ਦਸੂਹਾ ਜ਼ਿਮਨੀ ਚੋਣ ‘ਚ 3 ਉਮੀਦਵਾਰ ਦਾ ਮੁਕਾਬਲਾ

ਚੰਡੀਗੜ੍ਹ – 11 ਜੁਲਾਈ ਨੂੰ ਪੰਜਾਬ ਵਿਧਾਨ ਸਭਾ ਦੇ ਹਲਕਾ ਦਸੂਹਾ ਵਿੱਚ ਹੋਣ ਵਾਲੀ ਜ਼ਿਮਨੀ ਚੋਣ ਲਈ 3 ਉਮੀਦਵਾਰ ਹੀ ਮੈਦਾਨ ਵਿੱਚ ਨਿੱਤਰੇ ਹਨ। ਮੁੱਖ ਚੋਣ ਅਫਸਰ ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਇਹ ਤਿੰਨ ਉਮੀਦਵਾਰ ਭਾਜਪਾ ਦੀ ਬੀਬੀ ਸੁਖਜੀਤ ਕੌਰ ਸਾਹੀ, ਕਾਂਗਰਸ ਦੇ ਅਰੁਣ ਡੋਗਰਾ ਅਤੇ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਭੁਪਿੰਦਰ ਸਿੰਘ ਹਨ। ਪਹਿਲਾਂ ਜਦ ਕਿ ਪੰਜ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗ਼ਜ਼ ਦਾਖਲ ਕੀਤੇ ਸਨ, ਜਿਨ੍ਹਾਂ ‘ਚੋਂ 2 ਉਮੀਦਵਾਰਾਂ ਨੇ ਅੱਜ ਆਪਣੇ ਕਾਗ਼ਜ਼ ਵਾਪਸ ਲੈ ਲਏ। ਇਹ ਦੋਵੇਂ ਹੀ ਭਾਜਪਾ ਤੇ ਕਾਂਗਰਸ ਦੇ ਕਵਰਿੰਗ ਉਮੀਦਵਾਰ ਸਨ। ਬੁਲਾਰੇ ਨੇ ਕਿਹਾ ਕਿ ਵੋਟਾਂ ਬਿਜਲਈ ਮਸ਼ੀਨਾਂ ਰਾਹੀਂ ਪੈਣਗੀਆਂ। ਸਰਕਾਰੀ ਤੌਰ ‘ਤੇ 14 ਜੁਲਾਈ ਨੂੰ ਨਤੀਜੇ ਦਾ ਐਲਾਨ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ 14ਵੀਂ ਪੰਜਾਬ ਵਿਧਾਨ ਸਭਾ ਦੀ ਇਹ ਪਹਿਲੀ ਜ਼ਿਮਨੀ ਚੋਣ ਹੈ, ਜਿਸ ਵਿੱਚ ਪ੍ਰਮੁੱਖ ਤੌਰ ‘ਤੇ ਸਿੱਧੀ ਟੱਕਰ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਵਿਚਾਲੇ ਹੈ। ਇਹ ਜ਼ਿਮਨੀ ਚੋਣ ਭਾਜਪਾ ਦੇ ਸ. ਅਮਰਜੀਤ ਸਿੰਘ ਸਾਹੀ ਦੀ ਅਚਾਨਕ ਮੌਤ ਹੋ ਜਾਣ ਦੇ ਕਾਰਨ ਹੋ ਰਹੀ ਹੈ।