ਡਿਸਕਸ ਥਰੋਅਰ ਪੂਨੀਆ ਨੇ ਚਾਂਦੀ ਦਾ ਤਮਗਾ ਜਿੱਤਿਆ

ਹਵਾਈ (ਅਮਰੀਕਾ) – ਇੱਥੇ ਹੋਈ ਆਲਟੀਅਸ ਟਰੈਕ ਕਰਿਊ ਥਰੋ -ਡਾਊਨ ਮੀਟ ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜੇਤੂ ਭਾਰਤ ਦੀ ਡਿਸਕਸ ਥਰੋਅਰ ਕ੍ਰਿਸ਼ਨਾ ਪੂਨੀਆ ਨੇ ਚਾਂਦੀ ਦਾ ਤਮਗਾ ਜਿੱਤਣ ਦੇ ਨਾਲ ਹੀ ਨਵਾਂ ਕੌਮੀ ਰਿਕਾਰਡ ਬਣਾ ਦਿੱਤਾ ਅਤੇ ਕ੍ਰਿਸ਼ਨਾ ਨੇ 64.76 ਮੀਟਰ ਦੇ ਫਾਸਲੇ ਉਤੇ ਡਿਸਕਸ ਸੁੱਟ ਕੇ ਦੇਸ਼ ਦੀ ਸੀਮਾ ਅੰਤਿਲ ਦਾ 64.64 ਮੀਟਰ ਦਾ ਪਿਛਲਾ ਕੌਮੀ ਰਿਕਾਰਡ ਵੀ ਤੋੜ ਦਿੱਤਾ। ਪਹਿਲੀ ਕੋਸ਼ਿਸ਼ ਫਾਊਲ ਹੋਣ ਤੋਂ ਬਾਅਦ ਕ੍ਰਿਸ਼ਨਾ ਨੇ ਅਗਲੀਆਂ ਕੋਸ਼ਿਸ਼ਾਂ ਦੌਰਾਨ 56.96, 64.76, 62.68, 61.55 ਅਤੇ 63.68 ਮੀਟਰ ਦਾ ਫਾਸਲਾ ਤੈਅ ਕੀਤਾ। ਮੌਜੂਦਾ ਓਲੰਪਿਕ ਚੈਂਪੀਅਨ ਅਮਰੀਕਾ ਦੀ ਸਟੈਫਨੀ ਬਰਾਊਨ ਨੇ 66.86 ਮੀਟਰ ਦੂਰੀ ਨਾਲ ਸੋਨੇ ਦਾ ਅਤੇ ਜਿਆ ਲੂਈਸ ਸਮਾਲਵੁੱਡ ਨੇ ਕਾਂਸੀ ਦਾ ਤਮਗਾ ਜਿੱਤਿਆ। ਜ਼ਿਕਰਯੋਗ ਹੈ ਕਿ ਪੂਨੀਆ ਇਸ ਸਾਲ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਸੱਤ ਖਿਡਾਰੀਆਂ ਵਿਚੋਂ ਇਕ ਹੈ। ਉਸ ਨੇ ਸਰਕਾਰੀ ਖਰਚੇ ਉਤੇ ਪੋਰਟਲੈਂਡ ਸਥਿਤ ਕੋਂਕੋਰਡੀਆ ਯੂਨੀਵਰਸਿਟੀ ਵਿੱਚ ਸਾਬਕਾ ਉਲੰਪਿਕ ਚੈਂਪੀਅਨ ਮੈਕ ਵਿਲਕਿੰਸ ਨਾਲ ਅਭਿਆਸ ਕੀਤਾ ਹੈ।