ਟੀਪੂਕੀ ਕਬੱਡੀ ਟੂਰਨਾਮੈਂਟ ਮਿੱਠੀਆਂ ਯਾਦਾਂ ਛੱਡਦਾ ਹੋਇਆ ਸੰਪੰਨ

ਬੇਆਫ ਪਲੈਂਟੀ (ਸੌਦਾਗਰ ਸਿੰਘ ਬਾੜੀਆਂ) – ਨਿਊਜ਼ੀਲੈਂਡ ਵਿੱਚ ਟੂਰਨਾਮੈਂਟ ਦੀ ਸ਼ੁਰੂਆਤ ਕਰਦਿਆਂ ਦਸ਼ਮੇਸ਼ ਸਪੋਰਟ ਐਂਡ ਕਲਚਰਲ ਸੁਸਾਇਟੀ ਟੀਪੂਕੀ ਵਲੋਂ ੯ਵਾਂ ਕਬੱਡੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਟੀਪੂਕੀ ਗੁਰੂ ਘਰ ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਦਸ਼ਮੇਸ਼ ਸਪੋਰਟਸ ਐਂਡ ਕਲਚਰਲ ਸੁਸਾਇਟੀ ਵਲੋਂ ਕਰਵਾਏ ਗਏ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ। ਇਸ ਟੂਰਨਾਮੈਂਟ ਦਾ ਪਹਿਲਾ ਮੈਚ ਹਮਿਲਟਨ ਤੇ ਅਜ਼ਾਦ ਕਲੱਬ ਦੇ ਵਿਚਕਾਰ ਖੇਡਿਆ ਗਿਆ। ਇਸ ਟੂਰਨਾਮੈਂਟ ਵਿੱਚ ਨਿਊਜ਼ੀਲੈਂਡ ਦੇ ੬ ਕਬੱਡੀ ਕਲੱਬਾਂ ਨੇ ਭਾਗ ਲੈ ਕੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਟੂਰਨਾਮੈਂਟ ਵਿੱਚ ਕਬੱਡੀ ਦਾ ਫਾਈਨਲ ਮੁਕਾਬਲਾ ਟੌਰੰਗਾ ਤੇ ਹਮਿਲਟਨ ਦੀਆ ਟੀਮਾਂ ਵਿਚਕਾਰ ਖੇਡਿਆ ਗਿਆ। ਜਿਸ ਵਿੱਚ ਟੌਰੰਗਾ ਦੀ ਟੀਮ ਨੇ ਸ਼ਾਨਦਾਰ ਜਿੱਤ ਹਾਸਿਲ ਕਰਦੇ ਹੋਏ ਜੇਤੂ ਹੋਣ ਦਾ ਮਾਣ ਹਾਸਿਲ ਕੀਤਾ। ਇਸੇ ਹੀ ਤਰ੍ਹਾਂ ਵਾਲੀਬਾਲ ਦੇ ਫਾਈਨਲ ਮੁਕਾਬਲੇ ਵਿੱਚ ਬਲੈਕ ਸਪਾਇਕ ਨੇ ਬਸਰਾ ਕਲੱਬ ਟੀਪੂਕੀ ‘ਤੇ ਜਿੱਤ ਹਾਸਿਲ ਕੀਤੀ। ਅੰਡਰ 20 ਕਬੱਡੀ ਮੁਕਾਬਲੇ ਵਿੱਚ ਟੀਪੂਕੀ ਕਲੱਬ ਦਾ ਕਲੱਬ ਹਮਿਲਟਨ ਵਾਇਕਾਟੂ ਕਲੱਬ ‘ਤੇ ਭਾਰੂ ਸਾਬਤ ਹੋਇਆ। ਦਸ਼ਮੇਸ਼ ਸਪੋਰਟਸ ਕਲੱਬ ਵਲੋਂ ਆਪਣੇ ਭਵਿੱਖ ਨੂੰ ਸੰਭਾਲਦਿਆਂ ਬੱਚਿਆ ਦੀ ਕਬੱਡੀ, ਬੱਚਿਆਂ ਦੀਆਂ ਦੌੜਾਂ, ਬੱਚਿਆਂ ਦੀ ਮਿਊਜ਼ੀਕਲ ਚੇਅਰ ਆਦਿ ਮੁਕਾਬਲੇ ਕਰਵਾਏ ਗਏ। ਟੂਰਨਾਮੈਂਟ ਵਿੱਚ ਪਹੁੰਚੇ ਦਰਸ਼ਕਾਂ ਦੇ ਮਨ ਉਦੋਂ ਗਦ-ਗਦ ਕਰ ਉੱਠੇ ਜਦੋਂ ਟੀਪੂਕੀ ਦੀ ਗਤਕਾ ਟੀਮ ਨੇ ਗਤਕੇ ਦੇ ਜੌਹਰ ਵਿਖਾਏ। ਇਸ ਮੌਕੇ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਲਈ ਇਲਾਕੇ ਦੀਆਂ ਉੱਘੀਆਂ ਸ਼ਖਸੀਅਤਾਂ ਤੇ ਰਾਜਨੀਤਕ ਹਸਤੀਆਂ ਵਿੱਚ ਸਾਈਮਨ ਬ੍ਰਿਜਸ (ਐਮ. ਪੀ. ਟੌਰੰਗਾ) ਤੇ ਟੋਡ ਮੈਕਲੈ (ਐਮ. ਪੀ. ਰੋਟੂਰੂਆ) ਵਿਸ਼ੇਸ਼ ਤੌਰ ‘ਤੇ ਪਹੁੰਚੇ। ਮੌਸਮ ਦੇ ਮਿਜ਼ਾਜ ਨੂੰ ਵੇਖਦਿਆਂ ਦਰਸ਼ਕਾਂ ਲਈ ਠੰਢੇ ਮਿੱਠੇ ਜਲ, ਚਾਟ ਤੇ ਪੀਜ਼ਾ ਦੇ ਵੱਖਰੇ-ਵੱਖਰੇ ਸਟਾਲ ਲਗਾਏ ਗਏ ਸਨ। ਟੂਰਨਾਮੈਂਟ ਵਿੱਚ ਹੋਈਆਂ ਖੇਡਾਂ ਦੀ ਕੁਮੈਂਟਰੀ ਸਤਿਨਾਮ ਸਿੰਘ ਸੱਤਾ ਵਲੋਂ ਕੀਤੀ ਗਈ, ਉਨ੍ਹਾਂ ਨੇ ਆਪਣੇ ਸ਼ਾਇਰਾਨਾ ਅੰਦਾਜ਼ ਰਾਹੀ ਦਰਸ਼ਕਾਂ ਦੇ ਮਨ ਮੋਹੇ। ਇਸ ਮੌਕੇ ‘ਤੇ ਦਸ਼ਮੇਸ਼ ਸਪੋਰਟ ਐਂਡ ਕਲਚਰਲ ਸੁਸਾਇਟੀ ਟੀਪੂਕੀ ਵਲੋਂ ਬੋਲਦਿਆਂ ਸ. ਬਲਜੀਤ ਸਿੰਘ ਵਲੋਂ ਟੂਰਨਾਮੈਂਟ ਵਿੱਚ ਪਹੁੰਚੇ ਖਿਡਾਰੀਆਂ ਅਤੇ ਦਰਸ਼ਕਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦੇ ਹੋਏ ਨਾਲ ਹੀ ਭਵਿੱਖ ‘ਚ ਹੋਰ ਵੀ ਵਧੀਆ ਟੂਰਨਾਮੈਂਟ ਕਰਵਾਉਣ ਦਾ ਵਾਅਦਾ ਕੀਤਾ।