ਤਰਨਤਾਰਨ ਦੀ ਬੀਰ ਖਾਲਸਾ ਗਤਕਾ ਟੀਮ ਦਾ ‘ਗਿੰਨੀਜ਼ ਬੁੱਕ’ ਵਿੱਚ ਨਾਂਅ ਦਰਜ

ਆਕਲੈਂਡ – ਇਟਲੀ ਦੀ ਰਾਜਧਾਨੀ ਰੋਮ ਵਿਖੇ ਤਰਨਤਾਰਨ ਦੀ ਬੀਰ ਖਾਲਸਾ ਗਤਕਾ ਟੀਮ ਨੇ ਇਕ ਮੁਕਾਬਲੇ ਦੌਰਾਨ 1 ਮਿੰਟ ਵਿੱਚ ਬੇਸਬਾਲ ਦੇ ਬੱਲੇ ਨਾਲ ੫੯ ਨਾਰੀਅਲ ਤੋੜ ਕੇ ਵਰਲਡ ਰਿਕਾਰਡ ਬਨਾਉਣ ਦੇ ਨਾਲ ‘ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ’ ਵਿੱਚ ਨਾਂਅ ਦਰਜ ਕਰ ਲਿਆ ਹੈ। ਮੁਕਾਬਲੇ ਦੌਰਾਨ ਟੀਮ ਦੇ 7 ਮੈਂਬਰਾਂ ਨੇ ਸਿਰ ਉਪਰ ਨਾਰੀਅਲ ਰੱਖ ਕੇ ਬੇਸਬਾਲ ਨਾਲ ਇਕ ਮਿੰਟ ਵਿੱਚ 59 ਨਾਰੀਅਲ ਤੋੜ ਕੇ ਨਵਾਂ ਕਾਰਨਾਮਾਂ ਕਰ ਵਿਖਾਇਆ। ਇਸ ਤੋਂ ਪਹਿਲਾਂ 1 ਮਿੰਟ ਵਿੱਚ 41 ਨਾਰੀਅਲ ਤੋੜਨ ਦਾ ਰਿਕਾਰਡ ਸੀ। ਤਰਨਤਾਰਨ ਦੀ ਬੀਰ ਖਾਲਸਾ ਗਤਕਾ ਟੀਮ ਦੀ ਇਸ ਪ੍ਰਾਪਤੀ ਸਦਕਾ ਰੋਮ ਵਿੱਚ ਤਿਰੰਗੇ ਝੰਡੇ ਦੇ ਨਾਲ ਦੋ ਕੇਸਰੀ ਨਿਸ਼ਾਨ ਸਾਹਿਬ ਲਹਿਰਾਏ ਗਏ ਜੋ ਸਿੱਖ ਕੌਮ ਤੇ ਦੇਸ਼ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਇਸ ਸੱਤ ਮੈਂਬਰੀ ਗਤਕਾ ਟੀਮ ਦੇ ਮੁਖੀ ਕੰਵਲਜੀਤ ਸਿੰਘ ਨੇ ਕਿਹਾ ਕਿ ਗਿੰਨੀਜ਼ ਵਰਲਡ ਰਿਕਾਰਡ ਬਣਾਉਣ ਵਾਲੀ ਟੀਮ ਵਿੱਚ ਉਨ੍ਹਾਂ ਤੋਂ ਇਲਾਵਾ ਨਸੀਬ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਤੇ ਗੁਰਿੰਦਰ ਸਿੰਘ ਸ਼ਾਮਲ ਹਨ। ਉਨ੍ਹਾਂ ਦੱਸਿਆ, ‘ਵਿਸ਼ਵ ਰਿਕਾਰਡ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਾਡੀ ਟੀਮ ਨੂੰ ਸਖ਼ਤ ਮਿਹਨਤ ਕਰਨੀ ਪਈ। ਹਰ ਰੋਜ਼ ਸਵੇਰੇ 4 ਤੋਂ 8 ਵਜੇ ਤਕ ਅਤੇ ਰਾਤੀਂ 7 ਵਜੇ ਤੋਂ 12 ਵਜੇ ਤਕ ਨਾਰੀਅਲ ਤੋੜਨ ਦਾ ਅਭਿਆਸ ਕਰਦੇ ਸਾਂ।’ ਉਨ੍ਹਾਂ ਦੱਸਿਆ ਕਿ ਟੀਮ ਦੇ ਪੰਜ ਮੈਂਬਰ ਗੁਰਪ੍ਰੀਤ ਸਿੰਘ ਦੇ ਸਿਰ ‘ਤੇ ਵਾਰੀ-ਵਾਰੀ ਨਾਰੀਅਲ ਰੱਖਦੇ ਰਹੇ ਜਦੋਂ ਕਿ ਕੰਵਲਜੀਤ ਸਿੰਘ ਬੇਸਬਾਲ ਨਾਲ ਨਾਰੀਅਲ ਤੋੜਦਾ ਰਿਹਾ ਅਤੇ ਇਕ ਮਿੰਟ ਵਿਚ ੫੯ ਨਾਰੀਅਲ ਤੋੜ ਕੇ ਵਿਸ਼ਵ ਰਿਕਾਰਡ ਬਣਾਉਣ ਵਿੱਚ ਸਫਲ ਰਹੇ। ਉਨ੍ਹਾਂ ਇਹ ਵੀ ਦੱਸਿਆ ਕਿ ਅਗਲੇ ਮਹੀਨੇ ਗਤਕਾ ਟੀਮ ‘ਚ 9 ਸਾਲ ਦੀ ਉਮਰ ਦਾ ਬੱਚਾ ਮਨਪ੍ਰੀਤ ਸਿੰਘ ਜਾਪਾਨ ਵਿੱਚ ਵਰਲਡ ਰਿਕਾਰਡ ਬਣਾਉਣ ਲਈ ਜਾ ਰਿਹਾ ਹੈ। ਇਸ ਤੋਂ ਇਲਾਵਾ ਚੈਕੋਸਲਵਾਕੀਆ ਵਿੱਚ ਹੋ ਰਹੇ ‘ਗੋਟਜ ਟੇਲੈਂਟ’ ਮੁਕਾਬਲੇ ਲਈ ਪਹਿਲੀ ਵਾਰ ਕਿਸੇ ਭਾਰਤੀ ਟੀਮ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਟੀਮ ਇਕ ਹੋਰ ਰਿਕਾਰਡ ਬਣਾਉਣ ਲਈ ਯਤਨ ਕਰ ਰਹੀ ਹੈ। ਜਿਸ ਵਿੱਚ 30 ਫੁੱਟ ਦੀ ਉਚਾਈ ਤੋਂ ਬਣੇ ਇਕ ਸਟੈਂਡ ‘ਤੇ ਟਿਊਬ ਲਾਈਟਾਂ ਦੀਆਂ 3-4 ਹਜ਼ਾਰ ਰਾਡਾਂ ਲੱਗੀਆਂ ਹੋਣਗੀਆਂ ਅਤੇ ਟੀਮ ਮੈਂਬਰ ਉਪਰੋਂ ਛਾਲ ਮਾਰ ਕੇ ਇਨ੍ਹਾਂ ਨੂੰ ਤੋੜਨਗੇ। ਇਸ ਵਿੱਚ ਸਫਲਤਾ ਤੋਂ ਮਗਰੋਂ ਸਿਰ ਨਾਲ ਬਰਫ ਦੀਆਂ ਮੋਟੀਆਂ ਸਿੱਲਾਂ ਨੂੰ ਤੋੜਨਗੇ। ਟੀਮ ਦੇ ਦੂਜੇ ਮੈਂਬਰਾਂ ਵਿੱਚ ਗੁਰਿੰਦਰ ਸਿੰਘ, ਨਸੀਬ ਸਿੰਘ, ਹਰਪ੍ਰੀਤ ਸਿੰਘ, ਰਣਜੋਤ ਸਿੰਘ ਅਤੇ ਬਲਵੰਤ ਸਿੰਘ ਸ਼ਾਮਲ ਹਨ। ਤਰਨਤਾਰਨ ਦੀ ਬੀਰ ਖਾਲਸਾ ਗਤਕਾ ਟੀਮ ਦੇ ਲਗਭਗ 200 ਮੈਂਬਰ ਹਨ, ਜਿਹੜੇ ਇਸ ਮਾਰਸ਼ਲ ਆਰਟ ਦਾ ਨਿਰੰਤਰ ਅਭਿਆਸ ਕਰਦੇ ਹਨ ਅਤੇ ਸਾਰਾ ਖਰਚ ਵੀ ਆਪ ਹੀ ਕਰਦੇ ਹਨ।
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਤੋਂ ਛੱਪਦੇ ‘ਕੂਕ ਪੰਜਾਬੀ ਸਮਾਚਾਰ’ ਅਦਾਰੇ ਦੇ ਪ੍ਰਬੰਧਕਾਂ ਵਲੋਂ ਤਰਨਤਾਰਨ ਦੀ ਬੀਰ ਖਾਲਸਾ ਗਤਕਾ ਟੀਮ ਦੇ ‘ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ’ ਨਾਂਅ ਦਰਜ ਕਰਵਾਉਣ ਅਤੇ ਦਲੇਰੀ ਭਰੇ ਕਾਰਨਾਮਿਆ ਵਿੱਚ ਹਿੱਸਾ ਲੈਣ ਦੇ ਕਰਕੇ ਟੀਮ ਦੇ ਸਮੂਹ ਮੈਂਬਰਾਂ ਤੇ ਪ੍ਰਬੰਧਕਾਂ ਨੂੰ ਬਹੂਤ-ਬਹੂਤ ਵਧਾਈਆਂ ਦਿੰਦੇ ਹਾਂ ਤੇ ਭਵਿੱਕ ਵਿੱਚ ਹੋਰ ਕਰਨ ਵਾਲੇ ਅਜਿਹੇ ਕਾਰਨਾਮਿਆਂ ਦੀ ਕਾਨਯਾਬੀ ਲਈ ਸ਼ੁਭਕਾਮਨਾਵਾਂ ਕਰਦੇ ਹਾਂ।