ਦਰਬਾਰ ਸਾਹਿਬ ‘ਤੇ 1984 ਦੇ ਹਮਲੇ ਵਿੱਚ ਬਰਤਾਨੀਆ ਦੀ ਭੂਮਿਕਾ

ਇੰਦਰਾ ਗਾਂਧੀ ਦੀ ਮਦਦ ਕਰਨ ਲਈ  ਪ੍ਰਧਾਨ ਮੰਤਰੀ ਥੈਚਰ ਦੇ ਫ਼ੈਸਲੇ ਦੀ ਨਿੰਦਾ ਕੀਤੀ ਜਾਵੇ ਸਿੱਖ ਜਥੇਬੰਦੀਆਂ ਵੱਲੋਂ ਬਰਤਾਨਵੀ ਸੰਸਦ ਵਿੱਚ ‘ਮਤੇ’ ਦੀ ਮੰਗ
ਕੈਲੇਫੋਰਨੀਆ, 14 ਜਨਵਰੀ (ਹੁਸਨ ਲੜੋਆ ਬੰਗਾ) – 1984 ਵਿੱਚ ਦਰਬਾਰ ਸਾਹਿਬ ‘ਤੇ ਹਮਲੇ ਦੀ ਯੋਜਨਾ ਵਿੱਚ ਬਰਤਾਨੀਆ (ਯੂਨਾਈਟਿਡ ਕਿੰਗਡਮ) ਦੀ ਵਿਸ਼ੇਸ਼ ਹਵਾਈ ਸੈਨਾ (ਐੱਸ. ਏ. ਐੱਸ.) ਦੀ ਸ਼ਮੂਲੀਅਤ ਬਾਰੇ ਮਿਲੀ ਜਾਣਕਾਰੀ ਦੇ ਚੱਲਦਿਆਂ ਸਿਖਸ ਫ਼ਾਰ ਜਸਟਿਸ (ਐੱਸ. ਐਫ. ਜੇ.), ਜੋ ਕਿ ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾ ਹੈ, ਨੇ ਵਿਸ਼ਵ ਭਰ ਦੀਆਂ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਐਲਾਨ ਕੀਤਾ ਕਿ ‘ਬਰਤਾਨਵੀ ਸੰਸਦ ਨੂੰ ਤੁਰੰਤ ਇਕ ਮਤਾ ਪਾਸ ਕਰਨਾ ਚਾਹੀਦਾ ਹੈ ਕਿ ਸਿੱਖਾਂ ਦੇ ਪਵਿੱਤਰ ਅਸਥਾਨ ‘ਤੇ ਹਮਲਾ ਕਰਨ ਲਈ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਹਾਇਤਾ ਕਰਨ ਲਈ ਬਰਤਾਨਵੀ ਪ੍ਰਧਾਨ ਮੰਤਰੀ………. ਮਾਰਗ੍ਰੇਟ ਥੈਚਰ ਦੀ ਕਾਰਵਾਈ ਗਲਤ ਸੀ।’ ਬਰਤਾਨਵੀ ਸੰਸਦ ਵਿੱਚ ਮਤਾ ਪਾਸ ਕਰਨ ਦੀ ਇਸ ਮੰਗ ਦਾ ਸਮਰਥਨ ਪੰਜਾਬ, ਯੂ. ਕੇ., ਯੂਨਾਈਟਿਡ ਸਟੇਟਸ, ਕੈਨੇਡਾ, ਆਸਟਰੇਲੀਆ, ਜਰਮਨੀ, ਇਟਲੀ ਅਤੇ ਸਵਿਟਜ਼ਰਲੈਂਡ ਦੀਆਂ ਸਿੱਖ ਜਥੇਬੰਦੀਆਂ ਅਤੇ ਸਮੁੱਚੇ ਅਮਰੀਕਾ ਦੇ ਗੁਰਦੁਆਰਿਆਂ ਦੀ ਸੰਗਠਿਤ ਜਥੇਬੰਦੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੁੱਚੇ ਕੈਨੇਡਾ ਦੇ ਗੁਰਦੁਆਰਿਆਂ ਦੀ ਸੰਗਠਿਤ ਜਥੇਬੰਦੀ ਕੈਨੇਡੀਅਨ ਸਿੱਖ ਕੁਲੀਸ਼ਨ (ਸੀ. ਐੱਸ. ਸੀ.), ਸੇਵਾ 84 ਯੂ. ਕੇ. ਸਥਿਤ ਮਨੁੱਖੀ ਅਧਿਕਾਰ ਐਨ. ਜੀ. ਓ., ਮੂਵਮੈਂਟ ਅਗੇਂਸਟ ਐਟਰਾਸਿਟੀਜ਼ ਐਂਡ ਰਿਪ੍ਰੈਸ਼ਨ ਸਵਿਸ ਸਥਿਤ ਮਨੁੱਖੀ ਅਧਿਕਾਰ ਗਰੁੱਪ, ਸੁਪਰੀਮ ਸਿੱਖ ਕੌਂਸਲ ਆਫ਼ ਆਸਟਰੇਲੀਆ, ਵਾਇਸਸ ਆਫ਼ ਫਰੀਡਮ ਅਮਰੀਕਾ ਸਥਿਤ ਮਨੁੱਖੀ ਅਧਿਕਾਰ ਐਨ. ਜੀ. ਓ. ਅਤੇ ਪੰਜਾਬ ਸਥਿਤ ਸਿੱਖ ਸਮਾਜਿਕ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਸਮਰਥਨ ਪ੍ਰਾਪਤ ਹੈ।
