ਟੂਲਕਿੱਟ ਮਾਮਲਾ: ਅਦਾਲਤ ਨੇ ਦਿਸ਼ਾ ਰਵੀ ਨੂੰ 3 ਦਿਨਾ ਨਿਆਇਕ ਹਿਰਾਸਤ ‘ਚ ਭੇਜਿਆ

ਨਵੀਂ ਦਿੱਲੀ, 19 ਫਰਵਰੀ – ਦਿੱਲੀ ਦੀ ਕੋਰਟ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਨਾਲ ਸਬੰਧਿਤ ‘ਟੂਲਕਿੱਟ’ ਸੋਸ਼ਲ ਮੀਡੀਆ ‘ਤੇ ਸਾਂਝੀ ਕਰਨ ਦੇ ਮਾਮਲੇ ‘ਚ ਗ੍ਰਿਫ਼ਤਾਰ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਨੂੰ ਤਿੰਨ ਦਿਨਾ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਹਿਰਾਸਤੀ ਪੁੱਛਗਿੱਛ ਲਈ ਦਿੱਲੀ ਪੁਲੀਸ ਨੂੰ ਦਿੱਤਾ ਪੰਜ ਦਿਨਾ ਰਿਮਾਂਡ ਖ਼ਤਮ ਹੋਣ ਮਗਰੋਂ ਦਿਸ਼ਾ ਰਵੀ ਨੂੰ ਅੱਜ ਮੁੜ ਵਧੀਕ ਮੁੱਖ ਮੈਟਰੋਪਾਲਿਟਨ ਮੈਜਿਸਟਰੇਟ ਆਕਾਸ਼ ਜੈਨ ਕੋਲ ਪੇਸ਼ ਕੀਤਾ ਗਿਆ।
ਪੁਲੀਸ ਨੇ ਜੱਜ ਨੂੰ ਦੱਸਿਆ ਕਿ ਉਨ੍ਹਾਂ ਨੂੰ ਹਾਲ ਦੀ ਘੜੀ ਰਵੀ ਤੋਂ ਹਿਰਾਸਤੀ ਪੁੱਛਗਿੱਛ ਦੀ ਲੋੜ ਨਹੀਂ ਹੈ ਤੇ ਇਸ ਕੇਸ ‘ਚ ਸਹਿ-ਮੁਲਜ਼ਮ ਇੰਜੀਨੀਅਰ ਸ਼ਾਂਤਨੂੰ ਮੁਲਕ ਤੇ ਵਕੀਲ ਨਿਕਿਤਾ ਜੈਕਬ ਦੇ ਜਾਂਚ ਵਿੱਚ ਸ਼ਾਮਲ ਹੋਣ ਮਗਰੋਂ ਮੁੜ ਵਾਤਾਵਰਨ ਕਾਰਕੁਨ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ। ਉਂਜ ਪੁਲੀਸ ਨੇ ਦਾਅਵਾ ਕੀਤਾ ਕਿ ਰਵੀ ਨੇ ਪੁੱਛਗਿੱਛ ਦੌਰਾਨ ਸਾਰਾ ਦੋਸ਼ ਸਹਿ-ਮੁਲਜ਼ਮਾਂ ‘ਤੇ ਮੜ੍ਹਨ ਦੀ ਕੋਸ਼ਿਸ਼ ਕੀਤੀ ਸੀ।
ਸ਼ੁੱਕਰਵਾਰ ਨੂੰ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਖ਼ਿਲਾਫ਼ ਦਰਜ ਐੱਫਆਈਆਰ ਦੀ ਜਾਂਚ ਦੇ ਸੰਦਰਭ ਵਿੱਚ ਮੀਡੀਆ ਦੇ ਇਕ ਹਿੱਸੇ ‘ਚ ਕੀਤੀ ਕਵਰੇਜ ‘ਭਾਵਨਾਵਾਂ ਨੂੰ ਭੜਕਾਉਣ ਤੇ ਪੱਖਪਾਤੀ ਰਿਪੋਰਟਿੰਗ’ ਵੱਲ ਇਸ਼ਾਰਾ ਕਰਦੀ ਹੈ। ਹਾਈ ਕੋਰਟ ਨੇ ਹਾਲਾਂਕਿ ਅਜਿਹੇ ਕਿਸੇ ਵਿਸ਼ਾ-ਵਸਤੂ ਨੂੰ ਇਸ ਪੜਾਅ ‘ਤੇ ਹਟਾਉਣ ਲਈ ਹੁਕਮ ਦੇਣ ਤੋਂ ਨਾਂਹ ਕਰ ਦਿੱਤੀ ਹੈ। ਚੇਤੇ ਰਹੇ ਕਿ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨਾਲ ਸਬੰਧਿਤ ਟੂਲਕਿੱਟ ਨੂੰ ਅੱਗੇ ਸਾਂਝਿਆਂ ਕਰਨ ਦੇ ਮਾਮਲੇ ‘ਚ ਗ੍ਰਿਫ਼ਤਾਰ ਦਿਸ਼ਾ ਰਵੀ ਨੇ ਲੰਘੇ ਦਿਨ ਹਾਈ ਕੋਰਟ ਦਾ ਰੁਖ਼ ਕਰਦਿਆਂ ਐੱਫਆਈਆਰ ਦੀ ਜਾਂਚ ਨਾਲ ਜੁੜੀ ਸਮਗਰੀ ਨੂੰ ਮੀਡੀਆ ‘ਚ ਲੀਕ ਕੀਤੇ ਜਾਣ ਤੋਂ ਰੋਕਣ ਦੀ ਮੰਗ ਕੀਤੀ ਸੀ।
ਮੀਡੀਆ ਕਵਰੇਜ ਸਨਸਨੀਖ਼ੇਜ਼ ਤੇ ਪੱਖਪਾਤੀ: ਹਾਈ ਕੋਰਟ
ਜਸਟਿਸ ਪ੍ਰਤਿਭਾ ਐੱਮ.ਸਿੰਘ ਨੇ ਕਿਹਾ ਕਿ ਖ਼ਬਰਾਂ ਨਾਲ ਜੁੜੇ ਵਿਸ਼ਾ-ਵਸਤੂ ਤੇ ਦਿੱਲੀ ਪੁਲੀਸ ਵੱਲੋਂ ਕੀਤੇ ਟਵੀਟਾਂ ਨੂੰ ਹਟਾਉਣ ਲਈ ਦਾਖ਼ਲ ਕੀਤੀ ਅੰਤਰਿਮ ਅਰਜ਼ੀ ‘ਤੇ ਮਗਰੋਂ ਫਿਰ ਕਿਸੇ ਪੜਾਅ ‘ਤੇ ਵਿਚਾਰ ਕੀਤਾ ਜਾਵੇਗਾ। ਕੋਰਟ ਨੇ ਹਾਲਾਂਕਿ ਮੀਡੀਆ ਹਾਊਸਾਂ ਨੂੰ ਕਿਹਾ ਕਿ ਉਹ ਯਕੀਨੀ ਬਣਾਉਣ ਕਿ ਜਾਂਚ ਨਾਲ ਜੁੜੀ ਲੀਕ ਸਮਗਰੀ ਨੂੰ ਅੱਗੇ ਪ੍ਰਸਾਰਿਤ ਨਾ ਕੀਤਾ ਜਾਵੇ, ਕਿਉਂ ਜੋ ਇਸ ਨਾਲ ਜਾਂਚ ਅਸਰ ਅੰਦਾਜ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਕੋਰਟ ਨੇ ਦਿੱਲੀ ਪੁਲੀਸ ਨੂੰ ਹਦਾਇਤ ਕੀਤੀ ਕਿ ਉਹ ਹਲਫ਼ਨਾਮੇ ‘ਚ ਦਰਜ ਆਪਣੇ ਇਸ ਸਟੈਂਡ ‘ਤੇ ਕਾਇਮ ਰਹੇ ਕਿ ਉਸ ਨੇ ਜਾਂਚ ਨਾਲ ਜੁੜੀ ਕੋਈ ਵੀ ਤਫ਼ਸੀਲ ਪ੍ਰੈੱਸ ਨਾਲ ਸਾਂਝੀ ਨਹੀਂ ਕੀਤੀ।