‘ਦੂਜੀਆਂ ਐਨਜ਼ੈੱਡ ਸਿੱਖ ਖੇਡਾਂ’ ਦਾ ਉਦਘਾਟਨ 28 ਨਵੰਬਰ ਨੂੰ ਸਵੇਰੇ 10 ਵਜੇ

ਆਕਲੈਂਡ, 27 ਨਵੰਬਰ – ਦੂਜੀਆਂ ਨਿਊਜ਼ੀਲੈਂਡ ਸਿੱਖ ਗੇਮਜ਼ 28 ਅਤੇ 29 ਨਵੰਬਰ ਨੂੰ ਆਕਲੈਂਡ ਦੇ ਬਰੂਸ ਪੁਲਮਨ ਪਾਰਕ ਟਾਕਾਨੀਕੀ ਦੇ ਖੇਡ ਮੈਦਾਨ ਵਿਖੇ ਕਰਵਾਈਆਂ ਜਾ ਰਹੀਆਂ ਹਨ। ਐਨਜ਼ੈੱਡਐੱਸਜੀ ਦੇ ਪ੍ਰਬੰਧਕਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ 28 ਨਵੰਬਰ ਦਿਨ ਸ਼ਨੀਵਾਰ ਨੂੰ ਖੇਡਾਂ ਦਾ ਉਦਘਾਟਨ ਸਵੇਰੇ 10 ਵਜੇ ਬਰੂਸ ਪੁਲਮਨ ਪਾਰਕ ਟਾਕਾਨੀਕੀ ਵਿਖੇ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਖੇਡਾਂ ਦੇ ਸੰਬੰਧ ਵਿੱਚ ਸਾਰੀਆਂ ਤਿਆਰੀਆਂ ਲਗਭਗ ਪੂਰੀਆਂ ਹੋ ਗਈ ਹਨ ਅਤੇ ਉਨ੍ਹਾਂ ਦਰਸ਼ਕਾਂ ਨੂੰ ਸਵੇਰੇ 9.45 ਤੱਕ ਪਹੁੰਚਣ ਦੀ ਬੇਨਤੀ ਕੀਤੀ ਹੈ ਤਾਂ ਜੋ ਸਮਾਗਮ ਸਮੇਂ ਸਿਰ ਸ਼ੁਰੂ ਕੀਤਾ ਜਾ ਸਕੇ। ਪਰੇਡ ਸਮੇਂ ਸ਼ਾਮਿਲ ਹੋਣ ਵਾਲੇ ਕਲੱਬ ਆਪਣੇ-ਆਪਣੇ ਕਲੱਬ ਦਾ ਬੈਨਰ ਜ਼ਰੂਰ ਲਿਆਉਣ। ਉਨ੍ਹਾਂ ਕਿਹਾ ਕਿ ਖੇਡਾਂ ਦੀ ਉਦਘਾਟਨੀ ਪਰੇਡ ਵਿੱਚ ਹਿੱਸਾ ਲੈਣ ਵਾਲੇ ਬੱਚੇ, ਖਿਡਾਰੀ ਅਤੇ ਹੋਰ ਸੱਜਣ 9 ਵਜੇ ਤੋਂ ਪਹਿਲਾਂ ਦੀ ਖੇਚਲ ਕਰਨ।
ਐਨਜ਼ੈੱਡਐੱਸਜੀ ਦੇ ਪ੍ਰਬੰਧਕਾਂ ਨੇ ਕੋਰੋਨਾ ਵਾਇਰਸ ਮਹਾਂਮਾਰੀ ਕਰਕੇ ਖੇਡ ਮੈਦਾਨ ਵਿੱਚ ਆਉਣ ਵਾਲੇ ਸਾਰੇ ਖਿਡਾਰੀ ਤੇ ਦਰਸ਼ਕ ਕੋਵਿਡ -19 ਟਰੇਸਰ ਕੋਡ ਵੀ ਜ਼ਰੂਰ ਸਕੈਨ ਕਰਨ। ਦੂਜੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦੀ ਕਵਰੇਜ ਵੱਖ-ਵੱਖ ਮੀਡੀਆ ਅਦਾਰਿਆਂ ਵੱਲੋਂ ਆਪਣੇ-ਆਪਣੇ ਸਾਧਨਾਂ ਦੁਆਰਾ ਕੀਤੀ ਜਾਏਗੀ। ਇਨ੍ਹਾਂ ਖੇਡਾਂ ਸੰਬੰਧੀ ਤੁਸੀਂ ਨਿਊਜ਼ੀਲੈਂਡ ਸਿੱਖ ਗੇਮਜ਼ ਦੀ ਵੈੱਬਸਾਈਟ (www.nzsikhgames.org) ਉੱਤੇ ਜਾ ਕੇ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।