ਡੈਮੋਕਰੈਟਸ ਵੱਲੋਂ ਇਮੀਗ੍ਰੇਸ਼ਨ ਸੁਧਾਰ ਬਿੱਲ ਪੇਸ਼, ਭਾਰਤੀਆਂ ਸਮੇਤ ਹੋਰਨਾਂ ਨੂੰ ਮਿਲੇਗੀ ਰਾਹਤ ਤੇ ਵਧਣਗੇ ਮੌਕੇ

ਸੈਕਰਾਮੈਂਟੋ,ਕੈਲੀਫੋਰਨੀਆ 19 ਫਰਵਰੀ (ਹੁਸਨ ਲੜੋਆ ਬੰਗਾ) – ਡੈਮੋਕਰੈਟਸ ਨੇ ਇਕ ਵਿਸ਼ਾਲ ਘੇਰੇ ਵਾਲਾ ਇਮੀਗ੍ਰੇਸ਼ਨ ਸੁਧਾਰ ਬਿੱਲ ਅਮਰੀਕੀ ਸੰਸਦ ਵਿਚ ਪੇਸ਼ ਕੀਤਾ ਹੈ ਜਿਸ ਨਾਲ ਭਾਰਤੀਆਂ ਸਮੇਤ ਹੋਰ ਲੋਕਾਂ ਨੂੰ ਸਥਾਈ ਨਿਵਾਸ ਦਾ ਦਰਜਾ ਜਾਂ ਗਰੀਨ ਕਾਰਡ ਮਿਲਣ ਲਈ ਰਾਹ ਪੱਧਰਾ ਹੋ ਜਾਵੇਗਾ। ਇਸ ਬਿੱਲ ਦੇ ਪਾਸ ਹੋਣ ਨਾਲ ਹੋਰ ਦੇਸ਼ਾਂ ਦੇ ਨਾਲ ਉਨ੍ਹਾਂ ਪੇਸ਼ਾਵਰ ਭਾਰਤੀਆਂ ਨੂੰ ਰਾਹਤ ਮਿਲੇਗੀ ਜੋ ਲੰਬੇ ਸਮੇਂ ਤੋਂ ਅਮਰੀਕਾ ਵਿਚ ਸਥਾਈ ਨਿਵਾਸ ਲਈ ਯਤਨਸ਼ੀਲ ਹਨ। ਇਸ ਬਿੱਲ ਨੂੰ ਸੈਨੇਟਰ ਬੌਬ ਮੈਨਨਡੇਜ਼ ਤੇ ਪ੍ਰਤੀਨਿਧ ਸਦਨ ਦੇ ਮੈਂਬਰ ਲਿੰਡਾ ਸਾਂਚੇਜ਼ ਨੇ ਪੇਸ਼ ਕੀਤਾ। ਬਿੱਲ ਵਿਚ ਹਰੇਕ ਦੇਸ਼ ਵਾਸਤੇ ਗਰੀਨ ਕਾਰਡਾਂ ਦੀ ਸਲਾਨਾ ਸੀਮਾ ਖ਼ਤਮ ਕਰਨ ਦੀ ਵਿਵਸਥਾ ਹੈ। ਇਸ ਨਾਲ ਭਾਰਤ ਵਰਗੇ ਦੇਸ਼ਾਂ ਤੋਂ ਹੋਰ ਲੋਕ ਅਮਰੀਕਾ ਜਾ ਸਕਣਗੇ। ਇਸ ਬਿੱਲ ਨਾਲ ਐਚ 1-ਬੀ ਪੇਸ਼ਾਵਰ ਵੀਜ਼ਾ ਵਾਲਿਆਂ ਨੂੰ ਰਾਹਤ ਮਿਲੇਗੀ। ਇਨ੍ਹਾਂ ਨੂੰ ਐਚ1-ਬੀ ਵੀਜ਼ੇ ਸਮੇਤ ਅਮਰੀਕਾ ਵਿਚ ਰਹਿਣ ਦੀ ਇਜਾਜ਼ਤ ਮਿਲ ਜਾਵੇਗੀ। ਇਸ ਸਮੇਂ ਉਨ੍ਹਾਂ ਨੌਜਵਾਨਾਂ ਜੋ 21 ਸਾਲ ਦੇ ਹੋ ਜਾਂਦੇ ਹਨ, ਨੂੰ ਉਸ ਹਾਲਤ ਵਿਚ ਅਮਰੀਕਾ ਵਿਚ ਰਹਿਣ ਦੀ ਇਜਾਜ਼ਤ ਨਹੀਂ ਹੈ ਜੇਕਰ ਉਨ੍ਹਾਂ ਦੇ ਮਾਪਿਆਂ ਕੋਲ ਗਰੀਨ ਕਾਰਡ ਨਹੀਂ ਹੈ। ਇਸ ਤੋਂ ਇਲਾਵਾ ਐਚ 1 -ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਨੂੰ ਵੀ ਕੰਮ ਕਰਨ ਦਾ ਅਧਿਕਾਰ ਮਿਲੇਗਾ ਜਿਸ ਵਿਵਸਥਾ ਨੂੰ ਡੋਨਾਲਡ ਟਰੰਪ ਖ਼ਤਮ ਕਰਨ ਵਾਸਤੇ ਯਤਨਸ਼ੀਲ ਸੀ। ਸਾਂਚੇਜ਼ ਨੇ ਬਿੱਲ ਪੇਸ਼ ਕਰਦਿਆਂ ਕਿਹਾ ਕਿ ਰੁਜ਼ਗਾਰ ਅਧਾਰਿਤ ਇਮੀਗ੍ਰੇਸ਼ਨ ਪ੍ਰਣਾਲੀ ਵਿਚ ਤਬਦੀਲੀਆਂ ਨਾਲ ਸਾਡੀ ਅਰਥ ਵਿਵਸਥਾ ਵਿਚ ਸੁਧਾਰਾਂ ਨੂੰ ਮੌਕਾ ਮਿਲੇਗਾ। ਸਾਡੀ ਅਰਥ ਵਿਵਸਥਾ ਮਜ਼ਬੂਤ ਹੋਵੇਗੀ।