿੱਚ ਆਏ ਹਨ, ਜਿਨ੍ਹਾਂ ਵਿੱਚ 1 ਪੰਜਾਬੀ ਵੀ ਫੜਿਆ ਗਿਆ। ਇਸ ਇਮੀਗ੍ਰੇਸ਼ਨ ਦੇ ਛਾਪਿਆ ਪਿੱਛੇ ਭਰੋਸੇ ਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਕਿਸੇ ਆਪਣੇ ਹੀ ਬੰਦੇ ਦਾ ਹੱਥ ਹੋ ਸਕਦਾ ਹੈ। ਕਿਉਂਕਿ ਇਸ ਇਲਾਕੇ ਵਿੱਚ ਇੱਕ ਦੂਜੇ ਦਾ ਕੰਮ ਹਥਿਆਉਣ ਲਈ ਜਾਂ ਕਿਸੇ ਨਾਲ ਲਾਗਤਬਾਜ਼ੀ ਕੱਢਣ ਲਈ ਆਪਣੇ ਬੰਦਿਆਂ ਵਲੋਂ ਪਹਿਲਾਂ ਵੀ ਸ਼ਕਾਇਤਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਇਮੀਗ੍ਰੇਸ਼ਨ ਦੇ ਛਾਪੇ ਤਾਂ ਅੱਗੇ ਵੀ ਪੈਂਦੇ ਰਹਿੰਦੇ ਹਨ ਪਰ ਇੰਨੀ ਵੱਡੀ ਗਿਣਤੀ ਵਿੱਚ ਫੜੇ ਗਏ ਬੰਦਿਆ ਕਰਕੇ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਬੰਦਿਆਂ ਦੇ ਦਿਲਾਂ ਵਿੱਚ ਦਹਿਸ਼ਤ ਪੈਦਾ ਹੋ ਗਈ ਹੈ।