ਤਿੰਨ ਖੇਤੀ ਕਾਨੂੰਨ: ਸਰਕਾਰ ਤੇ ਕਿਸਾਨਾਂ ਵਿਚਾਲੇ 9ਵੇਂ ਗੇੜ ਦੀ ਗੱਲਬਾਤ ਬੇਸਿੱਟਾ, ਅਗਲੀ ਮੀਟਿੰਗ 19 ਜਨਵਰੀ ਨੂੰ ਹੋਵੇਗੀ

ਨਵੀਂ ਦਿੱਲੀ, 16 ਜਨਵਰੀ – ਇੱਥੇ ਦੇ ਵਿਗਿਆਨ ਭਵਨ ਵਿਖੇ ਤਿੰਨ ਖੇਤੀ ਕਾਨੂੰਨਾਂ ਬਾਰੇ 15 ਜਨਵਰੀ ਨੂੰ ਸਰਕਾਰ ਤੇ ਕਿਸਾਨਾਂ ਵਿਚਾਲੇ 9ਵੇਂ ਗੇੜ ਦੀ ਹੋਈ ਗੱਲਬਾਤ ਵੀ ਬੇਸਿੱਟਾ ਰਹੀ। ਅਗਲੇ ਗੇੜ ਦੀ ਮੀਟਿੰਗ 19 ਜਨਵਰੀ ਨੂੰ ਦੁਪਹਿਰ 12 ਵਜੇ ਹੋਵੇਗੀ।
ਅੱਜ ਮੀਟਿੰਗ ਵਿੱਚ ਜਾਣ ਤੋਂ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਸ ਬੈਠਕ ਬਾਰੇ ਵੀ ਬਹੁਤੇ ਉਤਸ਼ਾਹ ਜਨਕ ਨਤੀਜੇ ਨਾ ਆਉਣ ਦੇ ਸ਼ੰਕੇ ਪ੍ਰਗਟਾਏ ਸਨ। 9ਵੇਂ ਗੇੜ ਦੀ ਮੀਟਿੰਗ ਵਿੱਚ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ, ਪੀਯੂਸ਼ ਗੋਇਲ ਤੇ ਸੋਮ ਪ੍ਰਕਾਸ਼ 40 ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕੀਤੀ। ਜਾਣਕਾਰੀ ਮੁਤਾਬਿਕ ਸ੍ਰੀ ਤੋਮਰ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਅੜੀ ਛੱਡਣ ਤੇ ਇਸ ‘ਤੇ ਕਿਸਾਨ ਨੇਤਾਵਾਂ ਨੇ ਜੁਆਬ ਦਿੱਤਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੇ ਐੱਮਐੱਸਪੀ ਨੂੰ ਕਾਨੂੰਨੀ ਦਰਜਾ ਦਿਵਾਉਣ ‘ਤੇ ਗੱਲ ਕਰਨ ਆਏ ਹਨ ਤੇ ਉਨ੍ਹਾਂ ਦੀਆਂ ਇਹ ਮੰਗਾਂ ਨਹੀਂ ਸਗੋਂ ਹੱਕ ਸਨ।