ਦਰੋਣਾਚਾਰੀਆ ਐਵਾਰਡੀ ਪਹਿਲਵਾਨ ਸੁਖਚੈਨ ਸਿੰਘ ਚੀਮਾ ਦੀ ਸੜਕ ਹਾਦਸੇ ‘ਚ ਮੌਤ

ਪਟਿਆਲਾ, 11 ਜਨਵਰੀ – ਦਰੋਣਾਚਾਰੀਆ ਐਵਾਰਡੀ ਪਹਿਲਵਾਨ ਸੁਖਚੈਨ ਸਿੰਘ ਚੀਮਾ ਦੀ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ। ਉਹ 67 ਸਾਲਾ ਦੇ ਸਨ। ਇਹ ਹਾਦਸਾ ਕੱਲ੍ਹ ਦੇਰ ਸ਼ਾਮ ਵਾਪਰਿਆ ਸੀ, ਜਦੋਂ ਉਨ੍ਹਾਂ ਦੀ ਕਾਰ ਇਕ ਹੋਰ ਕਾਰ ਨਾਲ ਟਕਰਾ ਗਈ। ਚੀਮਾ ਹਿੰਦ ਕੇਸਰੀ ਤੇ ਪਟਿਆਲਾ ਰਿਆਸਤ ਦੇ ਦਰਬਾਰੀ ਤੇ ਨਾਮੀ ਪਹਿਲਵਾਨ ਰਹੇ ਸਵਰਗੀ ਉਲੰਪੀਅਨ ਕੇਸਰ ਸਿੰਘ ਦੇ ਪੁੱਤਰ ਸਨ। 21 ਜੂਨ 1950 ਨੂੰ ਮਾਤਾ ਕਰਤਾਰ ਕੌਰ ਦੀ ਕੁੱਖੋਂ ਜੰਮੇ ਸੁਖਚੈਨ ਨੂੰ ਕੁਸ਼ਤੀ ਦੀ ਗੁੜ੍ਹਤੀ ਘਰੋਂ ਹੀ ਮਿਲੀ ਸੀ। ਸੁਖਚੈਨ ਸਿੰਘ ਚੀਮਾ ਨੇ ਕੁਸ਼ਤੀ ਦੇ ਖੇਤਰ ਵਿੱਚ ਕਈ ਐਵਾਰਡਾਂ ਤੇ ਸਨਮਾਨਾਂ ਸਮੇਤ 1974 ‘ਚ ਤਹਿਰਾਨ ਏਸ਼ੀਆਈ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਭਾਰਤ ਸਰਕਾਰ ਵੱਲੋਂ ਸੁਖਚੈਨ ਸਿੰਘ ਚੀਮਾ ਨੂੰ ਕੋਚ ਵਜੋਂ ਵਧੀਆ ਯੋਗਦਾਨ ਨਿਭਾਉਣ ਬਦਲੇ 2003 ਵਿੱਚ ‘ਦਰੋਣਾਚਾਰੀਆ ਐਵਾਰਡ’ ਦਿੱਤਾ ਗਿਆ ਸੀ। ਉਹ ਇੱਥੇ ‘ਰੁਸਤਮ ਏ ਹਿੰਦ ਕੇਸਰ ਸਿੰਘ ਚੀਮਾ’ ਦੇ ਨਾਮ ਹੇਠ ਅਖਾੜਾ ਚਲਾ ਰਹੇ ਸਨ। 1994 ‘ਚ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੇ ਸੁਖਚੈਨ ਨੂੰ ‘ਰੁਸਤਮ ਪਹਿਲਵਾਨ’ ਦੇ ਖ਼ਿਤਾਬ ਨਾਲ ਸਨਮਾਨਿਆ। ਕੁਸ਼ਤੀ ‘ਚ ਹੋਰ ਮਜ਼ਬੂਤ ਹੋਣ ਲਈ ਸੁਖਚੈਨ ਨੇ 1971 ‘ਚ ਐਨ.ਆਈ.ਐੱਸ.ਪਟਿਆਲਾ ਤੋਂ ਕੁਸ਼ਤੀ ਦਾ ਡਿਪਲੋਮਾ ਵੀ ਕੀਤਾ। ਸੁਖਚੈਨ ਚੀਮਾ ਆਪਣੇ ਜੀਵਨ ‘ਚ ਜਿੱਥੇ ਆਪ ਪਹਿਲਵਾਨੀ ਖੇਤਰ ‘ਚ ਚਮਕੇ ਉੱਥੇ ਆਪਣੇ ਪੁੱਤਰ ਭਾਰਤ ਕੇਸਰੀ ਪਲਵਿੰਦਰ ਚੀਮਾ ਲਈ ਬਤੌਰ ਇੱਕ ਸਫਲ ਕੋਚ ਵੀ ਸਾਬਿਤ ਹੋਏ। ਸੁਖਚੈਨ ਦੀ ਬੇਵਕਤੀ ਮੌਤ ਦੇਸ਼ ਦੇ ਕੁਸ਼ਤੀ ਜਗਤ ਲਈ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ।