ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅਮਰੀਕਾ ਦੇ ਵਿਸਕੋਂਸਿਨ ਗੁਰਦੁਆਰੇ ਦੇ ਸ਼ਹੀਦਾਂ ਲਈ ਅਰਦਾਸ

ਅਮਰੀਕਾ ਦੀ ਭਾਰਤ ਸਥਿਤ ਰਾਜਦੂਤ ਮੈਡਮ ਨੈਨਸੀ ਪਾਵੈਲ ਨੇ ਹਾਜ਼ਰੀ ਭਰੀ
ਨਵੀਂ ਦਿੱਲੀ – 7 ਅਗਸਤ ਦਿਨ ਮੰਗਲਵਾਰ ਨੂੰ ਅਮਰੀਕਾ ਦੇ ਵਿਸਕੋਂਸਿਨ ਗੁਰਦੁਆਰੇ ਪੁਰ ਹੋਈ ਗੋਲੀਬਾਰੀ ਵਿੱਚ ਮਾਰੇ ਗਏ ਸਿਖਾਂ ਪ੍ਰਤੀ ਸ਼ਰਧਾਂਜਲੀ ਭੇਂਟ ਕਰਨ ਲਈ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵਿਸ਼ੇਸ਼ ਅਰਦਾਸ ਕੀਤੀ ਗਈ। ਅਮਰੀਕਾ ਦੀ ਭਾਰਤ ਸਥਿਤ ਰਾਜਦੂਤ ਮੈਡਮ ਨੈਨਸੀ ਪਾਵੈਲ ਨੇ ਇਸ ਮੌਕੇ ‘ਤੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਨੇ ਗੁਰਦੁਆਰਾ ਕਮੇਟੀ ਵਲੋਂ ਇਕ ਮੰਗ ਪੱਤਰ ਮੈਡਮ ਨੈਨਸੀ ਪਾਵੈਲ ਨੂੰ ਸੌਂਪਦਿਆਂ ਹੋਇਆਂ, ਜਿਥੇ ਉਨ੍ਹਾਂ ਦੇ ਇਸ ਮੌਕੇ ‘ਤੇ ਹਾਜ਼ਰੀ ਭਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਉਥੇ ਹੀ ਸਮੇਂ ਸਿਰ ਤੇ ਤੁਰੰਤ ਕਾਰਵਾਈ ਕਰ ਅਮਰੀਕਾ ਸਰਕਾਰ ਵਲੋਂ ਸਿਖਾਂ ਦੀ ਸੁਰੱਖਿਆ ਨਿਸ਼ਚਿਤ ਕਰਨ ਤੇ ਹਮਲਾਵਰ ਨੂੰ ਮਾਰ ਮੁਕਾਉਣ ਦੇ ਚੁੱਕੇ ਗਏ ਕਦਮਾਂ ਲਈ ਅਮਰੀਕਾ ਸਰਕਾਰ ਤੇ ਰਾਸ਼ਟਰਪਤੀ ਓਬਾਮਾ ਦੀ ਪ੍ਰਸੰਸਾ ਕੀਤੀ। ਉਨ੍ਹਾਂ ਇਸ ਪੱਤਰ ਵਿੱਚ ਮੰਗ ਕੀਤੀ ਕਿ ਗੁਰਦੁਆਰਾ ਸਾਹਿਬ ‘ਤੇ ਹੋਏ ਹਮਲੇ ਦੇ ਪਿੱਛੇ ਕੰਮ ਕਰ ਰਹੀਆਂ ਸ਼ਕਤੀਆਂ ਤੇ ਉਨ੍ਹਾਂ ਦੀ ਸਾਜ਼ਿਸ਼ ਉਜਾਗਰ ਕੀਤੀ ਜਾਏ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਅਮਰੀਕਾ ਸਰਕਾਰ ਦੋਸ਼ੀਆਂ ਵਿਰੁੱਧ ਤੇਜ਼ੀ ਨਾਲ ਕਾਰਵਾਈ ਕਰ ਉਨ੍ਹਾਂ ਨੂੰ ਸਜ਼ਾ ਦਿੱਤੇ ਜਾਣ ਦੀ ਆਪਣੀ ਪਰੰਪਰਾ ਬਖ਼ੂਬੀ ਨਿਭਾਉਣ ਵਿੱਚ ਸਫਲ ਹੋਵੇਗੀ।
