ਟੀ-ਪੁੱਕੀ ਗੁਰੂਘਰ ਵਿਖੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਚੜ੍ਹਦੀ ਕਲਾ ਲਈ ਅਰਦਾਸ ਤੇ ਸਜੇ ਦੀਵਾਨ

ਬੇ-ਆਫ਼ ਪਲੈਂਟੀ (ਸੌਦਾਗਰ ਸਿੰਘ ਬਾੜੀਆਂ) – ਅੱਜ ਸੰਸਾਰ ਦੇ ਕੋਨੇ-ਕੋਨੇ ਵਿੱਚ ਵਸ ਰਹੀਆਂ ਸਿੱਖ ਸੰਗਤਾਂ ਵਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਚੜ੍ਹਦੀ ਕਲਾ ਲਈ ਅਰਦਾਸਾ ਕੀਤੀਆ ਜਾ ਰਹੀਆ ਹਨ ਉਥੇ ਸਿੱਖ ਸੰਗਤਾਂ ਦੇ ਮਨ ਵੀ ਰੋਸ ਨਾਲ ਭਰੇ ਹੋਏ ਹਨ। ਬੇ-ਆਫ਼ ਪਲੈਂਟੀ ਸਿੱਖ ਸੁਸਾਇਟੀ ਟੀ-ਪੁੱਕੀ ਗੁਰੂਘਰ ਵਿੱਚ ਭਾਈ ਬਲਵੰਤ ਸਿੰਘ ਦੀ ਚੜ੍ਹਦੀ ਕਲਾ ਦੀ ਅਰਦਾਸ ਲਈ ਦੀਵਾਨ ਸਜਾਏ ਗਏ। ਜਿਹਨਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਗੁਰਮੇਜ ਸਿੰਘ ਜੀ ਵਲੋਂ ਇਲਾਹੀ ਬਾਣੀ ਦੇ ਕੀਰਤਨ ਕੀਤੇ ਗਏ ਤੇ ਢਾਡੀ ਸੁਖਦੇਵ ਸਿੰਘ ਚਮਕਾਰਾ ਦੇ ਜਥੇ ਵਲੋਂ ਵਾਰਾ ਗਾ ਕੇ ਸਿੱਖ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ। ਭਾਈ ਬਲਵੰਤ ਸਿੰਘ ਰਾਜੋਆਣਾ ਦੀ ਚੜ੍ਹਦੀ ਕਲਾ ਦੀ ਅਰਦਾਸ ਲਈ ਇਕੱਤਰ ਹੋਈਆ ਸਿੱਖ ਸੰਗਤਾਂ ਵਲੋਂ ਖਾਲਸੇ ਦੀ ਚੜ੍ਹਦੀ ਕਲਾ ਲਈ ਅਰਦਾਸ ਜੋਦੜੀ ਕੀਤੀ ਗਈ। ਨਿਊਜ਼ੀਲੈਂਡ ਦੀਆਂ ਸਿੱਖ ਸੰਗਤਾਂ ਨੇ ਆਪਣੇ ਘਰਾਂ ਤੇ ਕਾਰਾਂ ਵਿੱਚ ਕੇਸਰੀ ਰੰਗ ਦੇ ਛੋਟੇ ਨਿਸ਼ਾਨ ਸਾਹਿਬ ਝੁਲਾ ਕੇ ਭਾਈ ਬਲਵੰਤ ਸਿੰਘ ਵਲੋਂ ਸਿੱਖ ਸੰਗਤਾਂ ਨੂੰ ਕੀਤੀ ਬੇਨਤੀ ਨੂੰ ਸਿਰ ਮੱਥੇ ਕਬੂਲ ਕੇ ਬੇ-ਆਫ਼ ਪਲੈਂਟੀ ਨੂੰ ਖਾਲਸਾਈ ਰੰਗ ਵਿੱਚ ਰੰਗਿਆ। ਟੀ-ਪੁੱਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਈ ਗੁਰਮੇਜ ਸਿੰਘ ਜੀ ਤੇ ਜਥੇ ਨੂੰ ਸਿਰਪਾਉ ਭੇਟ ਕੀਤੇ ਗਏ। ਦੀਵਾਨਾ ਦੀ ਸਮਾਪਤੀ ਦੌਰਾਨ ਕਮੇਟੀ ਦੇ ਮੈਂਬਰ ਸਾਹਿਬਾਨਾ ਵਲੋਂ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਭਾਈ ਬਲਵੰਤ ਸਿੰਘ ਦੀ ਫਾਂਸੀ ਵਿਰੁਧ ਰੋਸ ਪ੍ਰਗਟ ਕੀਤਾ ਗਿਆ ਤੇ ਸਿੱਖ ਵਿਰੋਧੀ ਕੰਮ ਕਰ ਰਹੀਆਂ ਤਾਕਤਾਂ ਦੀ ਨਿਖੇਧੀ ਕੀਤੀ ਗਈ।