ਵਿੰਸਟਨ ਚਰਚਿਲ ਦਾ ਬਿਆਨ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਬਰਤਾਨਵੀ ਲੋਕ ਲੰਮੇ ਸਮੇਂ ਤੋਂ ਸਿੱਖਾਂ ਦੇ ਕਰਜ਼ਦਾਰ ਤੇ ਸ਼ੁਕਰ ਗੁਜ਼ਾਰ ਹਨ। ਮੈਨੂੰ ਪਤਾ ਕਿ ਇਸ ਸਦੀ ਵਿੱਚ ਸਾਨੂੰ ਉਨ੍ਹਾਂ ਦੀ ਦੋ ਵਾਰ ਮਦਦ ਦੀ ਲੋੜ ਪਈ ਹੈ ਅਤੇ ਉਨ੍ਹਾਂ ਨੇ ਸਾਡੀ ਪੂਰੀ ਮਦਦ ਕੀਤੀ। ਨਤੀਜੇ ਵਜੋਂ ਉਨ੍ਹਾਂ ਦੀ ਸਮੇਂ ਸਿਰ ਮਦਦ ਨਾਲ ਅਸੀਂ ਅੱਜ ਸਨਮਾਨ, ਗੌਰਵ ਅਤੇ ਆਜ਼ਾਦੀ ਨਾਲ ਰਹਿ ਰਹੇ ਹਾਂ। ਇਸ ਬਿਆਨ ਦਾ ਜ਼ਿਕਰ ਕਰਦਿਆਂ ਐੱਸ. ਐਫ. ਜੇ. ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਕਿੰਨੀ ਬਦਕਿਸਮਤੀ ਦੀ ਗੱਲ ਹੈ ਕਿ ਜਦੋਂ ਸਿੱਖ ਜਗਤ ਨੂੰ ਯੂਨਾਈਟਿਡ ਕਿੰਗਡਮ ਦੀ ਮਦਦ ਦੀ ਲੋੜ ਪਈ ਤਾਂ ਪ੍ਰਧਾਨ ਮੰਤਰੀ ਮਾਰਗ੍ਰੇਟ ਥੈਚਰ ਨੇ ਸਿੱਖ ਹਿਤਾਂ ਨਾਲ ਧੋਖਾ ਕੀਤਾ ਤੇ ਹਰਿਮੰਦਰ ਸਾਹਿਬ ‘ਤੇ ਭਾਰਤੀ ਫ਼ੌਜ ਦੇ ਹਮਲੇ ਦੀ ਯੋਜਨਾ ਵਿੱਚ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮਦਦ ਕੀਤੀ। ਇੰਟਰਨੈਸ਼ਨਲ ਪਾਲਿਸੀ ਡਾਇਰੈਕਟਰ ਕੈਨੇਡਾ ਜਤਿੰਦਰ ਸਿੰਘ ਗਰੇਵਾਲ ਨੇ ਦਰਬਾਰ ਸਾਹਿਬ ‘ਤੇ ਹਮਲੇ ਦੀ ਯੋਜਨਾ ਵਿੱਚ ਬਰਤਾਨਵੀ ਫ਼ੌਜਾਂ ਦੀ ਸ਼ਮੂਲੀਅਤ ਦੀ ਨਿੰਦਾ ਕੀਤੀ। ਐੱਸ. ਐਫ. ਜੇ. ਨੇ ਐਲਾਨ ਕੀਤਾ ਕਿ ਦਰਬਾਰ ਸਾਹਿਬ ‘ਤੇ ਹਮਲੇ ਲਈ ਭਾਰਤ ਸਰਕਾਰ ਨਾਲ ਬਰਤਾਨੀਆ ਦੀ ਮਿਲੀਭੁਗਤ ਦੀ 30ਵੀਂ ਵਰ੍ਹੇਗੰਢ ਮੌਕੇ ਫਰਵਰੀ ਮਹੀਨੇ ਵਿੱਚ ਅਮਰੀਕਾ, ਕੈਨੇਡਾ, ਜਰਮਨੀ, ਫਰਾਂਸ, ਇਟਲੀ, ਆਸਟਰੇਲੀਆ, ਨਿਊਜ਼ੀਲੈਂਡ ਵਿੱਚ ਰੈਲੀਆਂ ਕੀਤੀਆਂ ਜਾਣਗੀਆਂ ਤੇ ਬਰਤਾਨਵੀ ਸੰਸਦ ਵਿੱਚ ਮਤਾ ਪਾਸ ਕਰਨ ਲਈ ਦਬਾਅ ਪਾਇਆ ਜਾਵੇਗਾ ਕਿ ਬਰਤਾਨਵੀ ਪ੍ਰਧਾਨ ਮੰਤਰੀ ਥੈਚਰ ਦੀ ਉਸ ਕਾਰਵਾਈ ਨੂੰ ਗਲਤ ਐਲਾਨਿਆ ਜਾਵੇ।