ਟੈਸਟ ਦਰਜਾਬੰਦੀ ‘ਚ ਤੇਂਦੁਲਕਰ 11ਵੇਂ ਸਥਾਨ ‘ਤੇ

ਦੁਬਈ – ਕੌਮਾਂਤਰੀ ਕ੍ਰਿਕਟ ਕੌਂਸਲ (ਆਈ. ਸੀ. ਸੀ.) ਵਲੋਂ ਜਾਰੀ ਟੈਸਟ ਦਰਜਾਬੰਦੀ ਵਿੱਚ ਦੁਨੀਆ ਦੇ ਮਹਾਨ ਕ੍ਰਿਕਟ ਖਿਡਾਰੀ ਤੇ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ 11ਵੇਂ ਸਥਾਨ ‘ਤੇ ਪੁੱਜ ਗਏ ਹਨ। ਤੇਂਦੁਲਕਰ ਨੂੰ ਇਕ ਸਥਾਨ ਦਾ ਲਾਭ ਹੋਇਆ ਹੈ। ਤੇਂਦੁਲਕਰ ਦੇ 749 ਅੰਕ ਹਨ ਤੇ ਉਹ ਸਿਖਰਲੇ 20 ਬੱਲੇਬਾਜ਼ਾਂ ਵਿਚੋਂ ਇਕਲੌਤੇ ਭਾਰਤੀ ਬੱਲੇਬਾਜ਼ ਹੈ। ਦਰਜਾਬੰਦੀ ਦੀ ਜਾਰੀ ਸੂਚੀ ਦੇ ਸਿਖਰ ‘ਤੇ ਵੈਸਟ ਇੰਡੀਜ਼ ਦਾ ਬੱਲੇਬਾਜ਼ ਸ਼ਿਵਨਰਾਇਣ ਚੰਦਰਪਾਲ ਹੈ। ਪਾਕਿਸਤਾਨ ਦੇ ਵਿਰੁੱਧ ਗਾਲੇ ਵਿੱਚ ਪਹਿਲੇ ਟੈਸਟ ਦੌਰਾਨ ਨਾਬਾਦ 199 ਦੌੜਾਂ ਦੀ ਪਾਰੀ ਖੇਡ ਕੇ ਸ੍ਰੀਲੰਕਾ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਕੁਮਾਰ ਸੰਗਾਕਾਰਾ ਦੂਜੇ ਸਥਾਨ ‘ਤੇ ਪੁੱਜ ਗਏ ਹਨ, ਸੰਗਾਕਾਰਾ ਨੂੰ ਤਿੰਨ ਸਥਾਨ ਦਾ ਫਾਇਦਾ ਹੋਇਆ ਹੈ।
ਆਈ. ਸੀ. ਸੀ. ਦੀ ਟੈਸਟ ਗੇਂਦਬਾਜ਼ੀ ਦਰਜਾਬੰਦੀ ਦੀ ਸੂਚੀ ‘ਚ ਦੱਖਣੀ ਅਫ਼ਰੀਕਾ ਦਾ ਡੇਲ ਸਟੇਨ ਸਿਖਰ ‘ਤੇ ਚੱਲ ਰਿਹਾ ਹੈ, ਜਦੋਂ ਕਿ ਉਸ ਤੋਂ ਬਾਅਦ ਦੂਜੇ ਸਥਾਨ ‘ਤੇ ਪਾਕਿਸਤਾਨ ਦਾ ਸਈਦ ਅਜਮਲ ਤੇ ਤੀਜੇ ਸਥਾਨ ‘ਤੇ ਇੰਗਲੈਂਡ ਦਾ ਜੇਮਸ ਐਂਡਰਸਨ ਹੈ। ਭਾਰਤ ਦਾ ਜ਼ਹੀਰ ਖ਼ਾਨ ਇਕ ਸਥਾਨ ਦੇ ਵਾਧੇ ਨਾਲ 11ਵੇਂ ‘ਤੇ ਪੁੱਜ ਗਿਆ ਹੈ, ਜਦੋਂ ਕਿ ਪ੍ਰਗਿਆਨ ਓਝਾ 20ਵੇਂ ਸਥਾਨ ‘ਤੇ ਕਾਇਮ ਹੈ। ਆਈ ਸੀ ਸੀ ਦੀ ਹਰਫਨਮੌਲਾ ਦੀ ਸੂਚੀ ਵਿੱਚ ਬੰਗਲਾਦੇਸ਼ ਦਾ ਸਾਕਿਬ ਅਲ ਹਸਨ ਸਿਖਰ ‘ਤੇ ਹੈ।