ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਦੀ ਮੌਤ 

ਟੋਕਿਓ, 21 ਜਨਵਰੀ – ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਦਾ ਉੱਤਰੀ ਜਾਪਾਨ ਸਥਿਤ ਉਨ੍ਹਾਂ ਦੇ ਘਰ ਵਿੱਚ ਮੌਤ ਹੋ ਗਈ। ਉਹ 113 ਸਾਲ  ਦੇ ਸਨ। ਉਨ੍ਹਾਂ ਦੇ ਪਰਵਾਰ ਨੇ ਦੱਸਿਆ ਕਿ ਮਸਾਜੋ ਨੋਨਾਕਾ ਦੀ ਮੌਤ 20 ਜਨਵਰੀ ਦਿਨ ਐਤਵਾਰ ਨੂੰ ਤੜਕੇ ਓਸ਼ੋਰੇ ਸਥਿਤ ਉਨ੍ਹਾਂ ਦੇ ਘਰ ਵਿੱਚ ਹੋਈ। ਇਹ ਸਥਾਨ ਜਾਪਾਨ ਦੇ ਉੱਤਰ ਵਿੱਚ ਸਥਿਤ ਹੋਕਾਈਦੋ ਦੇ ਮੁੱਖ ਟਾਪੂ ਵਿੱਚ ਮੌਜੂਦ ਹੈ।  
ਗੌਰਤਲਬ ਹੈ ਕਿ ਮਸਾਜੋ ਦਾ ਪਰਵਾਰ ਪਿਛਲੇ ਚਾਰ ਪੀੜੀਆਂ ਤੋਂ ‘ਹਾਟ ਸਪ੍ਰਿੰਗ ਇੰਨ’ ਚਲਾਉਂਦਾ ਆ ਰਿਹਾ ਹੈ। ਮਸਾਜੋ ਨੂੰ 2018 ਵਿੱਚ 112 ਸਾਲ ਅਤੇ 259 ਦਿਨ ਪੂਰੇ ਕਰਨ ਉੱਤੇ ਦੁਨੀਆ ਦੇ ਸਭ ਤੋਂ ਜ਼ਿਆਦਾ ਉਮਰ ਦੇ ਜਿਉਂਦੇ ਵਿਅਕਤੀ ਦਾ ਪ੍ਰਮਾਣ ਪੱਤਰ ‘ਗਿੰਨੀਸ ਬੁੱਕ ਆਫ਼ ਵਰਲਡ’ ਰਿਕਾਰਡ ਦੇ ਵੱਲੋਂ ਦਿੱਤਾ ਗਿਆ ਸੀ। ਮਸਾਜੋ ਦਾ ਜਨਮ 25 ਜੁਲਾਈ, 1905 ਨੂੰ ਹੋਇਆ ਸੀ।  
ਏਬੀਸੀ ਨਿਊਜ਼ ਦੇ ਮੁਤਾਬਿਕ ਉਨ੍ਹਾਂ ਦਾ 106 ਸਾਲ ਪੁਰਾਣਾ ਹਾਟ ਸਪ੍ਰਿੰਗ ਇੰਨ ਉਨ੍ਹਾਂ ਦੀ ਪੋਤੀ ਯੂਕੋ ਚਲਾਉਂਦੀ ਹੈ। ਯੂਕੋ ਦੇ ਮੁਤਾਬਿਕ ਐਤਵਾਰ ਨੂੰ ਉਨ੍ਹਾਂ ਦੇ ਦਾਦਾ ਆਮ ਜਿਹੇ ਨਜ਼ਰ ਆ ਰਹੇ ਸਨ, ਪਰ ਉਨ੍ਹਾਂ ਦੀ ਵੱਡੀ ਭੈਣ ਨੇ ਮਹਿਸੂਸ ਕੀਤਾ ਕਿ ਉਹ ਸਾਹ ਨਹੀਂ ਲੈ ਰਹੇ ਹਨ। ਇਸ ਦੇ ਬਾਅਦ ਫੈਮਲੀ ਡਾਕਟਰ ਨੂੰ ਬੁਲਾਇਆ ਗਿਆ ਜਿਨ੍ਹਾਂ ਨੇ ਮਸਾਜੋ ਨੂੰ ਮ੍ਰਿਤ ਐਲਾਨ ਦਿੱਤਾ।  
ਪਰਵਾਰ ਦੇ ਮੁਤਾਬਿਕ ਮਸਾਜੋ ਨੂੰ ਮਿੱਠਾ ਖਾਣਾ ਬਹੁਤ ਪਸੰਦ ਸੀ। ਮਸਾਜੋ ਦੇ ਸਾਰੇ ਸੱਤ ਭਰਾ-ਭੈਣਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇੱਥੇ ਤੱਕ ਕਿ ਉਨ੍ਹਾਂ ਦੀ ਪਤਨੀ ਅਤੇ ਪੰਜ ਵਿੱਚੋਂ ਚਾਰ ਬੱਚੀਆਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