ਇਸ ਮੌਕੇ ‘ਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ. ਤਰਸੇਮ ਸਿੰਘ ਨੇ ਇਸ ਘਟਨਾ ਵਿੱਚ ਮਾਰੇ ਗਏ ਸਿਖਾਂ ਪ੍ਰਤੀ ਸ਼ਰਧਾਂਜਲੀ ਭੇਂਟ ਕਰਦਿਆਂ ਤੇ ਜ਼ਖ਼ਮੀ ਹੋਇਆਂ ਦੇ ਤੁਰੰਤ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਉਨ੍ਹਾਂ ਇਸ ਘਟਨਾ ਸੰਬੰਧੀ ਮਿਲੀ ਸਮੁੱਚੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ। ਸ. ਤਰਸੇਮ ਸਿੰਘ ਨੇ ਕਿਹਾ ਕਿ ਅਮਰੀਕਾ ਵਿੱਚ ਵਸਦੇ ਸਿਖ ਨਾ ਕੇਵਲ ਉਥੋਂ ਦੇ ਸਮਾਜ ਦਾ ਇਕ ਵਿਸ਼ੇਸ਼ ਅੰਗ ਅਤੇ ਸਨਮਾਨਿਤ ਨਾਗਰਿਕ ਹਨ, ਸਗੋਂ ਉਹ ਆਪਣੀ ਮਿਹਨਤ ਨਾਲ ਅਮਰੀਕਾ ਦੀ ਆਰਥਿਕਤਾ ਵਿੱਚ ਵੀ ਮਹੱਤਵਪੂਰਣ ਯੋਗਦਾਨ ਪਾ ਰਹੇ ਹਨ। ਉਨ੍ਹਾਂ ਦਸਿਆ ਕਿ ਅਮਰੀਕਾ ਵਿੱਚ ਵਸਦੇ ਸਿਖ ਉਥੋਂ ਦੀਆਂ ਵੱਖ-ਵੱਖ ਸਟੇਟਾਂ ਦੀ ਸੱਤਾ ਦਾ ਹਿੱਸਾ ਬਣ ਵਰਣਨਯੋਗ ਭੂਮਿਕਾ ਨਿਭਾ ਰਹੇ ਹਨ।
ਦੁਪਹਿਰ ਬਾਅਦ ਸ. ਹਰਵਿੰਦਰ ਸਿੰਘ ਸਰਨਾ ਦੀ ਅਗਵਾਈ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁਖੀਆਂ ਨੇ ਵਿਸਕੋਂਸਿਨ ਗੁਰਦੁਆਰੇ ਪੁਰ ਹੋਈ ਗੋਲੀਬਾਰੀ ਦੌਰਾਨ ਮਾਰੇ ਗਏ ਦਿੱਲੀ ਦੇ ਸਿੱਖਾਂ, ਭਾਈ ਰਣਜੀਤ ਸਿੰਘ ਤੇ ਭਾਈ ਸੀਤਾ ਸਿੰਘ ਅਤੇ ਜ਼ਖ਼ਮੀ ਹੋਏ ਸਿਖਾਂ ਦੇ ਘਰ ਪੁੱਜ ਕੇ ਉਨ੍ਹਾਂ ਦੇ ਪਰਿਵਾਰਾਂ ਨਾਲ ਦੁਖ ਸਾਂਝਾ ਕੀਤਾ। ਇਸ ਮੌਕੇ ‘ਤੇ ਸ. ਹਰਵਿੰਦਰ ਸਿੰਘ ਸਰਨਾ ਨੇ ਮਾਰੇ ਗਏ ਸਿਖਾਂ ਦੇ ਪਰਿਵਾਰਾਂ ਨੂੰ ਗੁਰਦੁਆਰਾ ਕਮੇਟੀ ਵਲੋਂ ਇਕ-ਇਕ ਲੱਖ ਰੁਪਿਆ ਸਹਾਇਤਾ ਵਜੋਂ ਦੇਣ ਅਤੇ ਪਰਿਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਸਿਖਿਆ ਦੁਆਉਣ ਦੇ ਪ੍ਰਬੰਧ ਕੀਤੇ ਜਾਣ ਦਾ ਭਰੋਸਾ ਦੁਆਇਆ।