ਤੀਜੇ ਦਿਨ ਵੀ ਨਹੀਂ ਚਲੀ ਸੰਸਦ ਦੀ ਕਾਰਵਾਈ

ਨਵੀਂ ਦਿੱਲੀ, 23 ਅਗਸਤ (ਏਜੰਸੀ) – ਕੋਲਾ ਬਲਾਕ ਵੰਡ ‘ਤੇ ਕੈਗ ਰਿਪੋਰਟ ਨੂੰ ਲੈ ਕੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਅਸਤੀਫ਼ੇ ‘ਤੇ ਅੜੀ ਭਾਜਪਾ ਨੇ ਅੱਜ ਲਗਾਤਾਰ ਤੀਸਰੇ ਦਿਨ ਸੰਸਦ ਨਹੀਂ ਚੱਲਣ ਦਿੱਤੀ। ਲੋਕ ਸਭਾ ਅਤੇ ਰਾਜ ਸਭਾ ਵਿੱਚ ਪਿਛਲੇ ਤਿੰਨ ਦਿਨ ਤੋਂ ਇਕ ਹੀ ਨਜ਼ਾਰਾ ਹੈ। ਹਰ ਵਾਰ ਸਦਨ ਦੀ ਕਾਰਵਾਈ ਸ਼ੁਰੂ ਹੋਣ ‘ਤੇ ਭਾਜਪਾ ਮੈਂਬਰ ਦੋਵੇਂ ਸਦਨਾਂ ਵਿੱਚ ਆਸਨ ਦੇ ਸਾਹਮਣੇ ਆ ਕੇ ਪ੍ਰਧਾਨ ਮੰਤਰੀ ਦੇ ਅਸਤੀਫ਼ੇ ਦੀ ਮੰਗ ਸਬੰਧੀ ਨਾਅਰੇ ਲਗਾਉਣੇ ਸ਼ੁਰੂ ਕਰ ਦਿੰਦੇ ਹਨ।
ਅੱਜ ਲੋਕ ਸਭਾ ਦੋ ਵਾਰ ਅਤੇ ਰਾਜ ਸਭਾ ਤਿੰਨ ਵਾਰ ਰੱਦ ਹੋਣ ਤੋਂ ਬਾਅਦ ਦੁਪਹਿਰ ਪੂਰੇ ਦਿਨ ਲਈ ਰੱਦ ਕਰਨੀ ਪਈ। ਦੋਵਾਂ ਹੀ ਸਦਨਾਂ ਵਿੱਚ ਅੱਜ ਕਾਂਗਰਸ ਮੈਂਬਰ ਵੀ ਕਾਫ਼ੀ ਯੁੱਧ ਨੀਤੀ ਰਾਹੀਂ ਭਾਜਪਾ ‘ਤੇ ਪਲਵਾਂ ਵਾਰ ਕਰਦੇ ਹੋਏ ਨਜ਼ਰ ਆਏ।
ਭਾਜਪਾ ਮੈਂਬਰ ਨਾਅਰੇਬਾਜ਼ੀ ਕਰਦੇ ਹੋਏ ਆਸਣ ਦੇ ਸਾਹਮਣੇ ਆ ਗਏ ਅਤੇ ਹੰਗਾਮੇ ਦੇ ਕਾਰਨ ਕਾਰਵਾਈ ਨਹੀਂ ਚੱਲ ਸਕੀ। ਦੋਵਾਂ ਹੀ ਸਦਨਾਂ ਵਿੱਚ ਭਾਜਪਾ ਦੀ ਮੰਗ ਦਾ ਸਮਰਥਨ ਕਰਦੇ ਹੋਏ ਅੰਨਾ ਦਰਮੁਕ ਮੈਂਬਰ ਵੀ ਨਾਅਰੇਬਾਜ਼ੀ ਕਰਦੇ ਦਿਖਾਈ ਦਿੱਤੇ। ਅੰਨਾਦਰਮੁਕ ਦੇ ਮੈਂਬਰ ਵੀ ਭਾਜਪਾ ਮੈਂਬਰਾਂ ਦੇ ਨਾਲ ਆਸਣ ਦੇ ਸਾਹਮਣੇ ਆ ਗਏ। ਦਿਲਚਸਪ ਗੱਲ ਇਹ ਹੈ ਕਿ ਜੇ. ਡੀ. ਯੂ. ਇਸ ਮੁੱਦੇ ‘ਤੇ ਚਰਚਾ ‘ਚ ਹੈ, ਹਾਲਾਂਕਿ ਉਸ ਦੇ ਇਕ ਮੈਂਬਰ ਸਾਬਿਰ ਅਲੀ ਭਾਜਪਾ ਮੈਂਬਰਾਂ ਦੇ ਨਾਲ ਨਾਅਰੇਬਾਜ਼ੀ ਕਰਦੇ ਹੋਏ ਆਸਣ ਦੇ ਸਾਹਮਣੇ ਆ ਗਏ। ਇਹ ਉਹੀ ਸਾਬਿਰ ਅਲੀ ਹੈ, ਜਿਸ ਨੇ ਬੁੱਧਵਾਰ ਨੂੰ ਸਰਵਜਨਕ ਰੂਪ ਨਾਲ ਸਦਨ ਦੀ ਕਾਰਵਾਈ ‘ਚ ਰੁਕਾਵਟ ਪਾਉਣ ਦੀ ਬਜਾਏ ਚਰਚਾ ਦੀ ਵਕਾਲਤ ਕੀਤੀ ਸੀ।